ਪੰਜਾਬ ਨਾਲ ਐਸਵਾਈਐਲ ਮਾਮਲੇ ’ਤੇ ਗੱਲਬਾਤ ਲਈ ਤਿਆਰ ਹਰਿਆਣਾ
ਪੰਜਾਬ ਨਾਲ ਐਸਵਾਈਐਲ ਮਾਮਲੇ ’ਤੇ ਗੱਲਬਾਤ ਲਈ ਤਿਆਰ ਹਰਿਆਣਾ
ਸੀਐਮ ਮਨੋਹਰ ਨਾਲ ਖੱਟਰ ਨੇ ਚਰਚਾ ਲਈ ਭਗਵੰਤ ਮਾਨ ਨੂੰ ਦਿੱਤਾ ਸੱਦਾ
ਚੰਡੀਗੜ੍ਹ/ਬਿਊਰੋ ਨਿਊਜ਼
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਸ ਵਾਈ ਐਲ (ਸਤਲੁਜ ਯਮੁਨਾ ਲਿੰਕ) ਨਹਿਰ ਦੀ ਉਸਾਰੀ ’ਤੇ ਚਰਚਾ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੱਦਾ ਦਿੱਤਾ ਹੈ। ਹਰਿਆਣਾ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਪਸ਼ਟ ਕੀਤਾ ਹੈ ਕਿ ਉਹ ਐਸ ਵਾਈ ਐਲ ਦੀ ਉਸਾਰੀ ਦੇ ਰਾਹ ਵਿਚ ਆਉਣ ਵਾਲੀ ਕਿਸੇ ਵੀ ਮੁਸ਼ਕਿਲ ਜਾਂ ਰੁਕਾਵਟ ਨੂੰ ਹੱਲ ਕਰਨ ਵਾਸਤੇ ਤਿਆਰ ਹਨ। ਉਹਨਾਂ ਕਿਹਾ ਕਿ ਹਰਿਆਣਾ ਦਾ ਹਰ ਨਾਗਰਿਕ ਪੰਜਾਬ ਦੇ ਹਿੱਸੇ ਦੀ ਐਸ ਵਾਈ ਐਲ ਨਹਿਰ ਦੀ ਉਸਾਰੀ ਛੇਤੀ ਮੁਕੰਮਲ ਕੀਤੇ ਜਾਣ ਦੀ ਉਡੀਕ ਕਰ ਰਿਹਾ ਹੈ। ਦਰਅਸਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੰਘੀ 4 ਅਕਤੂਬਰ ਦੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਇਕ ਦਿਨ ਪਹਿਲਾਂ ਯਾਨੀ 3 ਅਕਤੂਬਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਚਿੱਠੀ ਲਿਖੀ ਸੀ ਅਤੇ ਇਸ ਮਾਮਲੇ ਨੂੰ ਲੈ ਕੇ ਦੋਪੱਖੀ ਬੈਠਕ ਕਰਨ ਲਈ ਸਮਾਂ ਮੰਗਿਆ ਸੀ। ਇਸ ਤੋਂ ਪਹਿਲਾਂ ਇਨ੍ਹਾਂ ਦੋਵੇਂ ਮੁੱਖ ਮੰਤਰੀਆਂ ਵਿਚਾਲੇ 14 ਅਕਤੂਬਰ 2022 ਨੂੰ ਬੈਠਕ ਹੋਈ ਸੀ।