
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਨੇ ਅੱਜ ਬੁੱਧਵਾਰ ਨੂੰ ਸ਼ੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚਾਹ ਵੇਚਦੇ ਹੋਇਆਂ ਦਾ ਇਕ ਏ.ਆਈ. ਜਨਰੇਟਿਡ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ ਵਿਚ ਪੀਐਮ ਮੋਦੀ ਨੂੰ ਚਾਹ ਵੇਚਦੇ ਹੋਏ ਦਿਖਾਇਆ ਗਿਆ ਅਤੇ ਉਨ੍ਹਾਂ ਦੇ ਇਕ ਹੱਥ ਵਿਚ ਚਾਹ ਦੀ ਕੇਤਲੀ ਅਤੇ ਦੂਜੇ ਹੱਥ ਵਿਚ ਗਲਾਸ ਹਨ। ਇਸ ਏ.ਆਈ. ਵੀਡੀਓ ਵਿਚ ਪੀਐਮ ਲਾਲ ਕਾਰਪੈਟ ’ਤੇ ਤੁਰ ਰਹੇ ਹਨ ਅਤੇ ਭਾਰਤ ਸਣੇ ਕਈ ਦੇਸ਼ਾਂ ਦੇ ਝੰਡੇ ਵੀ ਦਿਖਾਏ ਗਏ ਹਨ। ਇਨ੍ਹਾਂ ਵਿਚ ਭਾਰਤੀ ਜਨਤਾ ਪਾਰਟੀ ਦਾ ਵੀ ਝੰਡਾ ਹੈ। ਇਸ ਵੀਡੀਓ ਨੂੰ ਕਾਂਗਰਸ ਦੇ ਬੁਲਾਰੇ ਡਾ. ਰਾਗਿਨੀ ਨਾਇਕ ਵਲੋਂ ਪੋਸਟ ਕੀਤਾ ਗਿਆ ਹੈ। ਉਧਰ ਦੂਜੇ ਪਾਸੇ ਭਾਜਪਾ ਦੇ ਬੁਲਾਰੇ ਸ਼ਹਿਜਾਦ ਪੂਨਾਵਾਲਾ ਨੇ ਇਸ ਨੂੰ ਸ਼ਰਮਨਾਕ ਦੱਸਿਆ ਹੈ। ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਕਾਂਗਰਸ ਵਲੋਂ ਪੀਐਮ ਦਾ ਏ.ਆਈ. ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਲੰਘੀ 12 ਸਤੰਬਰ ਨੂੰ ਬਿਹਾਰ ਕਾਂਗਰਸ ਨੇ ਪ੍ਰਧਾਨ ਮੰਤਰੀ ਦਾ ਇਕ ਏ.ਆਈ. ਜਨਰੇਟਿਡ ਵੀਡੀਓ ਵੀ ਪੋਸਟ ਕੀਤਾ ਸੀ।

