
ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ’ਤੇ ਚੁੱਕੇ ਸਵਾਲ
ਲੁਧਿਆਣਾ/ਬਿਊਰੋ ਨਿਊਜ਼
ਨਸ਼ਿਆਂ ਦਾ ਕੋਹੜ ਇੱਕ ਹਰੇ-ਭਰੇ ਪਰਿਵਾਰ ਦੀ ਜੜ੍ਹ ਵਿੱਚ ਇਸ ਤਰ੍ਹਾਂ ਬੈਠਿਆ ਕਿ ਇੱਕ ਮਾਂ ਦੇ ਛੇ ਪੁੱਤਾਂ ਨੂੰ ਜਵਾਨੀ ਵਿੱਚ ਹੀ ਲੈ ਗਿਆ। ਇਸ ਮਾਂ ਨੇ ਨਸ਼ਿਆਂ ਦੀ ਮਹਾਂਮਾਰੀ ਕਾਰਨ ਆਪਣੇ ਸਾਰੇ ਛੇ ਪੁੱਤਰਾਂ ਨੂੰ ਗੁਆਉਣ ਤੋਂ ਬਾਅਦ ਸਰਕਾਰ ਤੋਂ ਤੁਰੰਤ ਦਖਲ ਦੀ ਮੰਗ ਕੀਤੀ ਹੈ। ਲੁਧਿਆਣਾ ਜ਼ਿਲ੍ਹੇ ਵਿਚ ਪੈਂਦੇ ਪਿੰਡ ਸ਼ੇਰੇਵਾਲ ਨਾਲ ਸਬੰਧਤ ਛਿੰਦਰ ਕੌਰ ਦੇ ਪਰਿਵਾਰ ਦਾ ਆਖਰੀ ਪੁੱਤਰ ਜਸਵੀਰ ਸਿੰਘ ਵੀ ਪਿਛਲੇ ਦਿਨੀਂ ਇੱਕ ਨਹਿਰ ਦੇ ਕਿਨਾਰੇ ਮਿ੍ਰਤਕ ਹਾਲਤ ਵਿੱਚ ਮਿਲਿਆ ਸੀ, ਜਿਸਦੀ ਮੌਤ ਕਥਿਤ ਤੌਰ ’ਤੇ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਸੀ। ਛਿੰਦਰ ਕੌਰ ਨੇ ਕਿਹਾ ਕਿ ਉਸਦਾ ਪਤੀ ਮੁਖਤਿਆਰ ਸਿੰਘ ਵੀ ਸ਼ਰਾਬ ਪੀਣ ਦਾ ਆਦੀ ਸੀ ਅਤੇ ਉਸਨੇ ਕਥਿਤ ਤੌਰ ’ਤੇ 2012 ਵਿੱਚ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਛਿੰਦਰ ਕੌਰ ਨੇ ਸੂਬਾ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਆਲੋਚਨਾ ਕਰਦਿਆਂ ਨਸ਼ਿਆਂ ਦੀ ਰੋਕਥਾਮ ਲਈ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਹੁਣ ਛਿੰਦਰ ਕੌਰ ਦੇ ਪਰਿਵਾਰ ਵਿੱਚ ਉਸਦੀ ਇੱਕ ਨੂੰਹ ਅਤੇ ਇੱਕ ਪੋਤਾ ਹੀ ਰਹਿ ਗਏ ਹਨ।

