Breaking News
Home / ਪੰਜਾਬ / ਕਨ੍ਹੱਈਆ ਨੇ ਸੇਧਿਆ ਭਾਜਪਾ ਤੇ ਸੰਘ ਉਤੇ ਨਿਸ਼ਾਨਾ

ਕਨ੍ਹੱਈਆ ਨੇ ਸੇਧਿਆ ਭਾਜਪਾ ਤੇ ਸੰਘ ਉਤੇ ਨਿਸ਼ਾਨਾ

kanhaiya-kumar-jnu-300x191-copy-copyਸਿਮੀ ਕਾਰਕੁਨਾਂ ਦੇ ‘ਪੁਲਿਸ ਮੁਕਾਬਲੇ’ ਦੀ ਜੁਡੀਸ਼ਲ ਜਾਂਚ ਮੰਗੀ
ਘੱਟ ਗਿਣਤੀਆਂ ਵਿਚ ਦਹਿਸ਼ਤ ਵਾਲਾ ਮਾਹੌਲ ਸਿਰਜਣ ਦਾ ਲਾਇਆ ਦੋਸ਼
ਜਲੰਧਰ/ਬਿਊਰੋ ਨਿਊਜ਼
ਮੇਲਾ ਗ਼ਦਰੀ ਬਾਬਿਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਵਿਦਿਆਰਥੀ ਕਨ੍ਹੱਈਆ ਕੁਮਾਰ, ਉਮਰ ਖਾਲਿਦ ਤੇ ਅਨਿਰਬਾਨ ਭੱਟਾਚਾਰੀਆ ਨੇ ਭੁਪਾਲ ਵਿਚ ਜੇਲ੍ਹ ਵਿੱਚੋਂ ਭੱਜੇ 8 ਸਿਮੀ ਕਾਰਕੁਨਾਂ ਨੂੰ ‘ਪੁਲਿਸ ਮੁਕਾਬਲੇ’ ਵਿਚ ਮਾਰੇ ਜਾਣ ਦੀ ਘਟਨਾ ਦੀ ਜੁਡੀਸ਼ਲ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਮੁਕਾਬਲਾ ਪੂਰੀ ਤਰ੍ਹਾਂ ਸ਼ੱਕੀ ਲੱਗ ਰਿਹਾ ਹੈ। ਇਸ ਬਾਰੇ ਨਾ ਤਾਂ ਮੱਧ ਪ੍ਰਦੇਸ਼ ਸਰਕਾਰ ਦੀਆਂ ਏਜੰਸੀਆਂ ‘ਤੇ ਭਰੋਸਾ ਕੀਤਾ ਜਾ ਸਕਦਾ ਹੈ ਤੇ ਨਾ ਹੀ ਸੀਬੀਆਈ ਦੀ ਜਾਂਚ ‘ਤੇ। ਇਸ ਘਟਨਾ ਦਾ ਸੱਚ ਜੁਡੀਸ਼ਲ ਜਾਂਚ ਹੋਣ ‘ਤੇ ਹੀ ਸਾਹਮਣੇ ਆ ਸਕਦਾ ਹੈ। ਕਨ੍ਹੱਈਆ ਕੁਮਾਰ ਨੇ ਆਪਣੇ ਸੰਬੋਧਨ ਵਿਚ ਸਭ ਤੋਂ ਵੱਧ ਆਰਐੱਸਐੱਸ, ਭਾਜਪਾ ਤੇ ਮੋਦੀ ‘ਤੇ ਨਿਸ਼ਾਨਾ ਸਾਧਿਆ ਤੇ ਦੇਸ਼ ਵਿੱਚ ਪੈਦਾ ਕੀਤੇ ਜਾ ਰਹੇ ਦਹਿਸ਼ਤ ਨੂੰ ਸੁਚੇਤ ਕਰਦਿਆਂ ਕਿਹਾ ਕਿ ਘੱਟ ਗਿਣਤੀਆਂ ਇਸ ਮਾਹੌਲ ਤੋਂ ਡਰਨ ਦੀ ਥਾਂ ਲੜਨ ਲਈ ਅੱਗੇ ਆਉਣ।
ਪਹਿਲੀ ਵਾਰ ਜਲੰਧਰ ਆਏ ਕਨ੍ਹੱਈਆ ਕੁਮਾਰ ਨੇ 25ਵੇਂ ਸਿਲਵਰ ਜੁਬਲੀ ਮੇਲਾ ਗ਼ਦਰੀ ਬਾਬਿਆਂ ਮੌਕੇ ਖੁੱਲ੍ਹੇ ਪੰਡਾਲ ਵਿਚ ਕਿਹਾ ਕਿ ਭੋਪਾਲ ‘ਚ ਜੋ ਪੁਲਿਸ ਨੇ ਮੁਕਾਬਲਾ ਦਿਖਾ ਕੇ 8 ਸਿਮੀ ਕਾਰਕਨਾਂ ਨੂੰ ਮਾਰਿਆ ਹੈ, ਉਸ ਬਾਰੇ ਬਹੁਤ ਸਾਰੀਆਂ ਸ਼ੱਕੀ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ। ਇਸ ਲਈ ਸੱਚ ਸਾਹਮਣੇ ਲਿਆਉਣ ਲਈ ਇਸ ਘਟਨਾ ਦੀ ਜੁਡੀਸ਼ਲ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ 1925 ‘ਚ ਆਰਐੱਸਐੱਸ ਦੇ ਗਠਨ ਤੋਂ ਲੈ ਕੇ ਹੀ ਦੇਸ਼ ਦੀਆਂ ਘੱਟ ਗਿਣਤੀਆਂ ‘ਤੇ ਲਗਾਤਾਰ ਹਮਲੇ ਹੋ ਰਹੇ ਹਨ। ਕੇਂਦਰ ਵਿੱਚ 2014 ਦੌਰਾਨ ਮੋਦੀ ਦੀ ਸਰਕਾਰ ਬਣਨ ‘ਤੇ ਹਿੰਦੂਵਾਦੀ ਤਾਕਤਾਂ ਨੇ ਜ਼ੋਰ ਫੜ ਲਿਆ ਸੀ। ਉਨ੍ਹਾਂ ਕਿਹਾ ਕਿ ਇੱਕ ਸਾਜ਼ਿਸ਼ ਤਹਿਤ ਘੱਟ ਗਿਣਤੀਆਂ ਵਿੱਚ ਵੀ ਦਲਿਤਾਂ ਨੂੰ ਮੁਸਲਮਾਨਾਂ ਨਾਲ ਲੜਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਰਜੀਕਲ ਸਟਰਾਈਕ ਅਤੇ ਰਾਮ ਮੰਦਰ ਦੇ ਮੁੱਦੇ ਨੂੰ ਸਿਰਫ ਵੋਟਾਂ ਖਾਤਰ ਹੀ ਉਭਾਰ ਰਹੀ ਹੈ। ਆਰਐੱਸਐੱਸ ਤੇ ਭਾਜਪਾ ਨੇ ਦੇਸ਼ ਅੰਦਰ ਅਜਿਹਾ ਮਾਹੌਲ ਪੈਦਾ ਕਰ ਦਿੱਤਾ ਹੈ ਤਾਂ ਜੋ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਿਆ ਰਹੇ। ਉਨ੍ਹਾਂ ਕਿਹਾ ਕਿ ਦੇਸ਼ ਧ੍ਰੋਹੀ ਦਾ ਜਿਹੜਾ ਕੇਸ ਉਨ੍ਹਾਂ ਵਿਰੁੱਧ ਕੀਤਾ ਸੀ, 9 ਮਹੀਨੇ ਬੀਤਣ ਦੇ ਬਾਵਜੂਦ ਪੁਲਿਸ ਨੇ ਅਜੇ ਤੱਕ ਚਾਰਜਸ਼ੀਟ ਦਾਖਲ ਨਹੀਂ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੋਚ ਬਦਲਣ ਦੇ ਦਿੱਤੇ ਜਾ ਰਹੇ ਨਾਅਰੇ ‘ਤੇ ਚੋਟ ਕਰਦਿਆਂ ਕਿਹਾ ਕਿ ਦੇਸ਼ ਸਚਮੁੱਚ ਹੀ ਬਦਲ ਰਿਹਾ ਹੈ ਕਿਉਂਕਿ ਪਹਿਲਾਂ ਸਿੱਖਿਆ ਸਰਕਾਰੀ ਤੌਰ ‘ਤੇ ਮੁਫ਼ਤ ਦਿੱਤੀ ਜਾਂਦੀ ਸੀ, ਹੁਣ ਸਰਕਾਰ ਸਿੱਖਿਆ ਵੇਚਣ ਲੱਗ ਪਈ ਹੈ। ਇਸੇ ਦੌਰਾਨ ਉਮਰ ਖਾਲਿਦ ਅਤੇ ਅਨਿਰਬਾਨ ਭੱਟਾਚਾਰੀਆ ਨੇ ਗੱਲਬਾਤ ਦੌਰਾਨ ਕਿਹਾ ਕਿ ਸਿਮੀ ਦੇ ਕਾਰਕੁਨਾਂ ਨੂੰ ਮਾਰਨ ਲਈ ਜਿਹੜਾ ਪੁਲਿਸ ਮੁਕਾਬਲਾ ਦਿਖਾਇਆ ਗਿਆ ਹੈ ਉਹ ਪੁਲਿਸ ਦੇ ਬਿਆਨਾਂ ਨਾਲ ਹੀ ਸ਼ੱਕ ਦੇ ਘੇਰੇ ਵਿੱਚ ਆ ਗਿਆ ਹੈ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …