ਦੁਬਈ ਤੋਂ ਆਏ ਯਾਤਰੀਆਂ ਨੇ ਟਰਾਊਜ਼ਰਾਂ ਵਿਚ ਲੁਕਾ ਕੇ ਰੱਖੇ ਸਨ ਗਹਿਣੇ
ਅੰਮਿ੍ਰਤਸਰ/ਬਿਊਰੋ ਨਿਊਜ਼
ਅੰਮਿ੍ਰਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਦੋ ਵੱਖ-ਵੱਖ ਯਾਤਰੀਆਂ ਕੋਲੋਂ 800 ਗ੍ਰਾਮ ਤੋਂ ਵੱਧ ਸੋਨੇ ਦੇ ਜ਼ੇਵਰਾਤ ਬਰਾਮਦ ਕੀਤੇ ਹਨ। ਲੁਕਾ ਕੇ ਲਿਆਂਦੇ ਗਏ ਇਨ੍ਹਾਂ ਜ਼ੇਵਰਾਂ ਦੀ ਬਾਜ਼ਾਰ ਵਿੱਚ ਕੀਮਤ 94 ਲੱਖ ਰੁਪਏ ਦੇ ਕਰੀਬ ਦੱਸੀ ਗਈ ਹੈ। ਦੋਵੇਂ ਯਾਤਰੀ ਦੁਬਈ ਤੋਂ ਅੰਮਿ੍ਰਤਸਰ ਦੀ ਯਾਤਰਾ ਦੌਰਾਨ ਆਪਣੇ ਕਾਰਗੋ ਟਰਾਊਜ਼ਰ ਦੀਆਂ ਜੇਬਾਂ ਵਿੱਚ ਵਿਦੇਸ਼ ਤੋਂ ਸੋਨੇ ਦੇ ਗਹਿਣੇ ਛੁਪਾ ਕੇ ਗੈਰ-ਕਾਨੂੰਨੀ ਢੰਗ ਨਾਲ ਲਿਆਏ ਸਨ। ਬਰਾਮਦ ਕੀਤੇ ਗਏ ਸੋਨੇ ਦੇ ਗਹਿਣਿਆਂ ਵਿਚ ਚੇਨਾਂ, ਬਰੇਸਲੇਟ ਅਤੇ ਅੰਗੂਠੀਆਂ ਆਦਿ ਸ਼ਾਮਲ ਹਨ। ਇਨ੍ਹਾਂ ਗਹਿਣਿਆਂ ਨੂੰ ਅਧਿਕਾਰੀਆਂ ਨੇ ਕਸਟਮ ਐਕਟ ਤਹਿਤ ਜ਼ਬਤ ਕਰ ਲਿਆ ਹੈ। ਯਾਤਰੀਆਂ ਤੋਂ ਕੀਤੀ ਗਈ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਨੇ ਚੱਲ ਰਹੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਬਾਜ਼ਾਰ ਵਿੱਚ ਵਿਕਰੀ ਲਈ ਸੋਨੇ ਦੇ ਗਹਿਣਿਆਂ ਦੀ ਤਸਕਰੀ ਕੀਤੀ ਹੈ।