
ਮਾਸਕੋ/ਬਿਊਰੋ ਨਿਊਜ਼
ਰੂਸ ਦੀ ਸੰਸਦ ਦੇ ਹੇਠਲੇ ਸਦਨ ਸਟੇਟ ਡਿਊਮਾ ਨੇ ਭਾਰਤ ਅਤੇ ਰੂਸ ਵਿਚਾਲੇ ਹੋਏ ਇਕ ਸੈਨਿਕ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸਦੇ ਤਹਿਤ ਇਹ ਦੋਵੇਂ ਦੇਸ਼ਾਂ ਦੀਆਂ ਫੌਜਾਂ ਇਕ ਦੂਜੇ ਦੇ ਮਿਲਟਰੀ ਬੇਸ, ਫੈਸਿਲਟੀਜ਼ ਅਤੇ ਸੰਸਥਾਨਾਂ ਦਾ ਇਸਤੇਮਾਲ ਅਤੇ ਐਕਸਚੇਂਜ ਕਰ ਸਕਣਗੀਆਂ। ਇਹ ਦੋਵੇਂ ਦੇਸ਼ ਇਕ ਦੂਜੇ ਦੀਆਂ ਲੌਜਿਸਟਿਕ ਸਹੂਲਤਾਂ ਦਾ ਵੀ ਇਸਤੇਮਾਲ ਕਰ ਸਕਣਗੇ ਅਤੇ ਇਸ ’ਤੇ ਆਉਣ ਵਾਲਾ ਖਰਚ ਬਰਾਬਰ-ਬਰਾਬਰ ਉਠਾਇਆ ਜਾਵੇਗਾ। ਇਹ ਮਨਜ਼ੂਰੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਲੋਂ ਭਾਰਤ ਦੌਰੇ ਤੋਂ ਪਹਿਲਾਂ ਦਿੱਤੀ ਗਈ ਹੈ। ਦੱਸਣਯੋਗ ਹੈ ਇਹ ਸਮਝੌਤਾ ਇਸੇ ਸਾਲ 18 ਫਰਵਰੀ ਨੂੰ ਭਾਰਤ ਅਤੇ ਰੂਸ ਵਿਚਾਲੇ ਹੋਇਆ ਸੀ ਅਤੇ ਪਿਛਲੇ ਹਫਤੇ ਰੂਸ ਦੇ ਪ੍ਰਧਾਨ ਮੰਤਰੀ ਨੇ ਇਸ ਨੂੰ ਸੰਸਦ ਵਿਚ ਮਨਜ਼ੂਰੀ ਦੇ ਲਈ ਭੇਜਿਆ ਸੀ। ਇਸੇ ਦੌਰਾਨ ਰੂਸ ਦੀ ਸੰਸਦ ਦੇ ਸਪੀਕਰ ਨੇ ਕਿਹਾ ਕਿ ਭਾਰਤ ਅਤੇ ਰੂਸ ਦੇ ਰਿਸ਼ਤੇ ਬਹੁਤ ਮਜ਼ਬੂਤ ਹਨ ਅਤੇ ਇਹ ਸਮਝੌਤਾ ਉਨ੍ਹਾਂ ਰਿਸ਼ਤਿਆਂ ਨੂੰ ਹੋਰ ਵੀ ਬਿਹਤਰ ਬਣਾਏਗਾ।

