ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਿਆ ਕਠਪੁਤਲੀ ਮੁੱਖ ਮੰਤਰੀ
ਕਿਹਾ : ਮੁੱਖ ਮੰਤਰੀ ਮਾਨ ਕੇਜਰੀਵਾਲ ਦੀ ਚਾਪਲੂਸੀ ਛੱਡ ਕੇ ਪੰਜਾਬ ਵੱਲ ਧਿਆਨ ਦੇਣ
ਬਠਿੰਡਾ/ਬਿਊਰੋ ਨਿਊਜ਼ :
ਪੰਜਾਬ ਦੇ ਜ਼ਿਲ੍ਹਾ ਬਠਿੰਡਾ ’ਚ ਸਵੇਰੇ ਮੰਦਰ ਜਾ ਰਹੀ ਮਹਿਲਾ ਦੀਆਂ ਦੋ ਝਪਟਮਾਰਾਂ ਨੇ ਕੰਨਾਂ ’ਚੋਂ ਧੱਕੇ ਨਾਲ ਬਾਲੀਆਂ ਲਾਹ ਲਈਆਂ। ਇਸ ਘਟਨਾ ਤੋਂ ਥੋੜ੍ਹੀ ਦੇਰ ਬਾਅਦ ਹੀ ਇਸ ਦਾ ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਪੰਜਾਬ ਦੇ ਲਾਅ ਐਂਡ ਆਰਡਰ ਦੀ ਸਥਿਤੀ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਐਕਸ ’ਤੇ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ’ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਗਈ ਹੈ। ਹੱਤਿਆਂਵਾਂ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਜ਼ਮੀਨਾਂ ’ਤੇ ਕਬਜ਼ੇ, ਗੈਰਕਾਨੂੰਨੀ ਮਾਈਨਿੰਗ ਅਤੇ ਝਪਟਮਾਰੀ ਵਰਗੀਆਂ ਘਟਨਾਵਾਂ ਰੋਜ਼ਮੱਰਾ ਦੀ ਗੱਲ ਬਣ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀ ਇਹ ਸਥਿਤੀ ਧਿਆਨ ਮੰਗਦੀ ਹੈ ਪ੍ਰੰਤੂ ਕਠਪੁਤਲੀ ਮੁੱਖ ਮੰਤਰੀ ਆਪਣੇ ਦਿੱਲੀ ਵਾਲੇ ਬੌਸ ਅਰਵਿੰਦ ਕੇਜਰੀਵਾਲ ਦੇ ਡਰਾਈਵਰ ਦੀ ਭੂਮਿਕਾ ਨਿਭਾਉਣ ’ਚ ਰੁੱਝੇ ਹੋਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਕੇਜਰੀਵਾਲ ਦੀ ਚਾਪਲੂਸੀ ਛੱਡ ਕੇ ਪੰਜਾਬ ਵੱਲ ਧਿਆਨ ਦੇਣ। ਉਧਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਸ਼ੋਸ਼ਲ ਮੀਡੀਆ ਐਕਸ ’ਤੇ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ ‘ਚੇਨ ਸਨੈਚਿੰਗ, ਜਬਰਨ ਵਸੂਲੀ ਅਤੇ ਕਤਲ ਪੰਜਾਬ ਵਿਚ ਆਮ ਜਿਹੀ ਗੱਲ ਬਣ ਗਈ ਹੈ। ਪ੍ਰੰਤੂ ਸੂਬੇ ਦੇ ਗ੍ਰਹਿ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਡੂੰਘੀ ਨੀਂਦ ਵਿਚ ਹਨ। ਸਿੱਧੂ ਨੇ ਕਿਹਾ ਕਿ ਇਹ ਮਾਨਸਿਕਤਾ ਪੰਜਾਬ ਦੇ ਲੋਕਤੰਤਰ ਲਈ ਕਿਆਮਤ ਦਾ ਦਿਨ ਸਾਬਤ ਹੋਵੇਗੀ।