
ਸੀਐਮ ਮਾਨ ਨੇ ਕਿਹਾ : ਰਹਿੰਦੀਆਂ ਗਾਰੰਟੀਆਂ ਵੀ ਜਲਦੀ ਪੂਰੀਆਂ ਕਰਾਂਗੇ
ਮੁਹਾਲੀ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਮੁਹਾਲੀ ਵਿਚ ਪ੍ਰੈਸ ਕਾਨਫਰੰਸ ਕੀਤੀ ਹੈ। ਇਸ ਮੌਕੇ ਸੀਐਮ ਮਾਨ ਨੇ ਕਿਹਾ ਕਿ ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਕੋਈ ਧੱਕੇਸ਼ਾਹੀ ਨਹੀਂ ਕੀਤੀ ਅਤੇ ਮੈਂ ਚੋਣਾਂ ਜਿੱਤਣ ਵਾਲੇ ਸਾਰੇ ਉਮੀਦਵਾਰਾਂ ਨੂੰ ਵਧਾਈ ਦਿੰਦਾ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਸਾਡੀਆਂ ਜਿਹੜੀਆਂ ਗਾਰੰਟੀਆਂ ਰਹਿੰਦੀਆਂ ਹਨ, ਉਨ੍ਹਾਂ ਨੂੰ ਵੀ ਅਸੀਂ ਜਲਦੀ ਪੂਰੀਆਂ ਕਰਾਂਗੇ। ਮਾਨ ਨੇ ਕਿਹਾ ਕਿ ਮੇਰੇ ਪਿੰਡ ਵਿਚੋਂ ਸਿਰਫ ਇਕ ਵੋਟ ਭਾਰਤੀ ਜਨਤਾ ਪਾਰਟੀ ਨੂੰੂ ਪਈ ਹੈ। ਉਨ੍ਹਾਂ ਕਿਹਾ ਕਿ ਅਗਲੀਆਂ ਚੋਣਾਂ ਅਸੀਂ ਵਿਕਾਸ ਦੇ ਮੁੱਦੇ ’ਤੇ ਲੜਾਂਗੇ। ਇਸੇ ਦੌਰਾਨ ਅਰਵਿੰਦ ਕੇਜਰੀਵਾਲ ਨੇ ਵੀ ਇਹ ਚੋਣਾਂ ਜਿੱਤਣ ਵਾਲੇ ਉਮੀਦਵਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲੋਕਾਂ ਨੇ ਵਿਕਾਸ ਦੇ ਨਾਮ ’ਤੇ ਵੋਟਾਂ ਪਾਈਆਂ ਹਨ। ਦੱਸਣਯੋਗ ਹੈ ਕਿ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ 63 ਫੀਸਦੀ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ।

