
ਡਾ. ਸਰਬਜੀਤ ਕੌਰ ਸੋਹਲ ਵੀ ਆਪਣਾ ਐਵਾਰਡ ਕਰਨਗੇ ਵਾਪਸ
ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤ ਸਰਕਾਰ ਵੱਲੋਂ ਕਿਸਾਨ ਅੰਦੋਲਨ ਪ੍ਰਤੀ ਅਪਣਾਏ ਅੜੀਅਲ ਰਵੱਈਏ ਵਿਰੁੱਧ ਰੋਸ ਪ੍ਰਗਟ ਕਰਦਿਆਂ ਪੰਜਾਬ ਦੇ ਕੌਮਾਂਤਰੀ ਪ੍ਰਸਿੱਧੀ ਹਾਸਲ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਨੇ ਭਾਰਤੀ ਖੇਡ ਸਾਹਿਤ ਦਾ ਨੈਸ਼ਨਲ ਐਵਾਰਡ ਮੋੜਨ ਦਾ ਐਲਾਨ ਕੀਤਾ ਹੈ। ਪ੍ਰਿੰਸੀਪਲ ਸਰਵਣ ਸਿੰਘ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਕਿਸਾਨਾਂ ਦੀਆਂ ਹੱਕੀ ਮੰਗਾਂ ਨਹੀਂ ਮੰਨਦੀ ਤਾਂ ਉਨ੍ਹਾਂ ਦੇ ਸੁਤੰਤਰਤਾ ਸੰਗਰਾਮੀ ਬਾਬਾ ਪਾਲਾ ਸਿੰਘ ਨੂੰ ਮਿਲਿਆ ਤਾਮਰ ਪੱਤਰ ਵੀ ਉਹ ਰਾਸ਼ਟਰਪਤੀ ਨੂੰ ਮੋੜ ਦੇਣਗੇ। ਬਾਬਾ ਪਾਲਾ ਸਿੰਘ ਦੇ ਪਰਿਵਾਰ ਨੇ ਕਿਸਾਨ ਜਥੇਬੰਦੀਆਂ ਦੀ ਹਮਾਇਤ ਕਰਨ ਦੀ ਹਾਮੀ ਭਰੀ ਹੈ। ਇਸੇ ਦੌਰਾਨ ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਨੇ ਵੀ ਕਿਸਾਨਾਂ ਦੀ ਹਮਾਇਤ ਕਰਦਿਆਂ ਰਾਸ਼ਟਰਪਤੀ ਐਵਾਰਡ ਤੇ ਇੰਦਰਾ ਗਾਂਧੀ ਐਵਾਰਡ ਮੋੜਨ ਦਾ ਕੀਤਾ ਐਲਾਨ ਹੈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਡਾ. ਸੁਰਜੀਤ ਪਾਤਰ ਤੋਂ ਇਲਾਵਾ ਬਹੁਤ ਸਾਰੀਆਂ ਸ਼ਖ਼ਸੀਅਤਾਂ ਆਪੋ-ਆਪਣੇ ਐਵਾਰਡ ਮੋੜਨ ਦਾ ਐਲਾਨ ਕਰ ਚੁੱਕੀਆਂ ਹਨ।