Breaking News
Home / ਪੰਜਾਬ / ਆਮ ਆਦਮੀ ਪਾਰਟੀ ਦੇ ਧੜਿਆਂ ‘ਚ ਏਕੇ ਦੇ ਆਸਾਰ ਮੱਧਮ

ਆਮ ਆਦਮੀ ਪਾਰਟੀ ਦੇ ਧੜਿਆਂ ‘ਚ ਏਕੇ ਦੇ ਆਸਾਰ ਮੱਧਮ

ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਦੋਵਾਂ ਧੜਿਆਂ ਵਿਚਾਲੇ ਏਕੇ ਜਾਂ ਰਲੇਵਾਂ ਹੋਣ ਦੇ ਆਸਾਰ ਹਾਲ ਦੀ ਘੜੀ ਮੱਧਮ ਨਜ਼ਰ ਆ ਰਹੇ ਹਨ। ਦੋਵਾਂ ਧੜਿਆਂ ਨੇ ਮੀਟਿੰਗ ਕਰਕੇ ਏਕਤਾ ਦੀ ਦਿਸ਼ਾ ਵਿਚ ਅੱਗੇ ਵਧਣ ਦੀਆਂ ਗੱਲਾਂ ਕੀਤੀਆਂ ਸਨ ਪਰ ਮੀਟਿੰਗ ਤੋਂ ਕੁਝ ਸਮਾਂ ਬਾਅਦ ਹੀ ਅਜਿਹੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਸਨ, ਜਿਨ੍ਹਾਂ ਤੋਂ ਜਾਪਦਾ ਸੀ ਕਿ ਏਕਤਾ ਦੀ ਗੱਲ ਕਾਫੀ ਪਿਛੇ ਰਹਿ ਗਈ ਹੈ। ਆਮ ਆਦਮੀ ਪਾਰਟੀ ਦੇ ਖਹਿਰਾ ਧੜੇ ਨੇ ਕਿਸਾਨ ਭਵਨ ਵਿੱਚ ਆਪਣੇ ਹਮਾਇਤੀਆਂ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਨੇ ਕਿਹਾ ਕਿ ਕੇਂਦਰੀ ਹਾਈ ਕਮਾਨ ਵਾਲੀ ਧਿਰ ਨੇ ਅਹੁਦੇਦਾਰ ਐਲਾਨ ਕੇ ਨੈਤਿਕਤਾ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲੀ ਨਵੰਬਰ ਤੱਕ ਸਮਝੌਤਾ ਹੋਣ ਦੀ ਉਹ ਉਡੀਕ ਕਰਨਗੇ ਤੇ ਉਸ ਤੋਂ ਬਾਅਦ ਉਨ੍ਹਾਂ ਦੀ ਧਿਰ ਪੰਜਾਬ ਦੇ ਅਹੁਦੇਦਾਰਾਂ ਦਾ ਐਲਾਨ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਸਮਝੌਤੇ ਵਾਸਤੇ ਅਜੇ ਹੋਰ ਮੀਟਿੰਗ ਦਾ ਸਮਾਂ ਤੇ ਤਰੀਕ ਤੈਅ ਨਹੀਂ ਹੋਈ। ਖਹਿਰਾ ਨੇ ਕਿਹਾ ਕਿ ਉਹ ਰੁੱਸੇ ਨਹੀਂ, ਪੰਜਾਬ ਲਈ ਇਨਸਾਫ਼ ਲੈਣਾ ਚਾਹੁੰਦੇ ਹਾਂ ਅਤੇ ਮੁੱਦੇ ਹੱਲ ਕਰਨ ਦੀ ਤਾਂਘ ਹੈ। ਉਨ੍ਹਾਂ ਕਿਹਾ ਕਿ ਖ਼ੁਦਮੁਖਤਾਰੀ ਨਾ ਹੋਣ ਕਾਰਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਨੁਕਸਾਨ ਹੋਇਆ ਹੈ। ਸੰਧੂ ਨੇ ਕਿਹਾ ਕਿ ਉਨ੍ਹਾਂ ਹਾਈ ਕਮਾਨ ਵਾਲੀ ਧਿਰ ਨਾਲ ਵਿਸਥਾਰ ਵਿੱਚ ਗੱਲਬਾਤ ਕੀਤੀ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਨੂੂੰ ਖ਼ੁਦਮੁਖ਼ਤਾਰੀ ਦੀ ਕਿਉਂ ਜ਼ਰੂਰਤ ਹੈ। ਦੂਸਰੀ ਧਿਰ ਨੇ ਵੀ ਇਹੋ ਕਿਹਾ ਕਿ ਉਹ ਵੀ ਪੂਰੀ ਤਰ੍ਹਾਂ ਖ਼ੁਦਮੁਖ਼ਤਿਆਰ ਹਨ। ਸਮਝੌਤੇ ਵਾਸਤੇ ਕੇਂਦਰੀ ਹਾਈ ਕਮਾਨ ਵਾਲੀ ਧਿਰ ਨੇ ਕੋਈ ਸ਼ਰਤ ਨਹੀਂ ਰੱਖੀ। ਉਨ੍ਹਾਂ ਕਿਹਾ ਕਿ ਕੇਂਦਰੀ ਹਾਈ ਕਮਾਨ ਵਾਲੀ ਧਿਰ ਖੁਦਮੁਖਤਾਰੀ ਬਾਰੇ ਪੰਜਾਬ ਦੇ ਲੋਕਾਂ ਨੂੰ ਸਪੱਸ਼ਟ ਕਰੇ। ਆਗੂਆਂ ਨੇ ਦੱਸਿਆ ਕਿ ਸਮਝੌਤੇ ਵਾਸਤੇ ਡਾ. ਧਰਮਵੀਰ ਗਾਂਧੀ ਅਤੇ ਸਿਮਰਜੀਤ ਸਿੰਘ ਬੈਂਸ ਨਾਲ ਮੀਟਿੰਗ ਹੋ ਚੁੱਕੀ ਹੈ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਬਾਗ਼ੀ ਅਖਵਾਉਣਾ ਚੰਗਾ ਲਗਦਾ ਹੈ ਕਿਉਂਕਿ ਵਧੇਰੇ ਪੰਜਾਬੀ ਲੋਕ ਬਾਗੀਆਂ ਦੇ ਨਾਲ ਹਨ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਦੇ ਧੜੇ ਦੇ ਸੂਤਰਾਂ ਅੁਨਸਾਰ ਸਾਂਝੀ ਮੀਟਿੰਗ ਵਿਚ ਤੈਅ ਹੋਇਆ ਸੀ ਕਿ ਏਕਤਾ ਦੇ ਮੁੱਦਿਆਂ ਨੂੰ ਲੈ ਕੇ ਕੋਈ ਧਿਰ ਮੀਡੀਆ ਵਿਚ ਨਹੀਂ ਜਾਵੇਗੀ ਤੇ ਮੀਟਿੰਗ ਵਿਚ ਹੀ ਗੱਲ ਕੀਤੀ ਜਾਵੇਗੀ ਪਰ ਖਹਿਰਾ ਮੀਟਿੰਗ ਹੋਣ ਤੋਂ ਘੰਟਾ ਬਾਅਦ ਹੀ ਲਾਈਵ ਹੋ ਗਏ।
ਇਹ ਗੱਲ ਵੀ ਤੈਅ ਹੋਈ ਸੀ ਕਿ ਦੋਵੇ ਧਿਰਾਂ ਆਪਣਾ ਆਪਣਾ ਢਾਂਚਾ ਭੰਗ ਕਰ ਦੇਣਗੀਆਂ ਤੇ ਇਸ ਸਥਿਤੀ ਵਿਚ ਆਪ ਨੇ ਕੁਝ ਅਹੁਦੇਦਾਰ ਐਲਾਨ ਦਿਤੇ ਹਨ ਤਾਂ ਇਸ ਨਾਲ ਕੀ ਫਰਕ ਪੈ ਗਿਆ ਹੈ ਜਦੋਂ ਦੋਵਾਂ ਧਿਰਾਂ ਦੇ ਢਾਂਚੇ ਭੰਗ ਹੋ ਜਾਣੇ ਹਨ। ਇਹ ਵੀ ਪਤਾ ਲੱਗਾ ਹੈ ਕਿ ਖਹਿਰਾ ਧੜੇ ਨੇ ਗੱਲਬਾਤ ਦੌਰਾਨ ਇਹ ਸ਼ਰਤ ਰੱਖੀ ਹੈ ਕਿ ਪਿਛਲੇ ਸਮੇਂ ਵਿਚ ਉਨ੍ਹਾਂ ਦਾ ਕੱਦ ਕਾਫੀ ਵੱਧ ਗਿਆ ਹੈ ਤੇ ਰਲੇਵੇਂ ਤੋਂ ਬਾਅਦ ਉਨ੍ਹਾਂ ਨੂੰ ਆਪ ਪੰਜਾਬ ਦਾ ਪ੍ਰਧਾਨ ਬਣਾਇਆ ਜਾਵੇ ਤੇ ਵਿਰੋਧੀ ਧਿਰ ਦੇ ਆਗੂ ਨੂੰ ਹਰਪਾਲ ਚੀਮਾ ਨੂੰ ਅਹੁਦੇ ਤੋਂ ਹਟਾਇਆ ਜਾਵੇ ਤੇ ਵਿਧਾਇਕ ਕੰਵਰ ਸੰਧੂ ਨੂੰ ਐੱਨਆਰਆਈ ਵਿੰਗ ਦਾ ਪ੍ਰਧਾਨ ਬਣਾਇਆ ਜਾਵੇ। ਇਨ੍ਹਾਂ ਸ਼ਰਤਾਂ ਬਾਰੇ ਅਜੇ ਆਪ ਦੀ ਕੋਰ ਕਮੇਟੀ ਨੇ ਵਿਚਾਰ ਚਰਚਾ ਕਰਨੀ ਸੀ ਪਰ ਉਸ ਤੋਂ ਪਹਿਲਾਂ ਹੀ ਖਹਿਰਾ ਸਾਹਿਬ ਮੀਡੀਆ ਵਿਚ ਚਲੇ ਗਏ ਹਨ ਤੇ ਇਸ ਕਰਕੇ ਕਿਸ ਆਧਾਰ ‘ਤੇ ਏਕਤਾ ਹੋਵੇਗੀ।
ਗ਼ਲਤੀਆਂ ਲਈ ਮੁਆਫ਼ੀ ਮੰਗੇ ਹਾਈ ਕਮਾਨ: ਗਾਂਧੀ
ਡਾ. ਧਰਵੀਰ ਗਾਂਧੀ ਨੇ ਏਕਤਾ ਬਾਰੇ ਕਿਹਾ ਕਿ ਸਾਰੀਆਂ ਹਵਾਈ ਗੱਲਾਂ ਹਨ। ਜਦੋਂ ਤਕ ਪਿਛਲੀਆਂ ਚੋਣਾਂ ਸਮੇਂ ਹੋਈਆਂ ਗ਼ਲਤੀਆਂ ਦੀ ਸਮੀਖਿਆ ਕਰਕੇ ਹਾਈ ਕਮਾਨ ਮੁਆਫੀ ਨਹੀਂ ਮੰਗਦੀ, ਉਦੋਂ ਤਕ ਏਕਤਾ ਕਿਵੇਂ ਹੋ ਸਕਦੀ ਹੈ। ਇਸੇ ਤਰ੍ਹਾਂ ਦੇ ਵਿਚਾਰ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਹੇ।

Check Also

ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ 267 ਪਾਵਨ ਸਰੂਪ ਗੁੰਮ ਹੋਣ ਦਾ ਮਾਮਲਾ ਫਿਰ ਗਰਮਾਇਆ

ਸੇਵਾ ਸਿੰਘ ਸੇਖਵਾਂ ਸਣੇ 5 ਸ਼੍ਰੋਮਣੀ ਕਮੇਟੀ ਮੈਂਬਰ ਇਸ ਮਸਲੇ ਨੂੰ ਲੈ ਕੇ ਜਥੇਦਾਰ ਗਿਆਨੀ …