ਮੰਜੇ ‘ਤੇ ਬੈਠ ਕੇ ਕਿਸਾਨਾਂ ਨਾਲ ਕੀਤੀਆਂ ਗੱਲਾਂ
ਚੀਮਾ ਮੰਡੀ : ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਆਪਣੇ ਪਿੰਡ ਸਤੌਜ ਵਿੱਚ ਪਿੰਡ ਦੀ ਸੱਥ ਵਿੱਚ ਮੰਜਿਆਂ ‘ਤੇ ਬੈਠ ਕੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਝੋਨੇ ਦੀ ਸਿੱਧੀ ਬਿਜਾਈ ਲਈ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਹਰ ਕਿਸਾਨ ਨੂੰ 15 ਸੌ ਰੁਪਏ ਪ੍ਰਤੀ ਏਕੜ ਦੇਣ ਦਾ ਐਲਾਨ ਕੀਤਾ ਹੈ। ਸਰਕਾਰ ਝੋਨੇ ਦੇ ਬਦਲ ਦਾ ਪੱਕਾ ਪ੍ਰਬੰਧ ਕਰ ਰਹੀ ਹੈ ਤੇ ਓਨਾ ਚਿਰ ਕਿਸਾਨ ਸਿੱਧੀ ਬਿਜਾਈ ਦਾ ਤਜਰਬਾ ਕਰਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੋਲ 10 ਏਕੜ ਜ਼ਮੀਨ ਹੈ, ਉਹ ਘੱਟ ਤੋਂ ਘੱਟ ਪੰਜ ਏਕੜ ਰਕਬਾ ਝੋਨੇ ਦੀ ਸਿੱਧੀ ਬਿਜਾਈ ਕਰਨ। ਪਿੰਡ ਸਤੌਜ ਦੇ ਕਿਸਾਨ ਜਗਰਾਜ ਸਿੰਘ ਨੇ ਕਿਹਾ ਕਿ ਉਸ ਨੇ ਪਿਛਲੀ ਵਾਰ ਪੰਜ ਏਕੜ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ। ਉਸ ਦਾ ਤਜਰਬਾ ਸਫ਼ਲ ਰਿਹਾ ਪਰ ਸਿੱਧੀ ਬਿਜਾਈ ਵਿੱਚ ਨਦੀਨ ਜ਼ਿਆਦਾ ਹੁੰਦੇ ਹਨ ਤੇ ਉਨ੍ਹਾਂ ਨੂੰ ਚੰਗੇ ਨਦੀਨਨਾਸ਼ਕ ਨਹੀਂ ਮਿਲ ਰਹੇ। ਇਸ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਕਿਸੇ ਕਿਸਾਨ ਨੂੰ ਘਟੀਆ ਕਿਸਮ ਦੀ ਦਵਾਈ ਨਹੀਂ ਮਿਲੇਗੀ। ਉਨ੍ਹਾਂ ਕਿਹਾ ਕਿ ਮੂੰਗੀ ਅਤੇ ਮੱਕੀ ‘ਤੇ ਸੂਬਾ ਸਰਕਾਰ ਐੱਮਐੱਸਪੀ ਦੇਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ। ਪਾਣੀ ਵਿੱਚ ਜ਼ਹਿਰਾਂ ਘੋਲਣ ਵਾਲੀਆਂ ਫੈਕਟਰੀਆਂ ਦੇ ਮਾਲਕਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਉਹ ਦੂਸ਼ਿਤ ਪਾਣੀ ਦਰਿਆਵਾਂ ਵਿਚ ਨਾ ਸੁੱਟਣ। ਬਿਜਲੀ ਸਬੰਧੀ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਝਾਰਖੰਡ ਦੇ ਵਿੱਚ ਕੋਲੇ ਦੀ ਖਾਣ ਖ਼ਰੀਦ ਲਈ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਥਰਮਲ ਪਲਾਂਟ ਪੂਰੀ ਤਰ੍ਹਾਂ ਕੰਮ ਕਰ ਰਹੇ ਹਨ। ਇਸ ਮੌਕੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਹਲਕਾ ਵਿਧਾਇਕ ਅਮਨ ਅਰੋੜਾ, ਮੁੱਖ ਮੰਤਰੀ ਦੇ ਮਾਤਾ ਹਰਪਾਲ ਕੌਰ ਨੇ ਵੀ ਸੰਬੋਧਨ ਕੀਤਾ।