ਜ਼ਮੀਨ ਸੌਦੇ ਵਿਚ 28 ਕਰੋੜ ਰੁਪਏ ਦਾ ਘੁਟਾਲਾ
ਚੰਡੀਗੜ੍ਹ/ਬਿੳੂਰੋ ਨਿੳੂਜ਼
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੀ ਰਡਾਰ ’ਤੇ ਹੁਣ ਕਾਂਗਰਸ ਦੇ ਸਾਬਕਾ ਮੰਤਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਵੀ ਆ ਗਏ ਹਨ। ਉਨ੍ਹਾਂ ਦੇ ਨਾਲ ਹੀ ਦੋ ਆਈਏਐਸ ਅਫਸਰਾਂ ’ਤੇ ਵੀ ਕਾਰਵਾਈ ਦੀ ਤਿਆਰੀ ਹੈ। ਇਨ੍ਹਾਂ ’ਤੇ ਅੰਮਿ੍ਰਤਸਰ ਵਿਚ ਜ਼ਮੀਨ ਦੀ ਸੌਦੇਬਾਜ਼ੀ ਵਿਚ 28 ਕਰੋੜ ਰੁਪਏ ਦੇ ਘਪਲੇ ਦਾ ਆਰੋਪ ਹੈ। ਮੌਜੂਦਾ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਸਦੀ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪ ਦਿੱਤੀ ਹੈ। ਮੰਤਰੀ ਧਾਲੀਵਾਲ ਨੇ ਕਿਹਾ ਕਿ ਇਸ ਵਿਚ ਸਾਬਕਾ ਮੰਤਰੀ ਅਤੇ ਦੋ ਆਈ.ਏ.ਐਸ. ਦੇ ਨਾਮ ਆਉਣ ਕਰਕੇ ਕਾਰਵਾਈ ਕਰਨਾ ਮੇਰੇ ਅਧਿਕਾਰ ਖੇਤਰ ਵਿਚ ਨਹੀਂ ਹੈ ਅਤੇ ਇਸ ਲਈ ਇਹ ਮਾਮਲਾ ਮੁੱਖ ਮੰਤਰੀ ਨੂੰ ਸੌਂਪਿਆ ਗਿਆ ਹੈ। ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਅੰਮਿ੍ਰਤਸਰ ਦੇ ਪਿੰਡ ਭਗਤੂਪੁਰਾ ਵਿਚ ਪੰਚਾਇਤ ਨੇ ਇਕ ਕੰਪਨੀ ਨੂੰ ਜ਼ਮੀਨ ਵੇਚੀ ਸੀ। ਸਰਕਾਰ ਬਣਦੇ ਹੀ ਇਸ ਵਿਕਰੀ ਵਿਚ ਕਰੋੜਾਂ ਰੁਪਏ ਦੀ ਗੜਬੜੀ ਦਾ ਸ਼ੱਕ ਹੋਇਆ। ਧਾਲੀਵਾਲ ਹੋਰਾਂ ਦੱਸਿਆ ਕਿ ਉਨ੍ਹਾਂ ਨੇ 20 ਮਈ ਨੂੰ ਇਸ ਸਬੰਧੀ ਤਿੰਨ ਮੈਂਬਰੀ ਕਮੇਟੀ ਬਣਾਈ। ਜਿਸਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਸੀਐਮ ਨੂੰ ਸੌਂਪ ਦਿੱਤੀ ਗਈ ਹੈ। ਉਧਰ ਦੂਜੇ ਪਾਸੇ ਕਾਂਗਰਸ ਦੇ ਸਾਬਕਾ ਮੰਤਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਝੂਠੇ ਆਰੋਪ ਲਗਾਏ ਜਾ ਰਹੇ ਹਨ।