Breaking News
Home / ਭਾਰਤ / ਲੌਕਡਾਊਨ ਦੇ ਚਲਦਿਆਂ ਪਰਵਾਸੀ ਮਜ਼ਦੂਰਾਂ ਦਾ ਚੁੱਲ੍ਹਾ ਬਲਣਾ ਹੋਇਆ ਔਖਾ

ਲੌਕਡਾਊਨ ਦੇ ਚਲਦਿਆਂ ਪਰਵਾਸੀ ਮਜ਼ਦੂਰਾਂ ਦਾ ਚੁੱਲ੍ਹਾ ਬਲਣਾ ਹੋਇਆ ਔਖਾ

ਨਵੀਂ ਦਿੱਲੀ/ਬਿਊਰੋ ਨਿਊਜ਼
ਘਰਾਂ ‘ਚ ਕੰਮ ਕਰਨ ਵਾਲੀ ਮਮਤਾ ਨੂੰ ਬਿਹਾਰ ‘ਚ ਆਪਣੇ ਪਿੰਡ ਨਾ ਜਾਣ ਦਾ ਹੁਣ ਅਫ਼ਸੋਸ ਹੋ ਰਿਹਾ ਹੈ। ਲੌਕਡਾਊਨ ਕਰਕੇ ਉਸ ਨੂੰ ਇਥੇ ਆਪਣੀ ਤਨਖ਼ਾਹ ਨਹੀਂ ਮਿਲ ਸਕੀ ਹੈ ਜਿਸ ਕਰਕੇ ਖਾਣੇ ਦੇ ਲਾਲੇ ਪਏ ਗਏ ਹਨ। ਇਸੇ ਤਰ੍ਹਾਂ ਮਾਲੀ ਭੀਮ ਸਿੰਘ ਵਰਗੇ ਲੋਕ ਵੀ ਪਾਬੰਦੀਆਂ ਕਾਰਨ ਆਪਣਾ ਮਿਹਨਤਾਨਾ ਇਕੱਠਾ ਨਹੀਂ ਕਰ ਸਕੇ ਹਨ। ਇਹ ਕਹਾਣੀ ਉਨ੍ਹਾਂ ਹਜ਼ਾਰਾਂ ਪਰਵਾਸੀ ਕਾਮਿਆਂ ਦੀ ਹੈ ਜਿਨ੍ਹਾਂ ਆਪਣੇ ਪਿੰਡਾਂ ਵੱਲ ਹਿਜਰਤ ਨਹੀਂ ਕੀਤੀ ਅਤੇ ਕੌਮੀ ਰਾਜਧਾਨੀ ‘ਚ ਰੁਕਣਾ ਹੀ ਬਿਹਤਰ ਸਮਝਿਆ।
ਮੁਲਕ ‘ਚ ਲੌਕਡਾਊਨ ਹੋਣ ਕਰਕੇ ਉਨ੍ਹਾਂ ਦੀ ਸ਼ਿਕਾਇਤ ਹੈ ਕਿ ਉਹ ਜਦੋਂ ਆਪਣੀਆਂ ਸੁਸਾਇਟੀਆਂ ‘ਚ ਜਾਂਦੇ ਹਨ ਤਾਂ ਰਾਹ ‘ਚੋਂ ਹੀ ਉਨ੍ਹਾਂ ਨੂੰ ਭਜਾ ਦਿੱਤਾ ਜਾਂਦਾ ਹੈ।
ਥੋੜ੍ਹੇ ਭੋਜਨ ‘ਤੇ ਜੀਅ ਰਹੀ ਮਮਤਾ (57) ਨੇ ਸੋਚਿਆ ਸੀ ਕਿ ਉਹ ਨੌਇਡਾ ‘ਚ ਘਰਾਂ ਦਾ ਕੰਮ ਕਰਨਾ ਜਾਰੀ ਰਖੇਗੀ ਅਤੇ ਉਸ ਨੇ ਦਰਬੰਗਾ ‘ਚ ਆਪਣੇ ਪਿੰਡ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਦੀਆਂ ਆਸਾਂ ‘ਤੇ ਛੇਤੀ ਹੀ ਪਾਣੀ ਪੈ ਗਿਆ। ਜਦੋਂ ਵੀ ਉਹ ਕੰਮ ਲਈ ਘਰ ਤੋਂ ਬਾਹਰ ਜਾਂਦੀ ਹੈ ਤਾਂ ਪੁਲੀਸ ਉਸ ਨੂੰ ਰੋਕ ਕੇ ਵਾਪਸ ਭੇਜ ਦਿੰਦੀ ਹੈ।
‘ਮੈਨੂੰ ਬੁਰੀ ਤਰ੍ਹਾਂ ਝਾੜਿਆ ਗਿਆ ਅਤੇ ਡੰਡਾ ਦਿਖਾ ਕਿ ਆਖਿਆ ਗਿਆ ਕਿ ਮੈਂ ਆਪਣੇ ਨਾਲ ਨਾਲ ਦੂਜਿਆਂ ਦੀ ਜਾਨ ਨੂੰ ਖ਼ਤਰੇ ‘ਚ ਪਾ ਰਹੀ ਹਾਂ।” ਮਮਤਾ ਨੇ ਕਿਹਾ ਕਿ ਉਹ ਪਹਿਲੀ ਅਪਰੈਲ ਦੀ ਉਡੀਕ ਕਰ ਰਹੀ ਸੀ ਤਾਂ ਜੋ ਤਨਖ਼ਾਹ ਇਕੱਠੀ ਕਰ ਸਕੇ ਪਰ ਅਜਿਹਾ ਨਹੀਂ ਹੋ ਸਕਿਆ। ਉਸ ਨੇ ਕਿਹਾ,”ਅਸੀਂ ਘਰਾਂ ਤਕ ਨਹੀਂ ਪਹੁੰਚ ਸਕ ਰਹੇ। ਲੋਕ ਵੀ ਸਾਡੇ ਟਿਕਾਣਿਆਂ ‘ਤੇ ਤਨਖ਼ਾਹ ਦੇਣ ਲਈ ਨਹੀਂ ਆ ਸਕਦੇ। ਮੇਰਾ ਤਾਂ ਕਿਤੇ ਬੈਂਕ ‘ਚ ਖਾਤਾ ਵੀ ਨਹੀਂ ਹੈ।” ਡਿਊਟੀ ‘ਤੇ ਤਾਇਨਾਤ ਸਿਪਾਹੀ ਨੂੰ ਜਦੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਘਰਾਂ ‘ਚ ਕੰਮ ਕਰਨ ਵਾਲੇ ‘ਲੋੜੀਂਦੀਆਂ ਸੇਵਾਵਾਂ’ ਦੀ ਸੂਚੀ ਨਹੀਂ ਆਉਂਦੇ।
ਉਨ੍ਹਾਂ ਕਿਹਾ ਕਿ ਜੇਕਰ ਉਹ ਸੜਕਾਂ ‘ਤੇ ਘੁੰਮਦੇ ਮਿਲੇ ਤਾਂ ਪੁਲੀਸ ਵਾਲਿਆਂ ਦਾ ਹੀ ਨਜ਼ਲਾ ਝੜੇਗਾ। ਮੇਘਾ ਦੀ ਵੀ ਇਹੋ ਹਾਲਤ ਹੈ। ਉਸ ਨੇ ਕਿਹਾ ਕਿ ਸਿਰਫ਼ ਗਰੀਬਾਂ ਨਾਲ ਹੀ ਅਜਿਹੀ ਸੰਕਟ ਦੀ ਘੜੀ ‘ਚ ਅਛੂਤਾਂ ਵਰਗਾ ਵਿਵਹਾਰ ਕਿਉਂ ਕੀਤਾ ਜਾ ਰਿਹਾ ਹੈ।
ਭੀਮ ਸਿੰਘ ਦਾ ਮੰਨਣਾ ਹੈ ਕਿ ਜੇਕਰ ਉਹ ਆਪਣੇ ਪਿੰਡ ਚਲਾ ਜਾਂਦਾ ਤਾਂ ਸਾਰੀਆਂ ਮੁਸ਼ਕਲਾਂ ਖ਼ਤਮ ਹੋ ਜਾਣੀਆਂ ਸਨ ਪਰ ਹੁਣ ਰੋਜ਼ ਹੀ ਸੰਘਰਸ਼ ਕਰਨਾ ਪੈ ਰਿਹਾ ਹੈ। ਆਲ ਇੰਡੀਆ ਪ੍ਰੋਗਰੈਸਿਵ ਵਿਮੈੱਨਜ਼ ਐਸੋਸੀਏਸ਼ਨ ਦੀ ਸਕੱਤਰ ਕਵਿਤਾ ਕ੍ਰਿਸ਼ਨਨ ਨੇ ਕਿਹਾ ਕਿ ਸਰਕਾਰ ਨੂੰ ਅਜਿਹੇ ਵਿਅਕਤੀਆਂ ਦਾ ਪਤਾ ਲਗਾ ਕੇ ਉਨ੍ਹਾਂ ਤਕ ਰਾਸ਼ਨ ਅਤੇ ਫੰਡ ਪਹੁੰਚਾਉਣੇ ਚਾਹੀਦੇ ਹਨ। ਸਮਾਜਿਕ ਖੋਜ ਕੇਂਦਰ ਦੀ ਡਾਇਰੈਕਟਰ ਰੰਜਨਾ ਕੁਮਾਰੀ ਨੇ ਕਿਹਾ ਕਿ ਦਿੱਕਤਾਂ ਦੇ ਨਿਬੇੜੇ ਲਈ ਪਹਿਲਾਂ ਤੋਂ ਹੀ ਯੋਜਨਾ ਬਣਾਈ ਜਾਣੀ ਚਾਹੀਦੀ ਸੀ। ਸਹੇਲੀ ਟਰੱਸਟ ਦੀ ਮੈਂਬਰ ਵਾਨੀ ਸੁਬਰਾਮਣੀਅਨ ਨੇ ਕਿਹਾ ਕਿ ਸਰਕਾਰ ਨੂੰ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਕਿ ਗਰੀਬ ਲੋਕ ਤਨਖ਼ਾਹਾਂ ਇਕੱਤਰ ਕਰ ਸਕਣ।

Check Also

ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ

ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …