Breaking News
Home / Uncategorized / ‘ਆਪ’ ਨੇ ਸਿਆਸੀ ਦਿੱਗਜਾਂ ਸਾਹਮਣੇ ਉਤਾਰੇ ਵਲੰਟੀਅਰ

‘ਆਪ’ ਨੇ ਸਿਆਸੀ ਦਿੱਗਜਾਂ ਸਾਹਮਣੇ ਉਤਾਰੇ ਵਲੰਟੀਅਰ

ਪੰਜਾਬ ਦੀਆਂ 13 ਸੀਟਾਂ ਵਿਚੋਂ 4 ਸੀਟਾਂ ‘ਤੇ ਪਾਰਟੀ ਨੇ ਵਲੰਟੀਅਰ ਉਤਾਰੇ
ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਦੀਆਂ ਲੋਕ ਸਭਾ ਚੋਣਾਂ ਇਸ ਵਾਰ ਦਿਲਚਸਪ ਬਣਦੀਆਂ ਜਾ ਰਹੀਆਂ ਹਨ। ਸਿਆਸਤ ਵਿਚ ਵੱਡੀ ਮੁਹਾਰਤ ਰੱਖਣ ਵਾਲੇ ਸਿਆਸੀ ਦਿੱਗਜਾਂ ਸਾਹਮਣੇ ਇਸ ਵਾਰ ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਦੇ ਫਾਰਮੂਲੇ ‘ਤੇ ਕੰਮ ਕਰਦਿਆਂ ਆਪਣੇ ਵਾਲੰਟੀਅਰਾਂ ਨੂੰ ਮੈਦਾਨ ਵਿਚ ਉਤਾਰਿਆ ਹੈ। ਇਨ੍ਹਾਂ ਉਮੀਦਵਾਰਾਂ ਨੂੰ ਚੋਣਾਂ ਦਾ ਭਾਵੇਂ ਓ ਅ ਨਾ ਆਉਂਦਾ ਹੋਵੇ ਪਰ ਉਹ ਸਿਆਸੀ ਦਿੱਗਜਾਂ ਨੂੰ ਟੱਕਰ ਦੇਣ ਦੀ ਤਿਆਰੀ ਕਰ ਰਹੇ ਹਨ। ਇਸ ਵਾਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਸੂਬੇ ਦੀਆਂ 13 ਵਿਚੋਂ 4 ਸੀਟਾਂ ‘ਤੇ ਅਜਿਹੇ ਵਾਲੰਟੀਅਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ, ਜਿਨ੍ਹਾਂ ਨੇ ਪਹਿਲਾਂ ਕਦੇ ਚੋਣਾਂ ਨਹੀਂ ਲੜੀਆਂ ਤੇ ਹੁਣ ਉਹ ਸਿੱਧੇ ‘ਆਪ’ ਵੱਲੋਂ ਸੰਸਦੀ ਚੋਣਾਂ ਲਈ ਚੋਣ ਮੈਦਾਨ ਵਿਚ ਹਨ। ਲੋਕ ਸਭਾ ਚੋਣਾਂ ਲਈ ਜਿੱਥੇ ਰਵਾਇਤੀ ਪਾਰਟੀਆਂ ਸਿਆਸੀ ਪਿਛੋਕੜ ਵਾਲੇ ਆਗੂਆਂ ਨੂੰ ਆਪਣੇ ਉਮੀਦਵਾਰ ਬਣਾ ਕੇ ਚੋਣ ਮੈਦਾਨ ਵਿਚ ਉਤਾਰ ਰਹੀਆਂ ਹਨ, ਉਥੇ ਹੀ ਆਮ ਆਦਮੀ ਪਾਰਟੀ ਨੇ ਇਸ ਵਾਰ ਵਾਲੰਟੀਅਰਾਂ ‘ਤੇ ਦਾਅ ਖੇਡਿਆ ਹੈ। ‘ਆਪ’ ਨੇ ਲੁਧਿਆਣਾ ਲੋਕ ਸਭਾ ਹਲਕੇ ਲਈ ਡਾ. ਤੇਜਪਾਲ ਸਿੰਘ ਗਿੱਲ (32) ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਕਾਲਜ ਵਿਚ ਪੜ੍ਹਾਉਣ ਵਾਲੇ ਡਾ. ਗਿੱਲ ਨੇ ਇਸ ਤੋਂ ਪਹਿਲਾਂ ਕੋਈ ਚੋਣ ਨਹੀਂ ਲੜੀ। ਉਹ 2014 ਵਿਚ ‘ਆਪ’ ਨਾਲ ਜੁੜਿਆ ਸੀ। ਉਸ ਨੇ ‘ਆਪ’ ਕੋਲੋਂ ਟਿਕਟ ਦੀ ਮੰਗ ਵੀ ਨਹੀਂ ਕੀਤੀ ਸੀ। ਡਾ. ਗਿੱਲ ਦੀ ਲੜਾਈ ਲੁਧਿਆਣਾ ਵਿਚ ਕਾਂਗਰਸ ਦੇ ਦੋ ਵਾਰ ਲੋਕ ਸਭਾ ਮੈਂਬਰ ਰਹਿ ਚੁੱਕੇ ਰਵਨੀਤ ਸਿੰਘ ਬਿੱਟੂ, ਪੀਡੀਏ ਦੇ ਉਮੀਦਵਾਰ ਤੇ ਦੋ ਵਾਰ ਅਜ਼ਾਦ ਤੌਰ ‘ਤੇ ਜਿੱਤ ਚੁੱਕੇ ਵਿਧਾਇਕ ਸਿਮਰਜੀਤ ਸਿੰਘ ਬੈਂਸ, ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਵਰਗੇ ਦਿੱਗਜ ਆਗੂਆਂ ਨਾਲ ਹੈ।ਅੰਮ੍ਰਿਤਸਰ ਤੋਂ ਚੋਣ ਮੈਦਾਨ ਵਿਚ ਉਤਾਰੇ ਗਏ ‘ਆਪ’ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਵੀ ਪਹਿਲੀ ਵਾਰ ਚੋਣ ਲੜ ਰਹੇ ਹਨ। ਕੁਲਦੀਪ ਸਿੰਘ ਦੀ ਲੜਾਈ ਕਾਂਗਰਸ ਦੇ ਮੌਜੂਦਾ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨਾਲ ਹੈ।ਇਸੇ ਤਰ੍ਹਾਂ ਪਟਿਆਲਾ ਵਿਚ ਵੀ ‘ਆਪ’ ਨੇ ਵਾਲੰਟੀਅਰ ਨੀਨਾ ਮਿੱਤਲ ਨੂੰ ਟਿਕਟ ਦਿੱਤੀ ਹੈ, ਜਿਸ ਦੀ ਚੋਣਾਂ ਵਿਚ ਟੱਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਸਾਬਕਾ ਕੇਂਦਰੀ ਵਜ਼ੀਰ ਪ੍ਰਨੀਤ ਕੌਰ, ਮੌਜੂਦਾ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ, ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨਾਲ ਹੈ। ਖਡੂਰ ਸਾਹਿਬ ਤੋਂ ਵੀ ‘ਆਪ’ ਨੇ ਵਾਲੰਟੀਅਰ ਮਨਜਿੰਦਰ ਸਿੰਘ ਸਿੱਧੂ ਨੂੰ ਟਿਕਟ ਦਿੱਤੀ ਹੈ, ਜਿਸ ਦੀ ਚੋਣਾਂ ਵਿਚ ਟੱਕਰ ਪੀਡੀਏ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਤੇ ਕਾਂਗਰਸ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਨਾਲ ਹੈ।

Check Also

ਕਾਂਗਰਸ ਪਾਰਟੀ ਦੀ ਪੰਜਾਬ ਦੇ ਕਿਸਾਨ ਵੋਟਰਾਂ ’ਤੇ ਨਜ਼ਰ

ਰਾਜਾ ਵੜਿੰਗ ਨੇ ਲਾਲੜੂ ’ਚ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣ ਵਿਰੋਧੀ ’ਤੇ ਸਾਧਿਆ ਨਿਸ਼ਾਨਾ ਲਾਲੜੂ/ਬਿਊਰੋ ਨਿਊਜ਼ …