‘ਖੇਡਾਂ ਵਤਨ ਪੰਜਾਬ ਦੀਆਂ’ ਦੀ ਰੂਪਨਗਰ ’ਚ ਰਸਮੀ ਸ਼ੁਰੂਆਤ
ਰੂਪਨਗਰ/ਬਿੳੂਰੋ ਨਿੳੂਜ਼
ਪੰਜਾਬ ਵਿਚ ‘ਖੇਡਾਂ ਵਤਨ ਪੰਜਾਬ ਦੀਆਂ’ ਚੱਲ ਰਹੀਆਂ ਹਨ ਅਤੇ ਇਸਦਾ ਉਦਘਾਟਨ ਪਿਛਲੇ ਦਿਨੀਂ ਭਗਵੰਤ ਮਾਨ ਨੇ ਜਲੰਧਰ ਵਿਚ ਕੀਤਾ ਸੀ। ਭਗਵੰਤ ਮਾਨ ਨੇ ਇਸ ਮੌਕੇ ਖੁਦ ਵਾਲੀਵਾਲ ਖੇਡ ਕੇ ਨੌਜਵਾਨਾਂ ’ਚ ਉਤਸ਼ਾਹ ਵਧਾਇਆ ਸੀ। ਇਸੇ ਦੌਰਾਨ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਅੱਜ ਰੂਪਨਗਰ ਵਿਚ ਜ਼ਿਲ੍ਹਾ ਪੱਧਰੀ ਖੇਡਾਂ ਦੀ ਰਸਮੀ ਸ਼ੁਰੂਆਤ ਨਹਿਰੂ ਸਟੇਡੀਅਮ ਵਿਖੇ ਕੀਤੀ ਗਈ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ, ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ, ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਖੁਦ ਦੌੜ ਲਗਾ ਕੇ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ। ਇਸ ਮੌਕੇ ਹਰਜੋਤ ਬੈਂਸ ਨੇ ਕਿਹਾ ਕਿ ਭਗਵੰਤ ਮਾਨ ਪੂਰਨ ਇਮਾਨਦਾਰ ਮੁੱਖ ਮੰਤਰੀ ਹਨ, ਜਿਹੜੇ ਪੰਜਾਬ ਨੂੰ ਬੁਲੰਦੀਆਂ ਵੱਲ ਲੈ ਕੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ 28 ਲੱਖ ਵਿਦਿਆਰਥੀ ਹਨ ਤੇ ਸਾਰੇ ਹੀ ਖਾਸ ਹਨ। ਹਰ ਵਿਦਿਆਰਥੀ ਵਿਚ ਕੋਈ ਨਾ ਕੋਈ ਪ੍ਰਤਿਭਾ ਹੈ ਤੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਉਹਨਾਂ ਨੂੰ ਹਰ ਮੰਚ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜਾ ਵਿਦਿਆਰਥੀ ਚੰਗੇ ਮੁਕਾਮ ’ਤੇ ਪਹੁੰਚਣਾ ਚਾਹੁੰਦਾ ਹੈ ਉਸ ਨੂੰ ਹਰ ਸਹੂਲਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਬਿਹਤਰ ਬਣਾਉਣ ਵਿੱਚ ਕਸਰ ਨਹੀਂ ਛੱਡੀ ਜਾਵੇਗੀ।