Breaking News
Home / ਕੈਨੇਡਾ / Front / ‘ਆਪ’ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਸਕੂਲ ਆਫ਼ ਐਮੀਨੈਂਸ ’ਤੇ ਕਸਿਆ ਤੰਜ

‘ਆਪ’ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਸਕੂਲ ਆਫ਼ ਐਮੀਨੈਂਸ ’ਤੇ ਕਸਿਆ ਤੰਜ

ਕਿਹਾ : ਇਸ ਸਕੂਲ ਨੂੰ ਤਾਂ ਪਿਛਲੀਆਂ ਸਰਕਾਰਾਂ ਨੇ ਹੀ ਬਣਾ ਦਿੱਤਾ ਸੀ ਸਮਾਰਟ ਸਕੂਲ
ਅੰਮਿ੍ਰਤਸਰ/ਬਿਊਰੋ ਨਿਊਜ਼ : ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੰਘੇ ਕੱਲ੍ਹ ਅੰਮਿ੍ਰਤਸਰ ਜ਼ਿਲ੍ਹੇ ਦੇ ਛੇਹਰਟਾ ਇਲਾਕੇ ਵਿਚ ਬਣੇ ਪਹਿਲੇ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕੀਤਾ ਗਿਆ ਸੀ। ਪੰਜਾਬ ਸਰਕਾਰ ਵੱਲੋਂ ਇਸ ਸਕੂਲ ਦੀ ਸ਼ੁਰੂਆਤ ਨੂੰ ਪੰਜਾਬ ਦੀ ਸਿੱਖਿਆ ਕ੍ਰਾਂਤੀ ਵਿਚ ਨਿਵੇਕਲੀ ਪਹਿਲ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਸਕੂਲ ਆਫ਼ ਐਮੀਨੈਂਸ ਸਬੰਧੀ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ਵਿਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਸਕੂਲਾਂ ਦੀ ਬਦਲੀ ਗਈ ਨੁਹਾਰ ਸਬੰਧੀ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ ਅਤੇ ਸਕੂਲ ਸਬੰਧੀ ਖੂਬ ਤਾਰੀਫ਼ਾਂ ਕੀਤੀਆਂ ਤੇ ਵਧਾਈ ਦਿੱਤੀ। ਜਦਕਿ ਇਸ ’ਤੇ ਅੰਮਿ੍ਰਤਸਰ ਤੋਂ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਤੰਜ ਕਸਿਆ ਹੈ। ਉਨ੍ਹਾਂ ਕਿਹਾ ਕਿ ਡਾ. ਸਾਹਬ ਤੁਹਾਨੂੰ ਵੀ ਬਹੁਤ ਬਹੁਤ ਵਧਾਈ ਹੋਵੇ। ਇਹ ਸਕੂਲ ਮੈਨੂੰ ਵੀ ਜ਼ਰੂਰ ਦਿਖਾਓ, ਜੇਕਰ ਇਹ ਨਵਾਂ ਬਣਿਆ ਹੋਵੇ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਮੈਨੂੰ ਪਤਾ ਹੈ ਇਹ ਪਹਿਲਾਂ ਤੋਂ ਹੀ ਇਕ ਬੇਹਤਰੀਨ ਸਕੂਲ ਹੈ ਅਤੇ ਇਸ ਨੂੰ ਸਮਾਰਟ ਸਕੂਲ ਪਹਿਲਾਂ ਹੀ ਬਣਾ ਦਿੱਤਾ ਗਿਆ ਸੀ ਪਿਛਲੀਆਂ ਸਰਕਾਰਾਂ ਵੱਲੋਂ। ਇਸ ਸਕੂਲ ਵਿਚ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਹੈ ਕਈ ਮੌਕਿਆਂ ’ਤੇ। ਇਹ ਜ਼ਰੂਰ ਹੈ  ਕੁੱਝ ਨਵੀਂ ਰੈਨੋਵੇਸ਼ਨ ਹੁਣ ਕਰਵਾਈ ਗਈ ਹੋਵੇਗੀ। ਜਿੱਥੋਂ ਤੱਕ ਮੈਨੂੰ ਪਤਾ ਹੈ ਸਤਪਾਲ ਡਾਂਗ ਨੇ ਇਸ ਸਕੂਲ ਦੀ ਕਾਇਆ ਪਲਟ ਕੀਤੀ ਸੀ ਅਤੇ ਉਨ੍ਹਾਂ ਦੀ ਭਤੀਜੀ ਮਧੂ ਡਾਂਗ ਨੇ ਹਾਲ ਵਿਚ ਇਕ ਫੰਕਸ਼ਨ ਵੀ ਇਥੇ ਕਰਵਾਇਆ ਸੀ ਜਿੱਥੇ ਮੈਨੂੰ ਜਾਣ ਦਾ ਮੌਕਾ ਮਿਲਿਆ ਸੀ। ਮੈਂ ਪਿਛਲੇ ਕਾਫ਼ੀ ਸਮੇਂ ਤੋਂ ਦੇਖ ਰਿਹਾ ਹਾਂ ਕਿ ਇਸ ਸਕੂਲ ਦੇ ਨਤੀਜੇ ਵੀ ਬਹੁਤ ਵਧੀਆ ਆਉਂਦੇ ਹਨ। ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਅਸੀਂ ਤਾਂ ਨਵੇਂ ਅਤੇ ਬੇਹਤਰੀਨ ਸਕੂਲ ਬਣਾਉਣ ਦਾ ਵਾਅਦਾ ਕੀਤਾ ਸੀ ਅਤੇ ਇਸ ’ਤੇ ਚਾਨਣਾ ਜ਼ਰੁਰ ਪਾਓ।

Check Also

ਸੁਪਰੀਮ ਕੋਰਟ ਨੇ ਪਤੰਜਲੀ ਕੋਲੋਂ ਮੁਆਫੀਨਾਮੇ ਦੀ ਅਸਲੀ ਕਾਪੀ ਮੰਗੀ

ਅਦਾਲਤ ਨੇ ਉੱਤਰਾਖੰਡ ਲਾਇਸੈਂਸਿੰਗ ਅਥਾਰਟੀ ਦੀ ਵੀ ਕੀਤੀ ਖਿਚਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਪਤੰਜਲੀ ਦੇ ਗੁੰਮਰਾਹਕੁੰਨ …