ਨਵੀਂ ਦਿੱਲੀ/ਬਿਊਰੋ ਨਿਊਜ਼
ਕਾਮਨਵੈਲਥ ਖੇਡਾਂ ਦੇ ਕਾਰਜਕਾਰੀ ਬੋਰਡ ਨੇ ਗੁਜਰਾਤ ਦੇ ਅਹਿਮਦਾਬਾਦ ਨੂੰ 2030 ’ਚ ਕਾਮਨਵੈਲਥ ਖੇਡਾਂ ਦੀ ਮੇਜ਼ਬਾਨੀ ਲਈ ਨੌਮੀਨੇਟ ਕੀਤਾ ਹੈ। ਗਲਾਸਗੋ ਵਿਚ 26 ਨਵੰਬਰ ਨੂੰ ਹੋਣ ਵਾਲੀ ਕਾਮਨਵੈਲਥ ਖੇਡਾਂ ਸਬੰਧੀ ਬੈਠਕ ਵਿਚ ਇਸ ’ਤੇ ਅੰਤਿਮ ਫੈਸਲਾ ਲਿਆ ਜਾਵੇਗਾ। ਭਾਰਤ ਨੇ ਹੁਣ ਤੱਕ ਸਿਰਫ ਇਕ ਵਾਰ 2010 ਵਿਚ ਨਵੀਂ ਦਿੱਲੀ ਵਿਖੇ ਕਾਮਨਵੈਲਥ ਖੇਡਾਂ ਦੀ ਮੇਜ਼ਬਾਨੀ ਕੀਤੀ ਹੈ। ਭਾਰਤ ਨੂੰ ਮੇਜ਼ਬਾਨੀ ਦੇ ਲਈ ਨਾਈਜੀਰੀਆ ਦੇ ਅਬੂਜਾ ਸ਼ਹਿਰ ਕੋਲੋਂ ਚੁਣੌਤੀ ਮਿਲ ਰਹੀ ਸੀ, ਪਰ ਕਾਮਨਵੈਲਥ ਐਗਜੀਕਿਊਟਿਵ ਬੋਰਡ ਨੇ 2034 ਦੀਆਂ ਖੇਡਾਂ ਦੀ ਮੇਜ਼ਬਾਨੀ ਲਈ ਨਾਈਜੀਰੀਆ ਨੂੰ ਸਹਿਯੋਗ ਦੇਣ ਦਾ ਫੈਸਲਾ ਕੀਤਾ ਹੈ। ਇਸਦੇ ਚੱਲਦਿਆਂ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਟਵੀਟ ਕਰਕੇ ਕਿਹਾ ਕਿ ਇਹ ਭਾਰਤ ਅਤੇ ਗੁਜਰਾਤ ਲਈ ਇਕ ਮਾਣ ਵਾਲਾ ਪਲ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਅਤੇ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਦਿ੍ਰਸ਼ਟੀਕੋਣ ਦਾ ਪ੍ਰਮਾਣ ਹੈ।