ਕੇਂਦਰ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਅਤੇ ਸਿੱਖਿਆ ਸ਼ਾਸ਼ਤਰੀ ਸਤਨਾਮ ਸਿੰਘ ਸੰਧੂ ਨੂੰ ਰਾਜ ਸਭਾ ਦੀ ਮੈਂਬਰੀ ਲਈ ਨਾਮਜ਼ਦ ਕੀਤਾ ਗਿਆ ਹੈ। ਕੇਂਦਰ ਸਰਕਾਰ ਵਲੋਂ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਸਤਨਾਮ ਸਿੰਘ ਸੰਧੂ ਭਾਰਤ ਦੇ ਪ੍ਰਮੁੱਖ ਸਿੱਖਿਆ ਸ਼ਾਸ਼ਤਰੀਆਂ ਵਿਚੋਂ ਇਕ ਹਨ। ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਟਵੀਟ ਕੀਤਾ ਗਿਆ ਹੈ। ਟਵੀਟ ਵਿਚ ਪੀਐਮ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਰਾਸ਼ਟਰਪਤੀ ਜੀ ਨੇ ਸਤਨਾਮ ਸਿੰਘ ਸੰਧੂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਹੈ। ਸਤਨਾਮ ਸਿੰਘ ਸੰਧੂ ਨੇ ਇੱਕ ਉੱਘੇ ਸਿੱਖਿਆ ਸ਼ਾਸਤਰੀ ਅਤੇ ਸਮਾਜ ਸੇਵੀ ਵਜੋਂ ਆਪਣੀ ਪਛਾਣ ਬਣਾਈ ਹੈ, ਜੋ ਵੱਖ-ਵੱਖ ਤਰੀਕਿਆਂ ਨਾਲ ਜ਼ਮੀਨੀ ਪੱਧਰ ’ਤੇ ਲੋਕਾਂ ਦੀ ਸੇਵਾ ਕਰ ਰਹੇ ਹਨ। ਉਸ ਨੇ ਹਮੇਸ਼ਾ ਰਾਸ਼ਟਰੀ ਏਕਤਾ ਨੂੰ ਅੱਗੇ ਵਧਾਉਣ ਲਈ ਵਿਆਪਕ ਤੌਰ ’ਤੇ ਕੰਮ ਕੀਤਾ ਹੈ ਅਤੇ ਭਾਰਤੀ ਡਾਇਸਪੋਰਾ ਨਾਲ ਵੀ ਕੰਮ ਕੀਤਾ ਹੈ। ਮੈਂ ਉਨ੍ਹਾਂ ਦੀ ਸੰਸਦੀ ਯਾਤਰਾ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਮੈਨੂੰ ਭਰੋਸਾ ਹੈ ਕਿ ਰਾਜ ਸਭਾ ਦੀ ਕਾਰਵਾਈ ਉਨ੍ਹਾਂ ਦੇ ਵਿਚਾਰਾਂ ਨਾਲ ਭਰਪੂਰ ਹੋਵੇਗੀ। ਇਸੇ ਦੌਰਾਨ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਵੀ ਸਤਨਾਮ ਸਿੰਘ ਸੰਧੂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਹਨ।