ਏਜੀ ਦਿਓਲ ਗਏ, ਡੀਜੀਪੀ ਵੀ ਜਾਣਗੇ
ਯੂਪੀਐਸਸੀ ਦੇ ਪੈਨਲ ਤੋਂ ਬਾਅਦ ਬਦਲੇ ਜਾਣਗੇ ਡੀਜੀਪੀ ਸਹੋਤਾ
ਚੰਡੀਗੜ੍ਹ/ਬਿਊਰੋ ਨਿਊਜ਼ : ਆਖਰਕਾਰ ਪੰਜਾਬ ਸਰਕਾਰ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਗੇ ਝੁਕ ਗਈ। ਕਾਫੀ ਦਿਨਾਂ ਤੋਂ ਸਿੱਧੂ ਪੰਜਾਬ ਦੇ ਏਜੀ ਅਤੇ ਡੀਜੀਪੀ ‘ਤੇ ਗੰਭੀਰ ਆਰੋਪ ਲਗਾਉਂਦੇ ਹੋਏ ਦੋਵਾਂ ਨੂੰ ਬਦਲਣ ‘ਤੇ ਅੜੇ ਹੋਏ ਸਨ। ਮੰਗਲਵਾਰ ਨੂੰ ਬਕਾਇਦਾ ਸਿੱਧੂ ਦੀ ਮੌਜੂਦਗੀ ਵਿਚ ਸੀਐਮ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਐਡਵੋਕੇਟ ਜਨਰਲ ਏਪੀਐਸ ਦਿਓਲ ਦਾ ਅਸਤੀਫਾ ਮਨਜੂਰ ਕਰ ਲਿਆ ਹੈ। ਇਸਦੇ ਨਾਲ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਨੂੂੰ ਵੀ ਬਦਲਿਆ ਜਾਵੇਗਾ। ਇਸ ਲਈ ਸਰਕਾਰ ਯੂਪੀਐਸਸੀ ਦੇ ਪੈਨਲ ਦਾ ਇੰਤਜ਼ਾਰ ਕਰੇਗੀ। ਕੈਬਨਿਟ ਤੋਂ ਪਹਿਲਾਂ ਵੀ ਸੀਐਮ ਚੰਨੀ ਅਤੇ ਸਿੱਧੂ ਵਿਚਾਲੇ ਮੀਟਿੰਗ ਹੋਈ ਸੀ, ਜਿਸ ਵਿਚ ਸਪੱਸ਼ਟ ਹੋ ਗਿਆ ਸੀ ਕਿ ਦੋਵਾਂ ਅਫਸਰਾਂ ਦੀ ਛੁੱਟੀ ਹੋਵੇਗੀ।
ਮੁੱਖ ਮੰਤਰੀ ਚੰਨੀ ਤੇ ਸਿੱਧੂ ‘ਚ ਆਖਰ ਸਮਝੌਤਾ ਸਿਰੇ ਲੱਗ ਗਿਆ ਹੈ, ਜਿਸ ਤੋਂ ਕਾਂਗਰਸੀ ਵਰਕਰ ਖੁਸ਼ ਹਨ ਜਦੋਂਕਿ ਵਿਰੋਧੀ ਧਿਰ ਪੂਰਨ ਆਸਵੰਦ ਹੈ ਕਿ ਸਿੱਧੂ ਚੁੱਪ ਰਹਿਣ ਵਾਲੇ ਕਿਥੇ ਹਨ. ਕੁਝ ਵੀ ਹੋਵੇ, ਮੰਗਲਵਾਰ ਦੇ ਦਿਨ ਚੰਨੀ ਤੇ ਸਿੱਧੂ ‘ਚ ਸਿਆਸੀ ਸੁਰ ਮਿਲ ਗਏ ਹਨ। ਦਿਲਾਂ ਦੀ ਦੂਰੀ ਵੀ ਘਟਣ ਦੇ ਆਸਾਰ ਹਨ। ਮੁੱਖ ਮੰਤਰੀ ਨੇ ਸਿੱਧੂ ਵੱਲੋਂ ਉਠਾਏ ਮੁੱਦਿਆਂ ਦੇ ਹੱਲ ਲਈ ਐਡਵੋਕੇਟ ਜਨਰਲ ਦਿਓਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ। ਕੇਂਦਰੀ ਪੈਨਲ ਦੇ ਆਉਣ ‘ਤੇ ਨਵਾਂ ਡੀਜੀਪੀ ਲਾਉਣ ਦਾ ਭਰੋਸਾ ਦੇ ਦਿੱਤਾ ਗਿਆ ਹੈ।
ਏਜੀ ਅਤੇ ਡੀਜੀਪੀ ‘ਤੇ ਸਿੱਧੂ ਨੇ ਲਗਾਏ ਸਨ ਆਰੋਪ
ਸਿੱਧੂ ਦਾ ਕਹਿਣਾ ਸੀ ਕਿ ਐਡਵੋਕੇਟ ਜਨਰਲ ਏਪੀਐਸ ਦਿਓਲ ਨੇ ਗੋਲੀਕਾਂਡ ਮਾਮਲੇ ਵਿਚ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਬਲੈਂਕੇਟ ਬੇਲ ਦਿਵਾਈ। ਸਿੱਧੂ ਨੇ ਕਿਹਾ ਕਿ ਜਿਹੜਾ ਅਧਿਕਾਰੀ ਆਰੋਪੀਆਂ ਨੂੰ ਜ਼ਮਾਨਤ ਦਿਵਾ ਸਕਦਾ ਹੈ, ਉਹ ਪੰਜਾਬ ਦੇ ਹਿੱਤਾਂ ਦੀ ਰੱਖਿਆ ਲਈ ਕੀ ਲੜੇਗਾ? ਇਸੇ ਤਰ੍ਹਾਂ ਸਿੱਧੂ ਦਾ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ‘ਤੇ ਆਰੋਪ ਸੀ ਕਿ ਉਨ੍ਹਾਂ ਬੇਅਦਬੀ ਮਾਮਲਿਆਂ ਦੀ ਜਾਂਚ ਸਹੀ ਢੰਗ ਨਾਲ ਨਹੀਂ ਕੀਤੀ। ਬਾਦਲ ਪਰਿਵਾਰ ਨੂੰ ਕਲੀਨਚਿੱਟ ਦਿੱਤੀ। ਅਜਿਹੇ ਵਿਅਕਤੀ ਨੂੰ ਡੀਜੀਪੀ ਬਣਾਉਣਾ ਗਲਤ ਹੈ। ਜਾਂਚ ਪੂਰੀ ਹੋਣ ਤੋਂ ਪਹਿਲਾਂ ਹੀ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ ਗਿਆ।
Home / ਹਫ਼ਤਾਵਾਰੀ ਫੇਰੀ / ਕਾਂਗਰਸ ਦੇ ਸੂਬਾ ਪ੍ਰਧਾਨ ਅੱਗੇ ਝੁਕੀ ਪੰਜਾਬ ਸਰਕਾਰ – ਸਿੱਧੂ ਦੀ ਮੌਜੂਦਗੀ ‘ਚ ਚੰਨੀ ਦਾ ਫੈਸਲਾ
Check Also
ਕੈਨੇਡਾ ‘ਚ ਭਾਰਤੀ ਵਿਦਿਆਰਥੀਆਂ ਨੂੰ ਨੌਕਰੀ ਲੱਭਣਾ ਹੋਇਆ ਔਖਾ
ਵਿਦਿਆਰਥੀਆਂ ਨੂੰ ਆਪਣਾ ਖਰਚਾ ਕੱਢਣਾ ਵੀ ਹੋਇਆ ਮੁਸ਼ਕਲ ਓਟਾਵਾ/ਬਿਊਰੋ ਨਿਊਜ਼ : ਕੈਨੋੇਡਾ ਵਿਚ ਭਾਰਤੀ ਵਿਦਿਆਰਥੀਆਂ …