Breaking News
Home / ਪੰਜਾਬ / ਸ੍ਰੀ ਹਰਗੋਬਿੰਦਪੁਰ ਤੋਂ ਆਜ਼ਾਦ ਚੋਣ ਲੜਨਗੇ ਦੇਸ ਰਾਜ ਧੁੱਗਾ

ਸ੍ਰੀ ਹਰਗੋਬਿੰਦਪੁਰ ਤੋਂ ਆਜ਼ਾਦ ਚੋਣ ਲੜਨਗੇ ਦੇਸ ਰਾਜ ਧੁੱਗਾ

logo-2-1-300x105-3-300x105ਘੁਮਾਣ/ਬਿਊਰੋ ਨਿਊਜ਼ : ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਦੇਸ ਰਾਜ ਸਿੰਘ ਧੁੱਗਾ ਦੀ ਟਿਕਟ ਕੱਟ ਕੇ ਮਨਜੀਤ ਸਿੰਘ ਮੰਨਾ ਮੀਆਵਿੰਢ ਨੂੰ ਦਿੱਤੇ ਜਾਣ ‘ਤੇ ਧੁੱਗਾ ਨੇ ਕਿਹਾ ਕਿ ਮੈਂ ਆਪਣੀ ਇਸ ਸੀਟ ਨੂੰ ਕਦੇ ਨਹੀਂ ਛੱਡਾਂਗਾ। ਮੈਂ ਇਸ ਹਲਕੇ ਤੋਂ ਆਜ਼ਾਦ ਚੋਣ ਲੜਾਂਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿਧਾਂਤਾ ਤੋਂ ਭਟਕ ਗਈ ਹੈ।
ਸ਼੍ਰੋਮਣੀ ਅਕਾਲੀ ਦਲ ‘ਚ ਉਠਣ ਲੱਗੀਆਂ ਬਗਾਵਤੀ ਸੁਰਾਂ
ਸੁਖਬੀਰ ਬਾਦਲ ਕਰ ਰਹੇ ਹਨ ਟਿਕਟਾਂ ਦੀ ਵੰਡ, ਪ੍ਰਕਾਸ਼ ਸਿੰਘ ਬਾਦਲ ਬਣੇ ਸਿਰਫ ਸੰਕਟ ਮੋਚਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੀ ਸੱਤਾ ‘ਤੇ ਪਿਛਲੇ ਇੱਕ ਦਹਾਕੇ ਤੋਂ ਕਾਬਜ਼ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦਾ ਮੈਦਾਨ ਸਰ ਕਰਨ ਲਈ ਅਪਣਾਈ ਜਾ ਰਹੀ ਰਣਨੀਤੀ ਨੂੰ ਹਰ ਪਾਸਿਓਂ ਸਖ਼ਤ ਚੁਣੌਤੀ ਮਿਲ ਰਹੀ ਹੈ। ਹਾਕਮ ਪਾਰਟੀ ਵੱਲੋਂ ਟਿਕਟਾਂ ਦੀ ਵੰਡ ਦੌਰਾਨ ਹੀ ਵਿਧਾਨ ਸਭਾ ਹਲਕਿਆਂ ਤੋਂ ਉਮੀਦਵਾਰਾਂ ਦੇ ਤਬਾਦਲੇ ਅਤੇ ਕਈਆਂ ਦੀ ਛੁੱਟੀ ਕਰਨ ਤੋਂ ਬਾਅਦ ਵੱਡੇ ਪੱਧਰ ‘ਤੇ ਬਗ਼ਾਵਤੀ ਸੁਰਾਂ ਉਠਣੀਆਂ ਸ਼ੁਰੂ ਹੋ ਗਈਆਂ ਹਨ। ਦਸ ਸਾਲਾਂ ਦੇ ਸਮੇਂ ਦੌਰਾਨ ਅਕਾਲੀ-ਭਾਜਪਾ ਸਰਕਾਰ ਵੱਲੋਂ ਲੋਕਾਂ ਵਿੱਚ ਹਰਮਨ-ਪਿਆਰਾ ਬਣੇ ਰਹਿਣ ਲਈ ਕੀਤੀ ‘ਕਮਾਈ’ ਵੱਡੇ ਪੱਧਰ ‘ਤੇ ਸਥਾਪਤੀ ਵਿਰੋਧੀ ਲਹਿਰ ਦੇ ਰੂਪ ਵਿੱਚ ਸਾਹਮਣੇ ਆ ਰਹੀ ਹੈ। ਲੋਕਾਂ ਦੀ ਨਾਰਾਜ਼ਗੀ ਦੂਰ ਕਰਨ ਲਈ ਅਕਾਲੀ ਦਲ ਵੱਲੋਂ ਕਿਸ ਤਰ੍ਹਾਂ ਦੀ ਰਣਨੀਤੀ ਅਪਣਾਈ ਜਾਣੀ ਹੈ, ਇਸ ਦਾ ਸਰੂਪ ਸਾਹਮਣੇ ਆਉਣਾ ਅਜੇ ਬਾਕੀ ਹੈ।
ਸਾਲ 2017 ਵਿੱਚ ਹੋਣ ਜਾ ਰਹੀਆਂ ਚੋਣਾਂ ਨੇ ਇਹ ਗੱਲ ਵੀ ਤੈਅ ਕਰ ਦਿੱਤੀ ਹੈ ਕਿ ਟਿਕਟਾਂ ਦੀ ਵੰਡ ਅਤੇ ਹੋਰ ਸਿਆਸੀ ਫ਼ੈਸਲੇ ਸਿਰਫ਼ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹੀ ਲਏ ਜਾ ਰਹੇ ਹਨ। ਪਾਰਟੀ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਸਾਰੀਆਂ ਟਿਕਟਾਂ ਦਾ ਫ਼ੈਸਲਾ ਛੋਟੇ ਬਾਦਲ ਨੇ ਹੀ ਕੀਤਾ ਹੈ। ਟਿਕਟਾਂ ਵੰਡਣ ਲਈ ਸਰਵੇਖਣ ਨੂੰ ਆਧਾਰ ਬਣਾਉਣ ਦਾ ਦਾਅਵਾ ਕੀਤਾ ਹੈ। ਪਾਰਟੀ ਦੇ ਸ੍ਰਪਰਸਤ ਵਜੋਂ ਵਿਚਰ ਰਹੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਸ ਸਮੇਂ ਹੀ ਜਨਤਕ ਤੌਰ ‘ਤੇ ਸਾਹਮਣੇ ਆਉਂਦੇ ਹਨ, ਜਦੋਂ ਪਾਰਟੀ ਕਿਸੇ ਵੱਡੇ ਸੰਕਟ ਵਿੱਚ ਫਸੀ ਦਿਖਾਈ ਦਿੰਦੀ ਹੋਵੇ ਤੇ ਸਰਕਾਰ ‘ਤੇ ਕੰਟਰੋਲ ਬਣਾਈ ਰੱਖਣ ਵਾਲੇ ਸੁਖਬੀਰ ਸਿੰਘ ਬਾਦਲ ਪਰਦੇ ਪਿੱਛੇ ਚਲੇ ਜਾਣ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨੀਆਂ ਤਿੰਨ ਸੂਚੀਆਂ ਤੋਂ ਇਹੀ ਪ੍ਰਭਾਵ ਗਿਆ ਹੈ ਕਿ ਪਾਰਟੀ ਵਿੱਚ ਹੁਣ ਧੜੇਬੰਦਕ ਤੌਰ ‘ਤੇ ਵੱਡੇ ਜਥੇਦਾਰਾਂ ਨੂੰ ਟਿਕਟਾਂ ਅਲਾਟ ਹੋਣ ਦਾ ਦੌਰ ਮੁੱਕ ਗਿਆ ਹੈ। ਟਿਕਟਾਂ ਸਮੇਤ ਪਾਰਟੀ ਵੱਲੋਂ ਲਏ ਜਾਂਦੇ ਸਮੁੱਚੇ ਫ਼ੈਸਲਿਆਂ ਦਾ ਕੇਂਦਰੀਕਰਨ ਹੋ ਗਿਆ ਹੈ। ਇੱਥੋਂ ਤੱਕ ਸੁਖਬੀਰ ਬਾਦਲ ਨੇ ਆਪਣੇ ਕਈ ਚਹੇਤਿਆਂ ਨੂੰ ਟਿਕਟਾਂ ਦਿੱਤੀਆਂ ਤੇ ਇਨ੍ਹਾਂ ਟਿਕਟਾਂ ਦਾ ਖੁੱਲ੍ਹੇਆਮ ਵਿਰੋਧ ਕਰਨ ਦੀ ਕਿਸੇ ਵੀ ਸੀਨੀਅਰ ਅਕਾਲੀ ਆਗੂ ਨੇ ਅਜੇ ਤਕ ਜ਼ੁਰਅਤ ਨਹੀਂ ਦਿਖਾਈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨੇ ਉਮੀਦਵਾਰਾਂ ਦੀ ਸੂਚੀ ਤੋਂ ਸਪੱਸ਼ਟ ਹੋ ਗਿਆ ਹੈ ਕਿ ਹਾਕਮ ਪਾਰਟੀ ਕਿਸੇ ਵੀ ਆਗੂ ਨਾਲ ਜੁੜੇ ਵਿਵਾਦ ਦੀ ਪ੍ਰਵਾਹ ਨਹੀਂ ਕਰਦੀ ਤੇ ਜਿਨ੍ਹਾਂ ਅਕਾਲੀ ਨੇਤਾਵਾਂ ਦਾ ਪਿਛਲੇ ਦੌਰ ਵਿੱਚ ਕਿਸੇ ਗੰਭੀਰ ਮੁੱਦੇ ਨਾਲ ਵੀ ਨਾਮ ਜੁੜਿਆ ਰਿਹਾ ਹੈ, ਉਨ੍ਹਾਂ ਨੂੰ ਵੀ ਕਿਸਮਤ ਅਜ਼ਮਾਉਣ ਦਾ ਮੌਕਾ ਦਿੱਤਾ ਹੈ। ਇੱਥੋਂ ਤੱਕ ਕਿ ਅਦਾਲਤਾਂ ਤੋਂ ਸਜ਼ਾਯਾਫਤਾ, ਬਹੁ-ਕਰੋੜੀ ਘੁਟਾਲਿਆਂ, ਭ੍ਰਿਸ਼ਟਾਚਾਰ ਤੇ ਕਥਿਤ ਤੌਰ ‘ਤੇ ਰੇਤ ਜਾਂ ਬਜਰੀ ‘ਮਾਫੀਆ’ ਨਾਲ ਨਾਮ ਜੁੜਨ ਵਾਲੇ ਕਈ ਵਿਅਕਤੀਆਂ ਨੂੰ ਵੀ ਅਕਾਲੀ ਦਲ ਨੇ ਟਿਕਟ ਦੇਣ ਤੋਂ ਗੁਰੇਜ਼ ਨਹੀਂ ਕੀਤਾ। ਇਹ ਜ਼ਰੂਰ ਹੈ ਕਿ ਪਹਿਲੀ ਤੇ ਦੂਜੀ ਕਤਾਰ ਦੇ ਅਕਾਲੀ ਨੇਤਾਵਾਂ ਜਿਨ੍ਹਾਂ ਵਿੱਚ ਖ਼ਾਸ ਤੌਰ ‘ਤੇ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਬਲਵਿੰਦਰ ਸਿੰਘ ਭੂੰਦੜ, ਮਰਹੂਮ ਜਥੇਦਾਰ ਜਗਦੇਵ ਸਿੰਘ ਤਲਵੰਡੀ, ਜਥੇਦਾਰ ਤੋਤਾ ਸਿੰਘ, ਪ੍ਰੇਮ ਸਿੰਘ ਚੰਦੂਮਾਜਰਾ ਤੇ ਚਰਨਜੀਤ ਸਿੰਘ ਅਟਵਾਲ ਆਦਿ ਦੇ ਪੁੱਤਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਰਾਜਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਕਾਲੀ ਦਲ ਵੱਲੋਂ ਇਨ੍ਹਾਂ ਆਗੂਆਂ ਦੇ ਫਰਜ਼ੰਦਾਂ ਨੂੰ ਟਿਕਟਾਂ ਦੇਣ ਤੋਂ ਬਾਅਦ ਇਹ ਆਗੂ ਬਾਦਲ ਪਰਿਵਾਰ ਦੀ ਮਨਮਨਰਜ਼ੀ ਖ਼ਿਲਾਫ਼ ਬੋਲਣ ਦੀ ਹਿੰਮਤ ਨਹੀਂ ਰਖਦੇ। ਸ਼੍ਰੋਮਣੀ ਅਕਾਲੀ ਦਲ ਨੇ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੁੱਲ ਰਾਖਵੀਆਂ ਸੀਟਾਂ 34 ਵਿੱਚੋਂ 21 ‘ਤੇ ਜਿੱਤ ਹਾਸਲ ਕਰ ਲਏ ਜਾਣ ਕਾਰਨ ਆਉਂਦੀਆਂ ਚੋਣਾਂ ਦੌਰਾਨ ਵੀ ਰਾਖਵੀਆਂ ਸੀਟਾਂ ਵੱਧ ਤੋਂ ਵੱਧ ਬਟੋਰਨ ਦੀ ਵਿਉਂਤ ਤਹਿਤ ਹੀ ਉਮੀਦਵਾਰ ਬਦਲੇ ਜਾਂ ਹਲਕਿਆਂ ਦੀ ਅਦਲਾ ਬਦਲੀ ਕੀਤੀ ਹੈ। ਇਸ ਦਾ ਨਤੀਜਾ ਇਹ ਨਿੱਕਲਿਆ ਹੈ ਕਿ ਇਸ ਵਾਰੀ ਜ਼ਿਆਦਾਤਰ ਦਲਿਤ ਆਗੂਆਂ ਨੇ ਹੀ ਬਾਗ਼ੀ ਸੁਰ ਅਪਣਾਈ ਹੋਈ ਹੈ। ਇਸ ਤਰ੍ਹਾਂ ਰਾਖਵੀਆਂ ਸੀਟਾਂ ‘ਤੇ ਜਿੱਤ ਹਾਸਲ ਕਰਨ ਦੀ ਰਣਨੀਤੀ ਨੂੰ ਗ੍ਰਹਿਣ ਲੱਗਦਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਦੋ ਦਲਿਤ ਵਿਧਾਇਕ ਸਰਵਨ ਸਿੰਘ ਫਿਲੌਰ ਅਤੇ ਰਾਜਵਿੰਦਰ ਕੌਰ ਭਾਗੀਕੇ ਤਾਂ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਹਨ। ਗੋਬਿੰਦ ਸਿੰਘ ਕਾਂਝਲਾ ਨੇ ਦੋ ਵਿਧਾਨ ਸਭਾ ਹਲਕਿਆਂ ਧੂਰੀ ਅਤੇ ਮਹਿਲ ਕਲਾਂ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਦੇਸ ਰਾਜ ਧੁੱਗਾ ਨੇ ਵੀ ਆਜ਼ਾਦ ਤੌਰ ‘ਤੇ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ। ਹਾਕਮ ਪਾਰਟੀ ਨੇ ਬੁਢਲਾਡਾ ਤੋਂ ਵਿਧਾਇਕ ਚਤਿੰਨ ਸਿੰਘ ਸਮਾਉਂ ਸਮੇਤ ਹੋਰ ਕਈਆਂ ਦੀਆਂ ਵੀ ਟਿਕਟਾਂ ਕੱਟ ਦਿੱਤੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਰਮਿਆਨ ਦੋ ਦਹਾਕਿਆਂ ਤੋਂ ਚੱਲ ਰਹੇ ਗੱਠਜੋੜ ਤਹਿਤ 94 ਸੀਟਾਂ ‘ਤੇ ਅਕਾਲੀ ਅਤੇ 23 ਸੀਟਾਂ ‘ਤੇ ਭਾਜਪਾ ਦੇ ਉਮੀਦਵਾਰਾਂ ਨੇ ਚੋਣ ਲੜਨੀ ਹੈ। ਅਕਾਲੀਆਂ ਵੱਲੋਂ ਹੁਣ ਤੱਕ 82 ਵਿਧਾਨ ਸਭਾ ਹਲਕਿਆਂ ਤੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਸਿਰਫ਼ 12 ਵਿਧਾਨ ਸਭਾ ਹਲਕੇ ਹੀ ਰਹਿ ਗਏ ਹਨ, ਜਿਨ੍ਹਾਂ ‘ਚ ਪਟਿਆਲਾ (ਸ਼ਹਿਰ), ਲੰਬੀ, ਜਲਾਲਾਬਾਦ, ਮੁਹਾਲੀ, ਖਰੜ, ਧੂਰੀ, ਭੁਲੱਥ, ਬਰਨਾਲਾ, ਬਠਿੰਡਾ (ਦਿਹਾਤੀ) ਤੇ ਭੁੱਚੋ ਮੰਡੀ ਆਦਿ ਸ਼ਾਮਲ ਹਨ।

Check Also

ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸ਼ਰਾਬ ਨਾਲ ਤੋਲਿਆ

ਮਜੀਠੀਆ ਬੋਲੇ : ਲੋਕਾਂ ਨੇ ਪੀਤੀ ਤੁਪਕਾ ਤੁਪਕਾ ‘ਆਪ’ ਵਾਲਿਆਂ ਨੇ ਪੀਤੀ ਬਾਟੇ ਨਾਲ ਲੁਧਿਆਣਾ/ਬਿਊਰੋ …