-8.6 C
Toronto
Friday, January 2, 2026
spot_img
Homeਪੰਜਾਬਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਬੰਦ ਹੋਏ

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਬੰਦ ਹੋਏ

ਯਾਤਰਾ ਦੀ ਸਮਾਪਤੀ ਵਾਲੇ ਦਿਨ ਬਰਫਬਾਰੀ ਦੇ ਬਾਵਜੂਦ 1500 ਦੇ ਕਰੀਬ ਸ਼ਰਧਾਲੂ ਹੋਏ ਨਤਮਸਤਕ
ਅੰਮ੍ਰਿਤਸਰ/ਬਿਊਰੋ ਨਿਊਜ਼ : ਉੱਤਰਾਖੰਡ ਦੇ ਚਮੋਲੀ ‘ਚ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 10 ਅਕਤੂਬਰ ਦਿਨ ਸੋਮਵਾਰ ਨੂੰ ਬੰਦ ਕਰ ਦਿੱਤੇ ਜਾਣ ਉਪਰੰਤ ਯਾਤਰਾ ਦੀ ਸਮਾਪਤੀ ਹੋ ਗਈ ਹੈ। ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਭਾਵੇਂ ਇਲਾਕੇ ਵਿੱਚ ਭਾਰੀ ਬਰਫਬਾਰੀ ਹੋਣ ਕਾਰਨ ਗੋਬਿੰਦਘਾਟ ਅਤੇ ਘੰਗੜੀਆ ਵਿੱਚ ਤੀਰਥ ਯਾਤਰਾ ਪ੍ਰਭਾਵਿਤ ਹੋਈ ਸੀ, ਪਰ ਇਸ ਦੇ ਬਾਵਜੂਦ ਕਿਵਾੜ ਬੰਦ ਹੋਣ ਤੋਂ ਪਹਿਲਾਂ ਲਗਪਗ 1500 ਦੇ ਕਰੀਬ ਸ਼ਰਧਾਲੂ ਗੁਰਦੁਆਰਾ ਸਾਹਿਬ ਨਤਮਸਤਕ ਹੋਏ। ਉਨ੍ਹਾਂ ਦੱਸਿਆ ਕਿ ਇਸ ਸਾਲ 22 ਮਈ ਤੋਂ ਲੈ ਕੇ ਹੁਣ ਤੱਕ 142 ਦਿਨ ਚੱਲੀ ਯਾਤਰਾ ਦੌਰਾਨ 2,47,000 ਦੇ ਕਰੀਬ ਸ਼ਰਧਾਲੂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਹੇਮਕੁੰਟ ਸਾਹਿਬ ਦੇ ਕਿਵਾੜ ਬੰਦ ਕਰਨ ਤੋਂ ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਗੁਰਦੁਆਰੇ ਦੇ ਹੈੱਡ ਗ੍ਰੰਥੀ ਭਾਈ ਮਿਲਾਪ ਸਿੰਘ ਨੇ ਪਾਠ ਕੀਤਾ। ਉਪਰੰਤ ਭਾਈ ਸੂਬਾ ਸਿੰਘ ਦੇ ਕੀਰਤਨੀ ਜਥੇ ਨੇ ਕੀਰਤਨ ਕੀਤਾ।
ਭਾਈ ਗੁਲਾਬ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸੱਚਖੰਡ ਵਿਖੇ ਸੁਸ਼ੋਭਿਤ ਕੀਤੇ ਗਏ।
ਇਸ ਮੌਕੇ ਫੌਜੀ ਬੈਂਡ ਅਤੇ ਹੋਰ ਬੈਂਡ ਵੱਲੋਂ ਗੁਰਬਾਣੀ ਦੇ ਕੀਰਤਨ ਦੀਆਂ ਧੁਨਾਂ ਵਜਾਈਆਂ ਗਈਆਂ। ਇਸ ਮੌਕੇ ਭਾਰਤੀ ਫ਼ੌਜ ਦੀ 418 ਲਾਈਟ ਇੰਜਨੀਅਰ ਰੈਜਮੈਂਟ ਤੇ ਅਧਿਕਾਰੀ ਤੇ ਫ਼ੌਜੀ ਵੀ ਸ਼ਾਮਲ ਸਨ। ਯਾਤਰਾ ਦੀ ਸਮਾਪਤੀ ਮੌਕੇ ਹੇਮਕੁੰਟ ਸਾਹਿਬ ਟਰੱਸਟ ਦੇ ਪ੍ਰਧਾਨ ਜਨਕ ਸਿੰਘ ਵੀ ਹਾਜ਼ਰ ਸਨ। ਟਰੱਸਟ ਦੇ ਮੀਤ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਇਸ ਸਾਲਾਨਾ ਯਾਤਰਾ ਦੌਰਾਨ ਇਸ ਵਰ੍ਹੇ ਲਗਪਗ ਢਾਈ ਲੱਖ ਸ਼ਰਧਾਲੂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਨਤਮਸਤਕ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਯਾਤਰਾ ਨੂੰ ਸੁਖਦ ਬਣਾਉਣ ਲਈ ਉਤਰਾਖੰਡ ਸਰਕਾਰ ਅਤੇ ਪ੍ਰਸ਼ਾਸਨ ਨੇ ਵੱਡਾ ਸਹਿਯੋਗ ਦਿੱਤਾ ਹੈ। ਮੌਸਮ ਵੀ ਠੀਕ ਰਿਹਾ ਜਿਸ ਕਰ ਕੇ ਵੱਡੀ ਗਿਣਤੀ ਸੰਗਤ ਦਰਸ਼ਨਾਂ ਲਈ ਪੁੱਜੀ ਹੈ।

RELATED ARTICLES
POPULAR POSTS