Breaking News
Home / ਪੰਜਾਬ / ਐਚ.ਐਸ. ਫੂਲਕਾ ਵੱਲੋਂ ‘ਮੇਰੀ ਜ਼ਮੀਨ, ਮੇਰੀ ਜ਼ਿੰਮੇਵਾਰੀ’ ਮੁਹਿੰਮ ਸ਼ੁਰੂ

ਐਚ.ਐਸ. ਫੂਲਕਾ ਵੱਲੋਂ ‘ਮੇਰੀ ਜ਼ਮੀਨ, ਮੇਰੀ ਜ਼ਿੰਮੇਵਾਰੀ’ ਮੁਹਿੰਮ ਸ਼ੁਰੂ

ਕਿਹਾ : ਪੰਜਾਬ ਵਿਚ ਧਰਤੀ ਬੰਜਰ ਹੋਣ ਦਾ ਖਤਰਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਸਾਉਣੀ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੀ ਵਿੱਤੀ ਮਦਦ ਦੇਣ ਦਾ ਐਲਾਨ ਕਰਨ ਤੋਂ ਬਾਅਦ ਵਕੀਲ ਐੱਚ ਐੱਸ ਫੂਲਕਾ ਨੇ ਚੰਡੀਗੜ੍ਹ ਵਿੱਚ ‘ਮੇਰੀ ਜ਼ਮੀਨ, ਮੇਰੀ ਜ਼ਿੰਮੇਵਾਰੀ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਣੀ ਦਾ ਪੱਧਰ ਹੇਠਾਂ ਡਿੱਗਣ ਕਾਰਨ ਪੰਜਾਬ ‘ਚ ਧਰਤੀ ਅਗਲੇ 25 ਸਾਲਾਂ ਵਿੱਚ ਬੰਜਰ ਹੋ ਜਾਵੇਗੀ ਜਿਸ ਦਾ ਨਤੀਜਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ।
ਉਨ੍ਹਾਂ ਨੇ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਦਾ ਢੰਗ ਬਦਲਣ ‘ਤੇ ਜ਼ੋਰ ਦਿੱਤਾ। ਫੂਲਕਾ ਨੇ ਕਿਹਾ ਕਿ ਏਐੱਸਆਰ ਵਿਧੀ ਨਾਲ ਝੋਨੇ ਦੀ ਬਿਜਾਈ ਕਰਨ ‘ਤੇ ਕਿਸਾਨਾਂ ਨੂੰ ਜਿਥੇ ਵਿੱਤੀ ਲਾਭ ਮਿਲੇਗਾ, ਉੱਥੇ ਹੀ ਝੋਨੇ ਦੀ ਬਿਜਾਈ ਵਿੱਚ 80 ਫ਼ੀਸਦ ਤੱਕ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਉਨ੍ਹਾਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ ਪੰਜਾਬ ਵਿੱਚ ਆਪਣੀ ਜ਼ਮੀਨ ਠੇਕੇ ‘ਤੇ ਦਿੱਤੀ ਹੋਈ ਹੈ, ਉਹ ਸਬੰਧਤ ਕਿਸਾਨਾਂ ਨੂੰ 50 ਡਾਲਰ (3,500 ਤੋਂ 4,000 ਰੁਪਏ) ਦੀ ਛੋਟ ਦੇਣ ਜਦਕਿ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਸੂਬਾ ਸਰਕਾਰ ਦੇਵੇਗੀ। ਇੰਜ, ਕਿਸਾਨ ਨੂੰ ਸਿੱਧੇ ਤੌਰ ‘ਤੇ ਪੰਜ ਹਜ਼ਾਰ ਰੁਪਏ ਦਾ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਏਐੱਸਆਰ ਵਿਧੀ ਬਾਰੇ ਸੂਬੇ ਦੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਜਾਵੇਗੀ।

Check Also

ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਏਅਰਪੋਰਟ ਤੋਂ ਰਾਤ ਦੀਆਂ ਫਲਾਇਟਾਂ ਵੀ ਹੋਣਗੀਆਂ ਸ਼ੁਰੂ

ਏਅਰਪੋਰਟ ਅਥਾਰਟੀ ਨੇ ਰਾਤ ਦੀਆਂ ਉਡਾਣਾਂ ਲਈ ਪੂਰੀਆਂ ਕੀਤੀਆਂ ਤਿਆਰੀਆਂ ਚੰਡੀਗੜ੍ਹ/ਬਿਊਰੋ ਨਿਊਜ਼ : ਵਿਦੇਸ਼ ਜਾਣ …