2003 ’ਚ ਲੈਫਟੀਨੈਂਟ ਦੇ ਅਹੁਦੇ ’ਤੇ ਹੋਏ ਸਨ ਭਰਤੀ
ਮੁਹਾਲੀ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਵਿਚਾਲੇ ਹੋਏ ਮੁਕਾਬਲੇ ਦੌਰਾਨ ਨਿਊ ਚੰਡੀਗੜ੍ਹ ਦੇ ਪਿੰਡ ਭੜੌਜੀਆਂ ਦੇ ਰਹਿਣ ਵਾਲੇ ਕਰਨਲ ਮਨਪ੍ਰੀਤ ਸਿੰਘ ਸ਼ਹੀਦ ਹੋ ਗਏ ਹਨ। ਇਸ ਮੁਕਾਬਲੇ ’ਚ ਮਨਪ੍ਰੀਤ ਸਿੰਘ ਤੋਂ ਇਲਾਵਾ ਇਕ ਮੇਜਰ ਅਤੇ ਪੁਲਿਸ ਦਾ ਡੀਐਸਪੀ ਵੀ ਸ਼ਹੀਦ ਹੋਇਆ ਹੈ। ਕਰਨਲ ਮਨਪ੍ਰੀਤ ਸਿੰਘ ਦੀ ਕੁਝ ਸਮਾਂ ਪਹਿਲਾਂ ਹੀ ਲੈਫਟੀਨੈਂਟ ਕਰਨਲ ਦੇ ਅਹੁਦੇ ਤੋਂ ਤਰੱਕੀ ਹੋਈ ਸੀ ਅਤੇ ਉਨ੍ਹਾਂ ਨੂੰ ਕਰਨਲ ਦਾ ਅਹੁਦਾ ਮਿਲ ਗਿਆ ਸੀ। ਉਹ ਆਪਣੇ ਪਿਛੇ ਪਤਨੀ, 7 ਸਾਲ ਦਾ ਬੇਟਾ ਅਤੇ ਢਾਈ ਸਾਲ ਦੀ ਬੇਟੀ ਛੱਡ ਗਏ ਹਨ। ਕਰਨਲ ਮਨਪ੍ਰੀਤ ਸਿੰਘ ਨੂੰ ਦੋ ਸਾਲ ਪਹਿਲਾਂ ਹੀ ਫੌਜ ਵਲੋਂ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਸੀ ਅਤੇ ਉਹ 19 ਰਾਸ਼ਟਰੀ ਰਾਈਫਲ ਵਿਚ ਬਤੌਰ ਲੈਫਟੀਨੈਂਟ ਕਰਨਲ ਕਾਰਜਸ਼ੀਲ ਸਨ। ਮਨਪ੍ਰੀਤ ਸਿੰਘ 2003 ਵਿਚ ਲੈਫਟੀਨੈਂਟ ਦੇ ਅਹੁਦੇ ’ਤੇ ਭਰਤੀ ਹੋਏ ਸਨ ਅਤੇ 2005 ਵਿਚ ਉਹ ਮੇਜਰ ਦੇ ਅਹੁਦੇ ਤੱਕ ਪਹੁੰਚ ਗਏ ਸਨ। ਮਨਪ੍ਰੀਤ ਸਿੰਘ ਦੇ ਪਿਤਾ ਵੀ ਫੌਜ ਵਿਚ ਰਹੇ। ਕਰਨਲ ਮਨਪ੍ਰੀਤ ਸਿੰਘ ਦੇ ਸ਼ਹੀਦ ਹੋਣ ਦੀ ਖਬਰ ਸੁਣ ਕੇ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਅਤੇ ਵੱਡੀ ਗਿਣਤੀ ਵਿਚ ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਹਨ।