ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਕੁਲਦੀਪ ਕੁਮਾਰ ਟੀਟਾ ਨੂੰ ਹਰਾਇਆ
ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਮਨੋਜ ਸੋਨਕਰ ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਬਣ ਗਏ ਹਨ। ਮਨੋਜ ਸੋਨਕਰ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ‘ਇੰਡੀਆ ਗਠਜੋੜ’ ਦੇ ਸਾਂਝੇ ਉਮੀਦਵਾਰ ਕੁਲਦੀਪ ਕੁਮਾਰ ਟੀਟਾ ਨੂੰ 4 ਵੋਟਾਂ ਨਾਲ ਹਰਾ ਦਿੱਤਾ। ਇਸ ਮੇਅਰ ਚੋਣ ਦੇ ਲਈ ਸੰਸਦ ਮੈਂਬਰ ਕਿਰਨ ਖੇਰ ਅਤੇ 35 ਕੌਂਸਲਰਾਂ ਨੇ ਆਪੋ-ਆਪਣੀ ਵੋਟ ਦਾ ਇਸਤੇਮਾਲ ਕੀਤਾ। ਜਿਨ੍ਹਾਂ ਵਿਚ ਭਾਜਪਾ ਦੇ ਮਨੋਜ ਸੋਨਕਰ ਨੂੰ 16 ਅਤੇ ‘ਆਪ’ ਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਕੁਲਦੀਪ ਕੁਮਾਰ ਟੀਟਾ ਨੂੰ 12 ਵੋਟਾਂ ਪਈਆਂ, ਜਦੋਂ ਕਿ 8 ਵੋਟਾਂ ਕਾਊਂਟਿੰਗ ਵਿਚ ਸ਼ਾਮਲ ਨਹੀਂ ਕੀਤੀਆਂ ਗਈਆਂ। ਸੀਨੀਅਰ ਡਿਪਟੀ ਮੇਅਰ ਕੁਲਜੀਤ ਸਿੰਘ ਸੰਧੂ ਅਤੇ ਡਿਪਟੀ ਮੇਅਰ ਰਾਜਿੰਦਰ ਸਿੰਘ ਬਣੇ ਹਨ। ਇਸੇ ਤਰ੍ਹਾਂ ਚੰਡੀਗੜ੍ਹ ਵਿਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਭਾਜਪਾ ਕੋਲ ਚਲੇ ਗਏ ਹਨ। ਇਸ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸਮਰਥਕਾਂ ਵਲੋਂ ਭਾਜਪਾ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਧਿਆਨ ਰਹੇ ਕਿ ਭਾਜਪਾ ਅਤੇ ਵਿਰੋਧੀ ਦਲਾਂ ਦੇ ‘ਇੰਡੀਆ ਗਠਜੋੜ’ ਦਾ ਦੇਸ਼ ਭਰ ਵਿਚ ਇਹ ਪਹਿਲਾ ਸਿੱਧਾ ਚੋਣ ਮੁਕਾਬਲਾ ਸੀ, ਜਿਸ ਨੂੰ ਜਿੱਤਣ ਲਈ ਭਾਜਪਾ ਕਾਮਯਾਬ ਰਹੀ ਹੈ।