
ਪੁਲਿਸ ਅਧਿਕਾਰੀ ਦੀ ਬਦਸਲੂਕੀ ਖਿਲਾਫ ਹੋ ਰਿਹਾ ਸੀ ਰੋਸ ਪ੍ਰਦਰਸ਼ਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲਾਂ ਨੇ ਪਿਛਲੇ ਦਿਨਾਂ ਤੋਂ ਚੱਲ ਰਹੀ ਹੜਤਾਲ ਵਾਪਸ ਲੈ ਲਈ ਹੈ। ਬਾਰ ਐਸੋਸੀਏਸ਼ਨ ਨੇ ਆਪਣੀ ਹੜਤਾਲ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਹ ਫੈਸਲਾ ਉਦੋਂ ਲਿਆ ਗਿਆ, ਜਦੋਂ ਹਿਸਾਰ ਪੁਲਿਸ ਦੇ ਐਸ.ਐਚ.ਓ. ਦੇ ਖਿਲਾਫ ਸਖਤ ਵਿਭਾਗੀ ਕਾਰਵਾਈ ਕੀਤੀ ਗਈ। ਇਹ ਮਾਮਲਾ ਹਿਸਾਰ ਵਿਚ ਇਕ ਵਕੀਲ ਨਾਲ ਹੋਈ ਪੁਲਿਸ ਦੀ ਬਦਸਲੂਕੀ ਨਾਲ ਜੁੜਿਆ ਹੋਇਆ ਹੈ। ਵਕੀਲਾਂ ਨੇ ਇਲਜ਼ਾਮ ਲਗਾਇਆ ਸੀ ਕਿ ਪੁਲਿਸ ਨੇ ਇਕ ਵਕੀਲ ਦੇ ਘਰ ਵਿਚ ਵੜ ਕੇ ਉਸ ਨਾਲ ਕੁੱਟਮਾਰ ਕੀਤੀ ਸੀ। ਇਸ ਘਟਨਾ ਤੋਂ ਨਰਾਜ਼ ਹੋ ਕੇ ਵਕੀਲਾਂ ਵਲੋਂ ਹੜਤਾਲ ਕੀਤੀ ਗਈ ਸੀ ਅਤੇ ਦੋਸ਼ੀ ਪੁਲਿਸ ਅਧਿਕਾਰੀ ਦੇ ਖਿਲਾਫ ਕਾਰਵਾਈ ਦੀ ਮੰਗ ਹੋ ਰਹੀ ਸੀ। ਐਸ.ਐਚ.ਓ. ਖਿਲਾਫ ਹੋਈ ਵਿਭਾਗੀ ਕਾਰਵਾਈ ਤੋਂ ਬਾਅਦ ਵਕੀਲਾਂ ਨੇ ਹੜਤਾਲ ਖਤਮ ਕਰ ਦਿੱਤੀ ਅਤੇ ਹੁਣ ਅਦਾਲਤ ਦਾ ਕੰਮਕਾਜ ਆਮ ਵਾਂਗ ਚੱਲ ਸਕੇਗਾ।

