ਵਿਰੋਧੀਆਂ ਭਗਵੰਤ ਮਾਨ ਸਰਕਾਰ ’ਤੇ ਚੁੱਕੇ ਸਵਾਲ
ਚੰਡੀਗੜ੍ਹ/ਬਿਊਰੋ ਨਿਊਜ਼ : ਮਰਹਮੂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਸਣੇ ਕਈ ਲੁੱਟ-ਖੋਹ ਤੇ ਫਿਰੌਤੀ ਦੀਆਂ ਘਟਨਾਵਾਂ ’ਚ ਸ਼ਾਮਲ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਜੇਲ੍ਹ ਵਿੱਚੋਂ ਦੂਜਾ ਇੰਟਰਵਿਊ ਸਾਹਮਣੇ ਆਇਆ ਹੈ। ਬਠਿੰਡਾ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਲਗਾਤਾਰ ਚਾਰ ਦਿਨਾਂ ਵਿੱਚ ਟੀਵੀ ਚੈਨਲ ਨੂੰ ਦਿੱਤੇ ਦੂਜੇ ਇੰਟਰਵਿਊ ਨੇ ਪੁਲੀਸ ਪ੍ਰਸ਼ਾਸਨ ਅਤੇ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਇੰਟਰਵਿਊ ਵਿੱਚ ਲਾਰੈਂਸ ਬਿਸ਼ਨੋਈ ਉਨ੍ਹਾਂ ਕੱਪੜਿਆਂ ਵਿੱਚ ਨਜ਼ਰ ਆ ਰਿਹਾ ਹੈ, ਜਿਸ ਦੀ ਤਸਵੀਰ ਡੀਜੀਪੀ ਗੌਰਵ ਯਾਦਵ ਨੇ ਲੰਘੇ ਦਿਨ ਜਾਰੀ ਕੀਤੀ ਸੀ ਅਤੇ ਦਾਅਵਾ ਕੀਤਾ ਸੀ ਕਿ ਪਹਿਲੀ ਇੰਟਰਵਿਊ ਪੰਜਾਬ ਦੀ ਕਿਸੇ ਵੀ ਜੇਲ੍ਹ ’ਚ ਨਹੀਂ ਹੋਈ। ਡੀਜੀਪੀ ਦਾ ਕਹਿਣਾ ਸੀ ਕਿ ਇਹ ਤਸਵੀਰ 16 ਮਾਰਚ ਨੂੰ ਬਠਿੰਡਾ ਜੇਲ੍ਹ ਵਿੱਚ ਲਈ ਗਈ ਹੈ। ਇਸ ਇੰਟਰਵਿਊ ਵਿੱਚ ਲਾਰੈਂਸ ਬਿਸ਼ਨੋਈ ਛੋਟੇ ਵਾਲਾਂ ਅਤੇ ਕੱਟੀ ਹੋਈ ਦਾੜ੍ਹੀ ਵਿੱਚ ਨਜ਼ਰ ਆ ਰਿਹਾ ਹੈ ਅਤੇ ਉਹ ਇੰਟਰਵਿਊ ਦੌਰਾਨ ਜੇਲ੍ਹ ਦੀ ਬੈਰਕ ਵੀ ਦਿਖਾ ਰਿਹਾ ਹੈ। ਉਹ ਇੰਟਰਵਿਊ ਵਿੱਚ ਹੱਸਦੇ ਹੋਏ ਦਿਖਾਈ ਦੇ ਰਿਹਾ ਹੈ, ਜਿਸ ਨੇ ਮੰਨਿਆ ਕਿ ਜੇਲ੍ਹ ਵਿੱਚ ਮੋਬਾਈਲ ਫੋਨ ਆਸਾਨੀ ਨਾਲ ਮਿਲ ਜਾਂਦਾ ਹੈ। ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਉਸ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਕੋਈ ਧਮਕੀ ਨਹੀਂ ਦਿੱਤੀ ਅਤੇ ਨਾ ਹੀ ਧਮਕੀ ਦੇਣ ਦੇ ਮਾਮਲੇ ’ਚ ਗਿ੍ਰਫ਼ਤਾਰ ਕੀਤੇ ਵਿਅਕਤੀਆਂ ਨਾਲ ਉਸ ਦਾ ਕੋਈ ਸਬੰਧ ਹੈ। ਉਸ ਨੇ ਕਿਹਾ ਕਿ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਕੇ ਆਪਣਾ ਬਦਲਾ ਪੂਰਾ ਕਰ ਲਿਆ ਹੈ ਅਤੇ ਉਨ੍ਹਾਂ ਦਾ ਅਗਲਾ ਨਿਸ਼ਾਨਾ ਸਲਮਾਨ ਖਾਨ ਹੈ। ਬਿਸ਼ਨੋਈ ਦੇ ਇਸ ਇੰਟਰਵਿਊ ਤੋਂ ਪੰਜਾਬ ਦੀ ਭਗਵੰਤ ਮਾਨ ਸਰਕਾਰ ’ਤੇ ਵਿਰੋਧੀ ਨੇ ਸਵਾਲ ਚੁੱਕੇ ਹਨ। ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਨਹੀਂ ਬਲਕਿ ਲਾਰੈਂਸ ਬਿਸ਼ਨੋਈ ਚਲਾ ਲਿਆ ਹੈ। ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਕਿਹਾ ਕਿ ਬਿਸ਼ਨੋਈ ਦੀ ਇਸ ਇੰਟਰਵਿਊ ਨੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ।