
ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਮੋਗਾ ਰੈਲੀ ’ਚ ਪਹੁੰਚੀ
ਮੋਗਾ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਨੇ ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਕਿੱਲੀ ਚਾਹਲ ਵਿਚ ਵੱਡੀ ਰੈਲੀ ਕੀਤੀ ਹੈ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ‘ਨਸ਼ਿਆਂ ਵਿਰੁੱਧ ਜੰਗ’ ਨੂੰ ਹੋਰ ਤੇਜ਼ ਕਰਨ ਦਾ ਸਪੱਸ਼ਟ ਸੱਦਾ ਦਿੱਤਾ। ਸੀਐਮ ਮਾਨ ਨੇ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ’ਤੇ ਤਿੱਖਾ ਸਿਆਸੀ ਹਮਲਾ ਕਰਦਿਆਂ ਇਲਜ਼ਾਮ ਲਗਾਇਆ ਕਿ ਪਿਛਲੀਆਂ ਹਕੂਮਤਾਂ ਨੇ ਸਿਆਸੀ ਅਤੇ ਵਿੱਤੀ ਲਾਭਾਂ ਲਈ ਪੰਜਾਬ ਨੂੰ ‘ਨਸ਼ਿਆਂ ਦੀ ਦਲਦਲ’ ਵਿਚ ਧੱਕ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅਸੀਂ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜ ਰਹੇ ਹਾਂ, ਨਸ਼ੇੜੀਆਂ ਦਾ ਮੁੜ ਵਸੇਬਾ ਕਰ ਰਹੇ ਹਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਸਖਤ ਕਾਰਵਾਈ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਹੁਣ ਨਸ਼ਿਆਂ ਵਿਰੁੱਧ ਇਕ ਲੋਕ ਲਹਿਰ ਖੜ੍ਹੀ ਹੋ ਗਈ ਹੈ ਅਤੇ ਇਹ ਸਮੂਹਿਕ ਸੰਕਲਪ ਹੀ ਇਸ ਲਾਹਣਤ ਨੂੰ ਖਤਮ ਕਰਨ ਦਾ ਇਕੋ ਇਕ ਤਰੀਕਾ ਹੈ। ਸੀਐਮ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਨੂੰ ਬਰਬਾਦ ਕਰਨ ਵਾਲਿਆਂ ਨੂੰ ਜੜ੍ਹੋਂ ਪੁੱਟਣ ਲਈ ਵਚਨਬੱਧ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਕੁਝ ਲੀਡਰਾਂ ਨੇ ਪੈਸੇ ਦੀ ਹਵਸ ਕਾਰਨ ਸੂਬੇ ਨੂੰ ਕਲੰਕਿਤ ਕੀਤਾ ਹੈ। ਂਿੲਸ ਮੌਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਸੰਬੋਧਨ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਹੁਣ ਪੰਜਾਬ ਦੇ ਲੋਕ ਪਿੰਡਾਂ ਵਿਚੋਂ ਨਸ਼ਾ ਤਸਕਰਾਂ ਨੂੰ ਭਜਾ ਰਹੇ ਹਨ। ਉਨ੍ਹਾਂ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਤਹਿਤ ਵੱਡੇ ਤੋਂ ਵੱਡੇ ਨਸ਼ਾ ਤਸਕਰ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਅਤੇ ਨਸ਼ਾ ਤਸਕਰਾਂ ਦੇ ਘਰਾਂ ’ਤੇ ਬੁਲਡੋਜ਼ਰ ਚਲਾਏ ਜਾ ਰਹੇ ਹਨ। ਇਸ ਰੈਲੀ ਵਿਚ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੀ ਪਹੁੰਚੀ ਹੋਈ ਸੀ।

