ਕਣਕ ਦੀ ਫਸਲ ਬੁਰੀ ਤਰ੍ਹਾਂ ਡਿੱਗੀ, ਝਾੜ ’ਤੇ ਪਵੇਗਾ ਬੁਰਾ ਅਸਰ
ਚੰਡੀਗੜ੍ਹ/ਬਿਊਰੋ ਨਿਊਜ਼ : ਲੰਘੀ ਦੇਰ ਰਾਤ ਤੋਂ ਸਮੁੱਚੇ ਪੰਜਾਬ ਵਿਚ ਰੁਕ-ਰੁਕ ਕੇ ਹੋ ਰਹੀ ਹਲਕੀ ਅਤੇ ਭਾਰੀ ਬਾਰਿਸ਼ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਬਾਰਿਸ਼ ਅਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲਾਂ ਖੇਤਾਂ ਵਿਚ ਵਿਛਾ ਕੇ ਰੱਖ ਦਿੱਤੀ ਹੈ ਅਤੇ ਇਸ ਬਾਰਿਸ਼ ਦਾ ਕਣਕ ਦੇ ਝਾੜ ’ਤੇ ਬੁਰਾ ਅਸਰ ਹੋਵੇਗਾ। ਕਈ ਥਾਂਵਾਂ ’ਤੇ ਹੋਈ ਗੜੇਮਾਰੀ ਕਾਰਨ ਪੱਕ ਕੇ ਤਿਆਰ ਹੋ ਚੁੱਕੀ ਦੀ ਸਰ੍ਹੋਂ ਦੀ ਫਸਲਾ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਇਸ ਬੇਮੌਸਮੀ ਬਰਸਾਤ ਨੇ ਕਰਜ਼ੇ ’ਚ ਡੁੱਬੀ ਹੋਈ ਪੰਜਾਬ ਦੀ ਕਿਸਾਨੀ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਪਟਿਆਲਾ ਜ਼ਿਲ੍ਹੇ ’ਚ ਸਵੇਰੇ ਤੇਜ਼ ਹਵਾਵਾਂ ਨਾਲ ਹੋਈ ਭਾਰੀ ਬਰਸਾਤ ਕਾਰਨ ਜ਼ਿਲ੍ਹੇ ਦੇ ਕਈ ਹਿੱਸਿਆਂ ’ਚ ਫਸਲਾਂ ਪਾਣੀ ਵਿਚ ਪਾਣੀ ਭਰ ਗਿਆ। ਕਿਸਾਨਾਂ ਦਾ ਕਹਿਣਾ ਜੇਕਰ 24 ਘੰਟਿਆਂ ਦੀ ਭਵਿੱਖਬਾਣੀ ਅਨੁਸਰ ਹੋਰ ਮੀਂਹ ਪਿਆ ਤਾਂ ਕਿਸਾਨਾਂ ਦੀ ਕੀਤੀ ਹੋਈ ਮਿਹਨਤ ’ਤੇ ਪੂਰੀ ਤਰ੍ਹਾਂ ਪਾਣੀ ਫਿਰ ਜਾਵੇਗਾ ਕਿਉਂਕਿ ਕਣਕ ਦੀ ਫਸਲ ਪੱਕਣ ਕੰਢੇ ਹੈ। ਕਿਸਾਨਾਂ ਨੇ ਕਿਹਾ ਕਿ ਅਸੀਂ ਤਾਂ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠਾਂ ਹਾਂ ਅਤੇ ਉਤੋਂ ਇਸ ਕੁਦਰਤੀ ਮਾਰ ਨੇ ਕਿਸਾਨੀ ਦਾ ਲੱਕ ਹੋਰ ਤੋੜ ਦਿੱਤਾ ਹੈ। ਉਨ੍ਹਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਬੇਮੌਸਮੀ ਬਾਰਿਸ਼ ਕਾਰਨ ਖਰਾਬ ਹੋਈ ਕਣਕ ਦੀ ਫਸਲ ਦੀ ਗਿਰਦਾਵਰੀ ਕਰਵਾਏ ਅਤੇ ਜਲਦੀ ਤੋਂ ਜਲਦੀ ਕਿਸਾਨਾਂ ਨੂੰ ਇਸ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ।