Breaking News
Home / ਪੰਜਾਬ / ਨੌਕਰੀ ਵੱਟੇ ਰਿਸ਼ਵਤ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਬਕਾ ਰਣਜੀ ਖਿਡਾਰੀ ਦੀ ਪਛਾਣ ਜਨਤਕ

ਨੌਕਰੀ ਵੱਟੇ ਰਿਸ਼ਵਤ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਬਕਾ ਰਣਜੀ ਖਿਡਾਰੀ ਦੀ ਪਛਾਣ ਜਨਤਕ

ਖਿਡਾਰੀ ਤੇ ਉਸ ਦੇ ਪਿਤਾ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ
ਖਿਡਾਰੀ ਨੂੰ ਮੈਰਿਟ ਅਨੁਸਾਰ ਨੌਕਰੀ ਦਿੱਤੀ ਜਾਵੇਗੀ : ਮਾਨ
ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਨੇ ‘ਨੌਕਰੀ ਵੱਟੇ ਰਿਸ਼ਵਤ’ ਮਾਮਲੇ ‘ਚ ਸਾਬਕਾ ਰਣਜੀ ਖਿਡਾਰੀ ਜਸਇੰਦਰ ਸਿੰਘ ਦੀ ਪਛਾਣ ਜਨਤਕ ਕਰਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਐਲਾਨ ਮੁਤਾਬਕ 31 ਮਈ ਨੂੰ ਬਾਅਦ ਦੁਪਹਿਰ 2 ਵਜੇ ਦੇ ਨਿਰਧਾਰਿਤ ਸਮੇਂ ‘ਤੇ ਮੀਡੀਆ ਸਾਹਮਣੇ ਸਾਬਕਾ ਰਣਜੀ ਖਿਡਾਰੀ ਨੂੰ ਪੇਸ਼ ਕੀਤਾ, ਜਿਸ ਬਾਰੇ ਅਜੇ ਤੱਕ ਭੇਤ ਬਣਿਆ ਹੋਇਆ ਸੀ।
ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਸਰਕਾਰ ਜਸਇੰਦਰ ਸਿੰਘ ਨੂੰ ਨੌਕਰੀ ਦੇਣ ਲਈ ਪ੍ਰਕਿਰਿਆ ਸ਼ੁਰੂ ਕਰੇਗੀ ਅਤੇ ਮੈਰਿਟ ਅਨੁਸਾਰ ਨੌਕਰੀ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਚੰਨੀ ਤੇ ਹੋਰਨਾਂ ਖਿਲਾਫ਼ ਬਣਦੀ ਉਚਿਤ ਕਾਰਵਾਈ ਕੀਤੀ ਜਾਵੇਗੀ। ਚੇਤੇ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ 19 ਮਈ ਨੂੰ ਆਈਪੀਐੱਲ ਮੈਚ ਵੇਖਣ ਲਈ ਧਰਮਸ਼ਾਲਾ ਗਏ ਸਨ। ਇਸ ਦੌਰਾਨ ਮੈਚ ਮਗਰੋਂ ਕ੍ਰਿਕਟਰ ਜਸਇੰਦਰ ਸਿੰਘ (ਪੰਜਾਬ ਕਿੰਗਜ਼) ਉਨ੍ਹਾਂ ਨੂੰ ਮਿਲਿਆ ਸੀ। ਮੁੱਖ ਮੰਤਰੀ ਨੇ ਪਿਛਲੇ ਦਿਨੀਂ ਆਪਣੇ ਭਾਸ਼ਣ ‘ਚ ਇਸ ਮੁਲਾਕਾਤ ਦਾ ਜ਼ਿਕਰ ਕੀਤਾ ਸੀ। ਉਦੋਂ ਉਨ੍ਹਾਂ ਕ੍ਰਿਕਟਰ ਦੀ ਪਛਾਣ ਗੁਪਤ ਰੱਖਦਿਆਂ ਕਿਹਾ ਸੀ ਕਿ ਇਸ ਖਿਡਾਰੀ ਨੇ ਖ਼ੁਲਾਸਾ ਕੀਤਾ ਹੈ ਕਿ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨੌਕਰੀ ਲਈ ਆਪਣੇ ਭਤੀਜੇ ਨੂੰ ਮਿਲਣ ਲਈ ਕਿਹਾ, ਜਿਸ ਨੇ ਅੱਗੇ ਉਸ ਤੋਂ ਦੋ ਕਰੋੜ ਰੁਪਏ ਦੀ ਰਿਸ਼ਵਤ ਮੰਗੀ ਸੀ। ਮੁੱਖ ਮੰਤਰੀ ਦੇ ਇਸ ਦਾਅਵੇ ਮਗਰੋਂ ਚੰਨੀ ਨੇ ਸ੍ਰੀ ਚਮਕੌਰ ਸਾਹਿਬ ਦੇ ਗੁਰੂ ਘਰ ਵਿਚ ਸਹੁੰ ਚੁੱਕੀ ਸੀ ਕਿ ਜਿਸ ਨੇ ਰਿਸ਼ਵਤ ਮੰਗੀ ਹੋਵੇ, ਉਸ ਦਾ ਕੱਖ ਨਾ ਰਹੇ। ਚੰਨੀ ਨੇ ਮੁੱਖ ਮੰਤਰੀ ਨੂੰ ਖਿਡਾਰੀ ਪੇਸ਼ ਕਰਨ ਦੀ ਚੁਣੌਤੀ ਵੀ ਦਿੱਤੀ ਸੀ।
ਮੁੱਖ ਮੰਤਰੀ ਵੱਲੋਂ ਇਸ ਕ੍ਰਿਕਟਰ ਨੂੰ ਮੀਡੀਆ ਸਾਹਮਣੇ ਪੇਸ਼ ਕਰਨ ਮੌਕੇ ਨਾਲ ਖਿਡਾਰੀ ਨਾਲ ਉਸ ਦਾ ਪਿਤਾ ਵੀ ਮੌਜੂਦ ਸੀ। ਮੁੱਖ ਮੰਤਰੀ ਨੇ ਖਿਡਾਰੀ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਜਸਇੰਦਰ ਸਿੰਘ ਨੇ ਰਣਜੀ ਟਰਾਫ਼ੀ ਖੇਡੀ ਹੈ ਅਤੇ ਇਸ ਤੋਂ ਇਲਾਵਾ ਕੂਚ ਬਿਹਾਰ ਟਰਾਫ਼ੀ, ਮਰਚੈਂਟ ਟਰਾਫ਼ੀ, ਕਰਨਲ ਸੀਕੇ ਨਾਇਡੂ ਟਰਾਫੀ ਆਦਿ ਵਿਚ ਵੀ ਸੂਬੇ ਦੀ ਪ੍ਰਤੀਨਿਧਤਾ ਕੀਤੀ ਹੈ।
ਖਿਡਾਰੀ ਕੋਲ ਖੇਡ ਵਿਭਾਗ ਦਾ ‘ਬੀ’ ਸਰਟੀਫਿਕੇਟ ਵੀ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਇਸ ਖਿਡਾਰੀ ਨੇ ਪੀਪੀਐੱਸਸੀ ਦੀ ਪ੍ਰੀਖਿਆ ਵੀ ਦਿੱਤੀ ਤੇ 198.5 ਫ਼ੀਸਦੀ ਅੰਕ ਪ੍ਰਾਪਤ ਕੀਤੇ, ਜੋ ਖੇਡ ਕੋਟੇ ਦੀ ਮੈਰਿਟ ਦੇ ਕੱਟ ਆਫ਼ ਤੋਂ ਕਿਤੇ ਜ਼ਿਆਦਾ ਸਨ।
ਮੁੱਖ ਮੰਤਰੀ ਨੇ ਦੱਸਿਆ ਕਿ ਇਸ ਖਿਡਾਰੀ ਨੂੰ ਖੇਡ ਕੋਟੇ ਵਿਚੋਂ ਨਹੀਂ ਵਿਚਾਰਿਆ ਗਿਆ ਜਿਸ ਕਰਕੇ ਉਹ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਿਆ। ਕੈਪਟਨ ਨੇ ਪੂਰੀ ਗੱਲ ਸੁਣਨ ਮਗਰੋਂ ਕਿਹਾ ਸੀ ਕਿ ਉਹ ਇਸ ਕੇਸ ਨੂੰ ਕੈਬਨਿਟ ਵਿਚ ਲੈ ਕੇ ਆਉਣਗੇ। ਉਸ ਮਗਰੋਂ ਅਮਰਿੰਦਰ ਸਿੰਘ ਨੇ ਅਸਤੀਫ਼ਾ ਦੇ ਦਿੱਤਾ ਸੀ। ਖਿਡਾਰੀ ਦੇ ਪਿਤਾ ਨੇ ਦੱਸਿਆ ਕਿ ਉਹ ਪੰਜਾਬ ਭਵਨ ਮੁੱਖ ਮੰਤਰੀ ਚੰਨੀ ਨੂੰ ਇਸ ਬਾਬਤ ਮਿਲਣ ਗਏ ਸਨ ਜਿਨ੍ਹਾਂ ਨੇ ਅੱਗੇ ਭਤੀਜੇ (ਜਸ਼ਨ) ਨੂੰ ਮਿਲਣ ਲਈ ਆਖ ਦਿੱਤਾ।
ਪਿਤਾ ਨੇ ਦੱਸਿਆ ਕਿ ਜਦੋਂ ਭਤੀਜੇ ਨੂੰ ਮਿਲੇ ਤਾਂ ਉਸ ਨੇ ‘ਦੋ ਉਂਗਲਾਂ’ ਉਠਾ ਕੇ ਕਿਹਾ ਕਿ ਤੁਹਾਡਾ ਕੰਮ ਹੋ ਜਾਵੇਗਾ। ਦੋ ਦਿਨਾਂ ਮਗਰੋਂ ਉਨ੍ਹਾਂ ਚੰਨੀ ਦੇ ਭਤੀਜੇ ਨੂੰ ਦੋ ਲੱਖ ਦਿਖਾਏ ਤਾਂ ਉਨ੍ਹਾਂ ਨੂੰ ਉਡੀਕ ਕਰਨ ਵਾਸਤੇ ਆਖ ਦਿੱਤਾ ਗਿਆ। ਖਿਡਾਰੀ ਦੇ ਪਿਤਾ ਨੇ ਕਿਹਾ ਕਿ ਥੋੜ੍ਹੀ ਦੇਰ ਮਗਰੋਂ ਚੰਨੀ ਵੀ ਪਹੁੰਚ ਗਏ। ਚੰਨੀ ਨੇ ਉਨ੍ਹਾਂ ਪ੍ਰਤੀ ਸਖ਼ਤ ਵਤੀਰਾ ਦਿਖਾਉਂਦਿਆਂ ਕਿਹਾ ਕਿ ‘ਤੁਹਾਡੇ ਬੇਟੇ ਨੇ ਕਿਹੜਾ ਓਲੰਪਿਕ ਜਿੱਤੀ ਹੈ।’ ਮੁੱਖ ਮੰਤਰੀ ਨੇ ਇਸ ਮੌਕੇ ਖਿਡਾਰੀ ਦੀ ਚੰਨੀ ਨਾਲ ਮਿਲਣੀ ਵਾਲੀਆਂ ਤਸਵੀਰਾਂ ਵੀ ਨਸ਼ਰ ਕੀਤੀਆਂ।
ਚੰਨੀ ਨੇ ਆਰੋਪਾਂ ਨੂੰ ਬੇਬੁਨਿਆਦ ਦੱਸਿਆ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਗਵੰਤ ਮਾਨ ਵੱਲੋਂ ਲਗਾਏ ਰਿਸ਼ਵਤ ਦੇ ਆਰੋਪਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਖਿਡਾਰੀ ਜਸਇੰਦਰ ਸਿੰਘ ਨੌਕਰੀ ਲਈ ਸਪੋਰਟਸ ਕੋਟੇ ਦਾ ਹੱਕਦਾਰ ਨਹੀਂ ਹੈ ਕਿਉਂਕਿ ਉਹ ਹਾਈਕੋਰਟ ‘ਚੋਂ ਵੀ 2021 ਵਿਚ ਕੇਸ ਹਾਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਾਜ਼ਿਸ਼ ਤਹਿਤ ਬਦਨਾਮ ਕਰ ਰਹੇ ਹਨ। ਚੰਨੀ ਨੇ ਕਿਹਾ, ”ਮੁੱਖ ਮੰਤਰੀ ਨੇ ਪਹਿਲਾਂ ਮੇਰਾ ਨਾਮ ਮੇਰੇ ਭਾਣਜੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਅਤੇ ਹੁਣ ਭਤੀਜੇ ਨੂੰ ‘ਚ ਲੈ ਆਇਆ ਹੈ।” ਉਨ੍ਹਾਂ ਕਿਹਾ ਕਿ ਜਿਸ ਨੂੰ ਉਨ੍ਹਾਂ ਨੌਕਰੀਆਂ ਦਿੱਤੀਆਂ, ਉਨ੍ਹਾਂ ਤੋਂ ਪੁੱਛੋ ਕਿ ਕਿਸੇ ਤੋਂ ਕੋਈ ਪੈਸਾ ਲਿਆ। ਇਸ ਮੌਕੇ ਜਸ਼ਨ ਨੇ ਵੀ ਕਿਹਾ ਕਿ ਉਹ ਕਦੇ ਵੀ ਇਨ੍ਹਾਂ ਲੋਕਾਂ ਨੂੰ ਨਹੀਂ ਮਿਲਿਆ ਹੈ। ਉਧਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਕਿਹਾ ਕਿ ਜੇਕਰ ਦੋਸ਼ ਸੱਚੇ ਹਨ ਤਾਂ ਮੁੱਖ ਮੰਤਰੀ ਕਾਰਵਾਈ ਕਰਨ। ਮੁੱਖ ਮੰਤਰੀ ਸ਼ਰੀਫ਼ ਇਨਸਾਨ ਨੂੰ ਪ੍ਰੇਸ਼ਾਨ ਕਰ ਰਹੇ ਹਨ।

 

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …