Breaking News
Home / ਹਫ਼ਤਾਵਾਰੀ ਫੇਰੀ / ਦਲੇਰ ਮਹਿੰਦੀ ਗ੍ਰਿਫਤਾਰ

ਦਲੇਰ ਮਹਿੰਦੀ ਗ੍ਰਿਫਤਾਰ

2003 ਦੇ ਕਬੂਤਰਬਾਜ਼ੀ ਮਾਮਲੇ ‘ਚ 2 ਸਾਲ ਦੀ ਸਜ਼ਾ ਬਰਕਰਾਰ
ਪਟਿਆਲਾ : ਪੌਪ ਗਾਇਕ ਦਲੇਰ ਮਹਿੰਦੀ ਖਿਲਾਫ ਦੋ ਦਹਾਕੇ ਪਹਿਲਾਂ ਦਰਜ ਕਬੂਤਰਬਾਜ਼ੀ ਦੇ ਮਾਮਲੇ ਵਿਚ ਵੀਰਵਾਰ ਨੂੰ ਪਟਿਆਲਾ ਦੇ ਐਡੀਸ਼ਨਲ ਸੈਸ਼ਨ ਜੱਜ ਐੱਚ.ਐੱਸ. ਗਰੇਵਾਲ ਦੀ ਅਦਾਲਤ ਨੇ ਉਸਦੀ ਦੋ ਸਾਲ ਦੀ ਕੈਦ ਦੀ ਸਜ਼ਾ ਬਰਕਰਾਰ ਰੱਖੀ ਹੈ। ਇਸ ਤੋਂ ਪਹਿਲਾਂ ਪਟਿਆਲਾ ਦੀ ਹੀ ਹੇਠਲੀ ਅਦਾਲਤ ਵੱਲੋਂ ਦਲੇਰ ਮਹਿੰਦੀ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜਿਸ ਨੂੰ ਦਲੇਰ ਮਹਿੰਦੀ ਨੇ ਉੱਪਰਲੀ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ ਪਰ ਉਪਰਲੀ ਅਦਾਲਤ ਵੱਲੋਂ ਉਸਦੀ ਸਜ਼ਾ ਬਰਕਰਾਰ ਰੱਖੀ ਗਈ ਹੈ। ਇਸੇ ਦੌਰਾਨ ਦਲੇਰ ਮਹਿੰਦੀ ਨੂੰ ਅਦਾਲਤ ਵਿਚ ਹੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਸੀ। ਜ਼ਿਕਰਯੋਗ ਹੈ ਕਿ ਸਾਲ 2018 ਵਿਚ ਟਰਾਇਲ ਕੋਰਟ ਨੇ ਦਲੇਰ ਮਹਿੰਦੀ ਨੂੰ ਕਬੂਤਰਬਾਜ਼ੀ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਸੀ। ਅਦਾਲਤ ਨੇ ਦਲੇਰ ਮਹਿੰਦੀ ਨੂੰ ਦੋ ਸਾਲ ਦੀ ਕੈਦ ਅਤੇ ਦੋ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ।
ਜ਼ਿਕਰਯੋਗ ਹੈ ਕਿ ਦਲੇਰ ਮਹਿੰਦੀ ਖਿਲਾਫ 2003 ਵਿਚ ਕੇਸ ਦਰਜ ਹੋਇਆ ਸੀ। ਕਰੀਬ 15 ਸਾਲ ਦੀ ਸੁਣਵਾਈ ਤੋਂ ਬਾਅਦ 2018 ਵਿਚ ਪਟਿਆਲਾ ਦੀ ਜੁਡੀਸ਼ੀਅਲ ਮੈਜਿਸਟਰੇਟ ਅਦਾਲਤ ਨੇ ਦਲੇਰ ਮਹਿੰਦੀ ਨੂੰ ਦੋ ਸਾਲ ਦੀ ਕੈਦ ਅਤੇ ਦੋ ਹਜ਼ਾਰ ਰੁਪਏ ਦੀ ਸਜ਼ਾ ਸੁਣਾਈ ਸੀ। ਸਜ਼ਾ ਤਿੰਨ ਸਾਲ ਤੋਂ ਘੱਟ ਹੋਣ ਦੀ ਵਜ੍ਹਾ ਕਰਕੇ ਦਲੇਰ ਮਹਿੰਦੀ ਨੂੰ ਉਸੇ ਸਮੇਂ ਜ਼ਮਾਨਤ ਮਿਲ ਗਈ ਸੀ। ਇਸ ਕੇਸ ਵਿਚ ਆਰੋਪੀ ਬੁਲਬੁਲ ਮਹਿਤਾ ਨੂੰ ਬਰੀ ਕਰ ਦਿੱਤਾ ਗਿਆ ਸੀ।
ਕਬੂਤਰਬਾਜ਼ੀ ਦਾ ਇਹ ਆਰੋਪ ਦਲੇਰ ਮਹਿੰਦੀ ‘ਤੇ
ਕਬੂਤਰਬਾਜ਼ੀ ਦਾ ਮਤਲਬ ਹੁੰਦਾ ਹੈ ਕਿ ਲੋਕਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਦਾ ਧੰਦਾ। ਇਹ ਧੰਦਾ ਪੰਜਾਬ ਹੀ ਨਹੀਂ, ਦੇਸ਼ ਦੇ ਕਈ ਹਿੱਸਿਆਂ ਵਿਚ ਵੱਖ-ਵੱਖ ਨਾਵਾਂ ਨਾਲ ਜਾਰੀ ਹੈ। ਪੰਜਾਬੀ ਗਾਇਕ ਦਲੇਰ ਮਹਿੰਦੀ ਵਿਦੇਸ਼ ਵਿਚ ਸ਼ੋਅ ਕਰਨ ਦੇ ਲਈ ਜਾਂਦੇ ਰਹਿੰਦੇ ਹਨ। ਉਨ੍ਹਾਂ ‘ਤੇ ਇਹ ਆਰੋਪ ਹੈ ਕਿ ਸ਼ੋਅ ਦੇ ਲਈ ਜਾਂਦੇ ਸਮੇਂ ਉਹ 1998-99 ਵਿਚ ਗੈਰਕਾਨੂੰਨੀ ਤਰੀਕੇ ਨਾਲ 10 ਵਿਅਕਤੀਆਂ ਨੂੰ ਆਪਣੇ ਨਾਲ ਅਮਰੀਕਾ ਲੈ ਗਏ ਸਨ। ਉਨ੍ਹਾਂ ਨੇ ਇਹ ਵਿਅਕਤੀਆਂ ਨੂੰ ਆਪਣੀ ਟੀਮ ਦਾ ਹਿੱਸਾ ਬਣਾਇਆ ਅਤੇ ਉਨ੍ਹਾਂ ਨੂੰ ਵਿਦੇਸ਼ ਲਿਜਾਣ ਦੇ ਬਦਲੇ ਪੈਸੇ ਲਏ ਗਏ। ਇਸ ਤੋਂ ਬਾਅਦ ਪਹਿਲਾਂ ਦਲੇਰ ਦੇ ਭਰਾ ਸ਼ਮਸ਼ੇਰ ‘ਤੇ 19 ਸਤੰਬਰ 2003 ਨੂੰ ਮਨੁੱਖੀ ਤਸਕਰੀ ਦਾ ਕੇਸ ਦਰਜ ਹੋਇਆ। ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਇਸ ਵਿਚ ਦਲੇਰ ਨੂੰ ਵੀ ਨਾਮਜ਼ਦ ਕਰ ਲਿਆ ਸੀ।

 

Check Also

ਕਿਸਾਨ ਅੰਦੋਲਨ – 2

ਖਨੌਰੀ ਬਾਰਡਰ ‘ਤੇ ਸ਼ਹੀਦ ਹੋਏ ਸ਼ੁਭਕਰਨ ਨੂੰ ਹੰਝੂਆਂ ਭਰੀ ਅੰਤਮ ਵਿਦਾਇਗੀ ਵੱਡੀ ਗਿਣਤੀ ਵਿਚ ਕਿਸਾਨਾਂ …