2.6 C
Toronto
Sunday, April 26, 2026
spot_img
Homeਹਫ਼ਤਾਵਾਰੀ ਫੇਰੀਟਰੰਪ ਨੇ ਭਾਰਤ 'ਤੇ ਲਾਇਆ 27 ਫੀਸਦ ਜਵਾਬੀ ਟੈਕਸ

ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ

ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਨੇ ਭਾਰਤ ‘ਤੇ 27 ਫੀਸਦ ਜਵਾਬੀ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਅਮਰੀਕੀ ਵਸਤਾਂ ‘ਤੇ ਭਾਰਤ ਉੱਚ ਦਰਾਮਦ ਟੈਕਸ ਵਸੂਲਦਾ ਹੈ, ਅਜਿਹੇ ਮੌਕੇ ਦੇਸ਼ ਦੇ ਵਪਾਰ ਘਾਟੇ ਨੂੰ ਘੱਟ ਕਰਨ ਤੇ ਉਤਪਾਦਨ (ਮੈਨੂਫੈਕਚਰਿੰਗ) ਨੂੰ ਹੱਲਾਸ਼ੇਰੀ ਦੇਣ ਲਈ ਇਹ ਪੇਸ਼ਕਦਮੀ ਜ਼ਰੂਰੀ ਸੀ। ਉਂਝ ਇਸ ਪੇਸ਼ਕਦਮੀ ਨਾਲ ਅਮਰੀਕਾ ਨੇ ਭਾਰਤ ਦੀ ਬਰਾਮਦ ਉੱਤੇ ਅਸਰ ਪੈਣ ਦੀ ਸੰਭਾਵਨਾ ਜਤਾਈ ਹੈ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਆਪਣੇ ਰਵਾਇਤੀ ਵਿਰੋਧੀਆਂ ਦੇ ਮੁਕਾਬਲੇ ਬਿਹਤਰ ਸਥਿਤੀ ਵਿਚ ਹੈ, ਜਿਨ੍ਹਾਂ ਨੂੰ ਉਸ ਤੋਂ ਵੱਧ ਟੈਕਸ ਦਾ ਸਾਹਮਣਾ ਕਰਨਾ ਪਏਗਾ। ਰਾਸ਼ਟਰਪਤੀ ਟਰੰਪ ਨੇ ਆਲਮੀ ਪੱਧਰ ‘ਤੇ ਅਮਰੀਕੀ ਉਤਪਾਦਾਂ ‘ਤੇ ਲਗਾਏ ਗਏ ਉੱਚ ਟੈਕਸਾਂ ਦੇ ਟਾਕਰੇ ਲਈ ਇਤਿਹਾਸਕ ਪੇਸ਼ਕਦਮੀ ਤਹਿਤ ਭਾਰਤ ਸਣੇ ਕਰੀਬ 60 ਮੁਲਕਾਂ ‘ਤੇ ਪਰਸਪਰ (ਜਵਾਬੀ) ਟੈਕਸ ਲਗਾਉਣ ਦਾ ਐਲਾਨ ਕੀਤਾ ਹੈ। ਟਰੰਪ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਤੋਂ ਵੱਖ ਵੱਖ ਮੁਲਕਾਂ ਨੂੰ ਟੈਕਸ ਲਗਾਉਣ ਦਾ ਐਲਾਨ ਕਰਦਿਆਂ ਕਿਹਾ, ”ਇਹ ਮੁਕਤੀ ਦਿਹਾੜਾ ਹੈ, ਜਿਸ ਦੀ ਲੰਮੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ। ਦੋ ਅਪਰੈਲ 2025 ਨੂੰ ਹਮੇਸ਼ਾ ਲਈ ਉਸ ਦਿਨ ਵਜੋਂ ਯਾਦ ਕੀਤਾ ਜਾਵੇਗਾ, ਜਿਸ ਦਿਨ ਅਮਰੀਕੀ ਉਦਯੋਗ ਦਾ ਪੁਨਰ ਜਨਮ ਹੋਇਆ, ਜਿਸ ਦਿਨ ਅਮਰੀਕਾ ਦੇ ਭਾਗ ਮੁੜ ਖੁੱਲ੍ਹੇ, ਜਿਸ ਦਿਨ ਅਸੀਂ ਅਮਰੀਕਾ ਨੂੰ ਮੁੜ ਤੋਂ ਖ਼ੁਸ਼ਹਾਲ ਬਣਾਉਣ ਦਾ ਕੰਮ ਸ਼ੁਰੂ ਕੀਤਾ। ਅਸੀਂ ਅਮਰੀਕਾ ਨੂੰ ਖ਼ੁਸ਼ਹਾਲ, ਚੰਗਾ ਤੇ ਸਮਰਿੱਧ ਬਣਾਉਣ ਜਾ ਰਹੇ ਹਾਂ।”
ਟਰੰਪ ਨੇ ਟੈਕਸਾਂ ਦਾ ਐਲਾਨ ਕਰਦਿਆਂ ਇਕ ਚਾਰਟ ਵੀ ਦਿਖਾਇਆ ਜਿਸ ਵਿਚ ਭਾਰਤ, ਚੀਨ, ਬ੍ਰਿਟੇਨ ਤੇ ਯੂਰਪੀ ਸੰਘ ਜਿਹੇ ਮੁਲਕਾਂ ਵੱਲੋਂ ਲਗਾਏ ਗਏ ਟੈਕਸ ਨਾਲ ਜਵਾਬੀ ਟੈਕਸ ਵੀ ਦਰਸਾਇਆ ਗਿਆ ਸੀ। ਚਾਰਟ ਤੋਂ ਸੰਕੇਤ ਮਿਲਦਾ ਹੈ ਕਿ ਭਾਰਤ ਨੇ ‘ਮੁਦਰਾ ਨਾਲ ਛੇੜਛਾੜ ਤੇ ਵਪਾਰਕ ਅੜਿੱਕਿਆਂ ਸਮੇਤ’ 52 ਫੀਸਦ ਦਾ ਟੈਕਸ ਲਾਇਆ ਹੈ। ਅਮਰੀਕਾ ਵੀ ਹੁਣ ਭਾਰਤ ਤੋਂ ‘ਰਿਆਇਤੀ ਜਵਾਬੀ ਟੈਕਸ’ ਵਸੂਲੇਗਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, ”ਭਾਰਤ ਬਹੁਤ ਬਹੁਤ ਸਖ਼ਤ ਹੈ। ਬੇਹੱਦ ਸਖ਼ਤ ਹੈ। ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਹੁਣੇ ਹੁਣੇ ਇਥੋਂ ਗਏ ਹਨ। ਉਹ ਮੇਰੇ ਚੰਗੇ ਦੋਸਤ ਹਨ, ਪਰ ਮੈਂ ਉਨ੍ਹਾਂ ਨੂੰ ਕਿਹਾ, ”ਤੁਸੀਂ ਮੇਰੇ ਚੰਗੇ ਦੋਸਤ ਹੋ, ਪਰ ਤੁਸੀਂ ਸਾਡੇ ਨਾਲ ਚੰਗਾ ਵਿਵਹਾਰ ਨਹੀਂ ਕਰ ਰਹੇ ਹੋ।
ਜਵਾਬੀ ਟੈਕਸ ਦੇ ਅਸਰ ਦੀ ਸਮੀਖਿਆ ਕਰ ਰਹੀ ਹੈ ਭਾਰਤ ਸਰਕਾਰ : ਅਧਿਕਾਰੀ
ਭਾਰਤ ਦਾ ਵਣਜ ਮੰਤਰਾਲਾ ਅਮਰੀਕਾ ਵੱਲੋਂ ਭਾਰਤ ਤੋਂ ਦਰਾਮਦ ਵਸਤਾਂ ‘ਤੇ ਲਗਾਏ ਗਏ 27 ਫੀਸਦ ਜਵਾਬੀ ਟੈਕਸ ਦੇ ਅਸਰ ਦੀ ਸਮੀਖਿਆ ਕਰ ਰਿਹਾ ਹੈ। ਇਕ ਅਧਿਕਾਰੀ ਮੁਤਾਬਕ 5 ਅਪਰੈਲ ਤੋਂ ਅਮਰੀਕਾ ਵਿਚ ਸਾਰੀਆਂ ਦਰਾਮਦਾਂ ‘ਤੇ ਇਕਸਾਰ 10 ਫੀਸਦ ਜਵਾਬੀ ਟੈਕਸ ਲਾਗੂ ਹੋ ਜਾਵੇਗਾ ਤੇ 10 ਅਪਰੈਲ ਤੋਂ 27 ਫੀਸਦ ਟੈਕਸ ਲਾਗੂ ਹੋਵੇਗਾ। ਅਧਿਕਾਰੀ ਨੇ ਕਿਹਾ, ”ਮੰਤਰਾਲਾ ਐਲਾਨੇ ਟੈਕਸ ਦੇ ਅਸਰ ਦੀ ਸਮੀਖਿਆ ਕਰ ਰਿਹਾ ਹੈ।”
ਕੈਨੇਡੀਅਨਾਂ ਨੂੰ ਹੋਈ ਮੁਸ਼ਕਿਲ ਲਈ ‘ਟੈਰਿਫ ਫਾਰ ਟੈਰਿਫ’ ਦੇ ਸਮਰਥਨ ‘ਚ ਹਾਂ : ਫੋਰਡ
ਟੋਰਾਂਟੋ : ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਆਟੋਮੋਟਿਵ ਆਯਾਤ ‘ਤੇ 25 ਪ੍ਰਤੀਸ਼ਤ ਟੈਰਿਫ ਦਾ ਪ੍ਰਸਤਾਵ ਦੇਣ ਦਾ ਐਲਾਨ ਕਰਨ ਤੋਂ ਬਾਅਦ ਪਹਿਲੀ ਮੰਤਰੀਆਂ ਦੀ ਮੀਟਿੰਗ ਬੁਲਾਉਣ ਲਈ ਕਿਹਾ ਹੈ। ਫੋਰਡ ਨੇ ਕਿਹਾ ਕਿ ਉਹ ਟੈਰਿਫ ਨਾਲ ਕੈਨੇਡੀਅਨਾਂ ਨੂੰ ਹੋਈ ਮੁਸ਼ਕਿਲ ਲਈ ‘ਟੈਰਿਫ ਫਾਰ ਟੈਰਿਫ’ ਜਵਾਬ ਦੇ ਪੂਰੇ ਸਮਰਥਨ ਵਿਚ ਹਨ ਪਰ, ਉਹ ਦੇਖਣਾ ਚਾਹੁੰਦੇ ਹਨ ਕਿ ਟਰੰਪ ਕੀ ਕਰਨ ਜਾ ਰਹੇ ਹਨ। ਫੋਰਡ ਨੇ ਟਰੰਪ ਵੱਲੋ ਫਰਵਰੀ ਵਿੱਚ ਕੈਨੇਡਾ ਨਾਲ ਆਪਣਾ ਵਪਾਰ ਯੁੱਧ ਸ਼ੁਰੂ ਕਰਨ ਤੋਂ ਬਾਅਦ ਤੋਂ ਕਈ ਵਾਰ ਜਵਾਬ ਦਿੱਤਾ, ਜਿਨ੍ਹਾਂ ਵਿਚ ਤਿੰਨ ਅਮਰੀਕੀ ਰਾਜਾਂ ਨੂੰ ਬਿਜਲੀ ਸਪਲਾਈ ਕੱਟਣ ਦੀ ਧਮਕੀ ਦਿੱਤੀ, ਅਮਰੀਕੀ ਮੀਡੀਆ ਨੈੱਟਵਰਕਾਂ ‘ਤੇ ਕਈ ਵਾਰ ਅਤੇ ਅਮਰੀਕੀ ਵਣਜ ਮੰਤਰੀ ਹਾਵਰਡ ਲੂਟਨਿਕ ਨਾਲ ਮੁਲਾਕਾਤ ਲਈ ਵਾਸ਼ਿੰਗਟਨ ਡੀ.ਸੀ. ਦੀ ਯਾਤਰਾ ਸ਼ਾਮਲ ਹਨ। ਫੋਰਡ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਕਾਰਨੀ ਨੂੰ ਟਰੰਪ ਦੇ ਪ੍ਰਸਤਾਵਿਤ ਆਟੋ ਲੇਵੀ ਤੋਂ ਪਹਿਲਾਂ ਅਗਲੇ ਹਫਤੇ ਦੇ ਸ਼ੁਰੂ ਵਿੱਚ ਸਾਰੇ ਪ੍ਰੀਮੀਅਰਾਂ ਨਾਲ ਇੱਕ ਮੀਟਿੰਗ ਬੁਲਾਉਣ ਲਈ ਕਿਹਾ ਕਿਉਂਕਿ ਉਹ ‘ਟੀਮ ਕੈਨੇਡਾ ਪਹੁੰਚ’ ਅਪਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਦੂਜੇ ਸੂਬਿਆਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ, ਪਰ ਕੈਨੇਡੀਅਨਾਂ ਨੂੰ ਦਿੱਤੇ ਦਰਦ ਦਾ ਬਦਲਾ ਲੈ ਰਹੇ ਹਨ।

 

 

RELATED ARTICLES
POPULAR POSTS