Breaking News
Home / ਪੰਜਾਬ / ਪੰਜਾਬ ‘ਚ 150 ਕਰੋੜ ਰੁਪਏ ਦਾ ‘ਮਸ਼ੀਨਰੀ ਘੁਟਾਲਾ’!

ਪੰਜਾਬ ‘ਚ 150 ਕਰੋੜ ਰੁਪਏ ਦਾ ‘ਮਸ਼ੀਨਰੀ ਘੁਟਾਲਾ’!

ਕੈਪਟਨ ਅਮਰਿੰਦਰ ਸਿੰਘ ਕੋਲੋਂ ਵੀ ਹੋ ਸਕਦੀ ਹੈ ਪੁੱਛਗਿੱਛ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਖੇਤੀ ਮਸ਼ੀਨਰੀ ਖਰੀਦ ਵਿਚ 150 ਕਰੋੜ ਰੁਪਏ ਦਾ ਘੁਟਾਲਾ ਉਜਾਗਰ ਹੋਇਆ ਹੈ। ਸੂਬੇ ਵਿਚ ਤਿੰਨ ਸਾਲਾਂ ‘ਚ ਖਰੀਦੀਆਂ 11,275 ਮਸ਼ੀਨਾਂ ਦਾ ਕੁਝ ਪਤਾ ਨਹੀਂ ਚੱਲ ਰਿਹਾ। ਇਨ੍ਹਾਂ ਮਸ਼ੀਨਾਂ ਦੀ ਖਰੀਦ ਲਈ ਕੇਂਦਰ ਸਰਕਾਰ ਕੋਲੋਂ 1178 ਕਰੋੜ ਰੁਪਏ ਦੀ ਸਬਸਿਡੀ ਆਈ ਸੀ। ਵਿਭਾਗੀ ਜਾਂਚ ਵਿਚ ਘੁਟਾਲੇ ਦੇ ਸਬੂਤ ਮਿਲਣ ਤੋਂ ਬਾਅਦ ਸੂਬੇ ਦੇ ਖੇਤੀ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵਿਜੀਲੈਂਸ ਜਾਂਚ ਦੀ ਸਿਫਾਰਸ਼ ਕਰ ਦਿੱਤੀ ਹੈ। ਇਸ ਤੋਂ ਬਾਅਦ ਉਸ ਸਮੇਂ ਖੇਤੀ ਮੰਤਰਾਲਾ ਸੰਭਾਲ ਰਹੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਜਾਂਚ ਦੇ ਘੇਰੇ ਵਿਚ ਆ ਸਕਦੇ ਹਨ। ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਚ 2018-19 ਤੋਂ 2021-22 ਦੌਰਾਨ ਕਿਸਾਨਾਂ ਨੂੰ 90,422 ਮਸ਼ੀਨਾਂ ਵੰਡੀਆਂ ਗਈਆਂ ਸਨ। ਖੇਤੀ ਨਾਲ ਸਬੰਧਤ ਇਨ੍ਹਾਂ ਮਸ਼ੀਨਾਂ ਦੀ ਖਰੀਦ ਲਈ ਕੇਂਦਰ ਸਰਕਾਰ ਕੋਲੋਂ ਸਬਸਿਡੀ ਆਈ ਸੀ ਅਤੇ ਇਸ ਵਿਚ ਹੋਏ ਘੁਟਾਲੇ ਦੀ ਪੁਸ਼ਟੀ ਹੋਣ ਤੋਂ ਬਾਅਦ ਮੰਤਰੀ ਧਾਲੀਵਾਲ ਨੇ ਜਾਂਚ ਵਿਜੀਲੈਂਸ ਨੂੰ ਸੌਂਪ ਦਿੱਤੀ ਹੈ। ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਕੈਪਟਨ ਅਮਰਿੰਦਰ ਸਿੰਘ ਦੀ ਜ਼ਿੰਮੇਵਾਰੀ ਵੀ ਸੀ ਕਿ ਮਸ਼ੀਨਾਂ ਸਹੀ ਢੰਗ ਨਾਲ ਵੰਡੀਆਂ ਜਾਣ।
ਭਾਰਤ ਭੂਸ਼ਣ ਆਸ਼ੂ ਦਾ ਪੀਏ ਟੈਂਡਰ ਘੁਟਾਲਾ ਮਾਮਲੇ ‘ਚ ਨਾਮਜ਼ਦ
ਲੁਧਿਆਣਾ : ਕਣਕ ਮੰਡੀਆਂ ਵਿੱਚ ਹੋਏ ਟੈਂਡਰ ਘੁਟਾਲੇ ਦੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਤੇਲੂ ਰਾਮ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਮੀਨੂੰ ਪੰਕਜ ਮਲਹੋਤਰਾ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਹੈ।
ਸਰਕਾਰ ਇਸ ਮਾਮਲੇ ‘ਚ ਕਿਤੇ ਨਾ ਕਿਤੇ ਸਾਬਕਾ ਕੈਬਨਿਟ ਮੰਤਰੀ ਨੂੰ ਘੇਰਨ ਦੀ ਤਿਆਰੀ ‘ਚ ਹੈ। ਸੂਤਰ ਦੱਸਦੇ ਹਨ ਕਿ ਆਸ਼ੂ ਦੇ ਪੀਏ ਮੀਨੂੰ ਦੇ ਨਾਮਜ਼ਦ ਹੋਣ ਤੋਂ ਬਾਅਦ ਉਨ੍ਹਾਂ ਦੇ ਕਈ ਅਜਿਹੇ ਨਜ਼ਦੀਕੀ ਹਨ, ਜੋ ਘਰਾਂ ਤੋਂ ਫ਼ਰਾਰ ਹੋ ਗਏ ਹਨ। ਜਾਣਕਾਰੀ ਮੁਤਾਬਕ ਦਾਣਾ ਮੰਡੀਆਂ ‘ਚ ਕਣਕ ਦੀ ਲੋਡਿੰਗ ਤੇ ਅਨਲੋਡਿੰਗ ਲਈ ਮਜ਼ਦੂਰਾਂ ਤੇ ਵਾਹਨਾਂ ਨੂੰ ਲੈ ਕੇ ਟੈਂਡਰ ਜਾਰੀ ਹੋਏ ਸਨ। ਇਸ ਵਿੱਚ ਇਹ ਗੱਲ ਸਾਹਮਣੇ ਆਈ ਕਿ ਕਈ ਅਜਿਹੇ ਵਾਹਨਾਂ ਦੇ ਨੰਬਰ ਲਾਏ ਗਏ, ਜੋ ਟਰੱਕਾਂ ਦੀ ਥਾਂ ਸਕੂਟਰਾਂ ਤੇ ਮੋਟਰਸਾਈਕਲਾਂ ਦੇ ਸਨ। ਜਿਨ੍ਹਾਂ ਵਾਹਨਾਂ ਦੇ ਇਹ ਨੰਬਰ ਹਨ, ਉਹ ਮਾਲ ਢੋਹਣ ਲਈ ਯੋਗ ਹੀ ਨਹੀਂ ਹਨ। ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਗੁਰਦਾਸ ਰਾਮ ਐਂਡ ਕੰਪਨੀ ਦੇ ਮਾਲਕ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀਆਂ ਦੇ ਕਾਫ਼ੀ ਨਜ਼ਦੀਕੀ ਸਨ। ਇਸ ਕਾਰਨ ਮਿਲੀਭੁਗਤ ਕਰਕੇ ਉਸ ਨੂੰ ਟੈਂਡਰ ਦਿੱਤੇ ਗਏ। ਇਹ ਵੀ ਦੱਸਿਆ ਗਿਆ ਹੈ ਕਿ ਇਸ ਮਿਲੀਭੁਗਤ ‘ਚ ਸਭ ਤੋਂ ਵੱਡਾ ਹੱਥ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਸੀ। ਹੁਣ ਵਿਜੀਲੈਂਸ ਦੀ ਟੀਮ ਇਹ ਜਾਂਚ ਕਰਨ ‘ਚ ਲੱਗੀ ਹੈ ਮੀਨੂੰ ਪੰਕਜ ਮਲਹੋਤਰਾ ਰਾਹੀਂ ਕਿਹੜਾਕਿਹੜਾ ਫੂਡ ਐਂਡ ਸਪਲਾਈ ਵਿਭਾਗ ਦਾ ਅਧਿਕਾਰੀ ਇਸ ਮਾਮਲੇ ‘ਚ ਸ਼ਾਮਲ ਹੈ। ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਤੇਲੂ ਰਾਮ ਤੇ ਮੀਨੂੰ ਪੰਕਜ ਮਲਹੋਤਰਾ ਵਿੱਚ ਕਾਫ਼ੀ ਨੇੜੇਲੇ ਸਬੰਧ ਸਨ ਤੇ ਇਸੇ ਦਾ ਫਾਇਦਾ ਚੁੱਕ ਕੇ ਤੇਲੂ ਰਾਮ ਨੇ ਵੱਡੇ ਟੈਂਡਰ ਲਏ ਸਨ। ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਮੀਨੂੰ ਪੰਕਜ ਮਲਹੋਤਰਾ ਨੂੰ ਵਿਜੀਲੈਂਸ ਨੇ ਆਪਣੇ ਦਫ਼ਤਰ ਬੁਲਾਇਆ ਸੀ, ਪਰ ਉਹ ਪੇਸ਼ ਨਹੀਂ ਹੋਇਆ, ਜਿਸ ਕਾਰਨ ਵਿਜੀਲੈਂਸ ਦੀ ਟੀਮ ਨੇ ਉਸ ਨੂੰ ਨਾਮਜ਼ਦ ਕਰ ਲਿਆ।

 

Check Also

ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ ’ਚ ਹੋਈ ਵਾਪਸੀ

ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਲਿਆ ਫੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ ਸੁੱਚਾ ਸਿੰਘ …