Home / ਪੰਜਾਬ / ਕੇਂਦਰ ਸਰਕਾਰ ਨੇ ਸਿੱਖ ਫੌਜੀਆਂ ਲਈ ਵਿਸ਼ੇਸ਼ ਹੈਲਮਟ ਪਹਿਨਣਾ ਕੀਤਾ ਲਾਜ਼ਮੀ

ਕੇਂਦਰ ਸਰਕਾਰ ਨੇ ਸਿੱਖ ਫੌਜੀਆਂ ਲਈ ਵਿਸ਼ੇਸ਼ ਹੈਲਮਟ ਪਹਿਨਣਾ ਕੀਤਾ ਲਾਜ਼ਮੀ

ਰੱਖਿਆ ਰਾਜ ਮੰਤਰੀ ਬੋਲੇ : ਸਿੱਖ ਫੌਜੀ ਆਪਣੀ ਧਾਰਮਿਕ ਪਛਾਣ ਤੇ ਮਰਿਆਦਾ ਨੂੰ ਕਾਇਮ ਰੱਖਦਿਆਂ ਪਟਕੇ ਉਪਰ ਬੁਲੇਟ ਪਰੂਫ ਪਟਕਾ
ਚੰਡੀਗੜ੍ਹ/ਬਿਊਰੋ ਨਿਊਜ਼ : ਸਿੱਖ ਫੌਜੀਆਂ ਲਈ ਵਿਸ਼ੇਸ਼ ਹੈਲਮਟ ਪਹਿਨਣ ਦੀ ਤਜਵੀਜ ਸਬੰਧੀ ਉੱਠੇ ਵਿਵਾਦ ਮਗਰੋਂ ਕੇਂਦਰ ਸਰਕਾਰ ਨੇ ਸੰਵੇਦਨਸ਼ੀਲ ਥਾਵਾਂ ’ਤੇ ਤਾਇਨਾਤ ਜਵਾਨਾਂ ਨੂੰ ਆਪਣੇ ਬਚਾਅ ਲਈ ਇਹ ਹੈਲਮਟ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੜਾਕੂ ਜਹਾਜਾਂ ਅਤੇ ਹੈਲੀਕਾਪਟਰਾਂ ਦੇ ਸਾਰੇ ਪਾਇਲਟ ਅਤੇ ਜਵਾਨ ਉਨ੍ਹਾਂ ਖੇਤਰਾਂ ਵਿੱਚ ਤਾਇਨਾਤ ਹਨ, ਜਿੱਥੇ ਦੁਸ਼ਮਣਾਂ ਦੇ ਹਮਲਿਆਂ ਦੀ ਸੰਭਾਵਨਾ ਹੈ ਜਾਂ ਉਹ ਮਹੱਤਵਪੂਰਨ ਥਾਵਾਂ ਦੀ ਸੁਰੱਖਿਆ ਕਰ ਰਹੇ ਹਨ। ਇਸ ਲਈ ਉਨ੍ਹਾਂ ਦੀ ਨਿੱਜੀ ਸੁਰੱਖਿਆ ਲਈ ਬੁਲੇਟ ਪਰੂਫ ਹੈਲਮਟ ਪਾਉਣਾ ਲਾਜਮੀ ਹੈ। ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਵੱਲੋਂ ਲੋਕ ਸਭਾ ਵਿੱਚ ਪੁੱਛੇ ਗਏ ਸਵਾਲ ਦਾ ਲਿਖਤੀ ਜਵਾਬ ਦਿੰਦਿਆਂ ਰੱਖਿਆ ਰਾਜ ਮੰਤਰੀ ਅਜੈ ਭੱਟ ਨੇ ਇਹ ਗੱਲ ਆਖੀ। ਉਨ੍ਹਾਂ ਸਵਾਲ ਕੀਤਾ ਸੀ ਕਿ ਕੀ ਸਰਕਾਰ ਦੀ ਸਿੱਖ ਫੌਜੀਆਂ ਲਈ ਵਿਸ਼ੇਸ਼ ਹੈਲਮਟ ਪਹਿਨਣਾ ਲਾਜਮੀ ਕਰਨ ਦੀ ਤਜਵੀਜ ਹੈ। ਇਸ ’ਤੇ ਸ੍ਰੀ ਭੱਟ ਨੇ ਕਿਹਾ ਕਿ ਮੁਸ਼ਕਿਲ ਥਾਵਾਂ ’ਤੇ ਡਿਊਟੀ ਕਰ ਰਹੇ ਸਿੱਖ ਫੌਜੀ ਆਪਣੀ ਧਾਰਮਿਕ ਪਛਾਣ ਤੇ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਪਟਕੇ ਉਪਰ ਬੁਲੇਟ ਪਰੂਫ ਪਟਕਾ ਪਹਿਨਦੇ ਹਨ। ਟੈਂਕ ਦੇ ਹਥਿਆਰਬੰਦ ਸੈਨਿਕ ਵੀ ਵਿਸ਼ੇਸ਼ ਤਰ੍ਹਾਂ ਦਾ ਹੈਲਮਟ ਪਹਿਨਦੇ ਹਨ, ਜਿਨ੍ਹਾਂ ਵਿੱਚ ਸੰਚਾਰ ਵਾਲੇ ਯੰਤਰ ਲੱਗੇ ਹੁੰਦੇ ਹਨ।’’ ਉਨ੍ਹਾਂ ਕਿਹਾ ਕਿ ਰੱਖਿਆ ਡਿਊਟੀ ’ਤੇ ਤਾਇਨਾਤ ਜਵਾਨਾਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ। ਜਵਾਨਾਂ ਨੂੰ ਜੰਗ ਦੇ ਨਵੇਂ ਅਤੇ ਉੱਭਰ ਰਹੇ ਖਤਰਿਆਂ ਤੋਂ ਚੌਤਰਫਾ ਸੁਰੱਖਿਆ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਵਾਨਾਂ ਨੂੰ ਚੁਣੌਤੀਪੂਰਨ ਸਥਿਤੀਆਂ ਦਾ ਸਾਹਮਣਾ ਕਰਨ ਲਈ ਬੁਲੇਟ ਪਰੂਫ ਜੈਕੇਟ ਅਤੇ ਹੈਲਮਟ ਸਮੇਤ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਈ ਜਾਂਦੀ ਹੈ। ਜਦਕਿ ਇਸ ਤੋਂ ਪਹਿਲਾਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਫੌਜੀਆਂ ਲਈ ਬਣਾਏ ਗਏ ਇਸ ਵਿਸ਼ੇਸ਼ ਤਰ੍ਹਾਂ ਦੇ ਹੈਲਮਟ ਦਾ ਵਿਰੋਧ ਕੀਤਾ ਗਿਆ ਸੀ। ਐਸਜੀਪੀਸੀ ਦਾ ਕਹਿਣਾ ਸੀ ਕਿ ਸਿੱਖ ਧਰਮ ਵਿਚ ਕਿਸੇ ਤਰ੍ਹਾਂ ਦੇ ਟੋਪ ਪਹਿਨਣ ਦੀ ਸਖਤ ਮਨਾਹੀ ਹੈ।

 

Check Also

ਸੁਖਦੇਵ ਸਿੰਘ ਢੀਂਡਸਾ ਦੇ ਅਗਵਾਈ ਵਿਚ ਵਫ਼ਦ ਨੇ ਕੀਤੀ ਰਾਜਪਾਲ ਨਾਲ ਮੁਲਾਕਾਤ

ਕਿਹਾ : ਗਿ੍ਰਫ਼ਤਾਰ ਕੀਤੇ ਸਿੱਖ ਨੌਜਵਾਨਾਂ ਨੂੰ ਜਲਦੀ ਕੀਤਾ ਜਾਵੇ ਰਿਹਾਅ ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ …