ਵਰਕ ਪਰਮਿਟ ਵਾਸਤੇ ਕੋਰਸਾਂ ਦੀ ਕਟੌਤੀ ਨੂੰ ਅੱਗੇ ਪਾਇਆ
ਵਾਪਸ ਮੁੜਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧੀ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ‘ਚ ਮਹਿੰਗਾਈ, (ਮਨਪਸੰਦ ਦੇ) ਰੋਜ਼ਗਾਰ ਦੀ ਘਾਟ, ਰਿਹਾਇਸ਼ ਦੀ ਤੰਗੀ, ਜੁਰਮਾਂ ਵਾਲੇ ਮਾਹੌਲ ਤੋਂ ਆਪਣਾ ਭਵਿੱਖ ਅਸੁਰੱਖਿਅਤ ਮਹਿਸੂਸ ਕਰਦੇ ਹੋਏ ਕੈਨੇਡਾ ਤੋਂ ਵਾਪਿਸ ਆਪਣੇ ਵਤਨਾਂ ਨੂੰ ਮੁੜਨ ਵਾਲੇ ਵਿਦੇਸ਼ੀਆਂ ਦੀ ਗਿਣਤੀ ਬੀਤੇ ਮਹੀਨਿਆਂ ‘ਚ ਵਧਣ ਬਾਰੇ ਖਬਰਾਂ ਮਿਲਣਾ ਜਾਰੀ ਹੈ। ਆਰਜੀ ਵੀਜ਼ੇ, ਸਟੱਡੀ ਪਰਮਿਟ ਤੇ ਵਰਕ ਪਰਮਿਟ, ਧਾਰਕਾਂ ਲਈ ਪੱਕੇ ਹੋਣ ਦੇ ਸੀਮਤ ਹੋ ਚੁੱਕੇ ਮੌਕਿਆਂ ਕਾਰਨ ਵੀ ਵਾਪਿਸ ਮੁੜਨ ਵਾਲੇ ਨਿਰਾਸ਼ ਲੋਕਾਂ ਦਾ ਅੰਕੜਾ ਆਮ ਨਾਲੋਂ ਵਧ ਚੁੱਕਾ ਹੈ।
ਕੈਨੇਡਾ ਦੇ ਅੰਕੜਾ ਵਿਭਾਗ ਦੇ ਤਾਜ਼ਾ ਨੰਬਰਾਂ ਅਨੁਸਾਰ 2025 ਦੇ ਜਨਵਰੀ ਤੋਂ ਮਾਰਚ ਤੱਕ ਦੇਸ਼ ‘ਚ 27,086 ਵਿਦੇਸ਼ੀ ਪੱਕੇ ਵੀਜ਼ੇ ਨਾਲ ਪੁੱਜੇ ਸਨ, ਜਦਕਿ 27,115 ਵਿਅਕਤੀ ਕੈਨੇਡਾ ਤੋਂ ਵਾਪਿਸ ਮੁੜ ਗਏ। ਬੀਤੇ ਸਾਲ ਦੇ ਪਹਿਲੇ 3 ਮਹੀਨਿਆਂ ਦੌਰਾਨ 26,293 ਵਿਦੇਸ਼ੀਆਂ ਨੇ ਕੈਨੇਡਾ ਛੱਡਿਆ ਸੀ।
ਇਸ ਅੰਕੜੇ ਅਨੁਸਾਰ ਬੀਤੇ 12 ਕੁ ਮਹੀਨਿਆਂ ਦੌਰਾਨ ਕੈਨੇਡਾ ਛੱਡ ਕੇ ਜਾਣ ਵਾਲੇ ਵਿਦੇਸ਼ੀਆਂ ਦੀ ਗਿਣਤੀ ‘ਚ 3 ਕੁ ਫੀਸਦ ਵਾਧਾ ਦਰਜ ਕੀਤਾ ਗਿਆ ਹੈ। ਪਤਾ ਲੱਗਾ ਹੈ ਕਿ ਹਰੇਕ ਸਾਲ ਦੇ 3 ਕੁ ਮਹੀਨਿਆਂ ਵਿਚ 9000 ਦੇ ਕਰੀਬ ਵਿਦੇਸ਼ੀ ਅਜਿਹੇ ਹੁੰਦੇ ਹਨ, ਜੋ ਕੈਨੇਡਾ ਦੇ ਪੱਕੇ ਵਾਸੀ ਹੁੰਦੇ ਹਨ ਤੇ ਵਿਦੇਸ਼ਾਂ ਤੋਂ ਵਾਪਿਸ ਕੈਨੇਡਾ ‘ਚ ਦਾਖਲ ਹੁੰਦੇ ਹਨ। ਅੰਕੜਾ ਵਿਭਾਗ ਦਾ ਅੰਦਾਜ਼ਾ ਹੈ ਕਿ ਅਗਲੇ 3 ਮਹੀਨਿਆਂ ਦੌਰਾਨ ਕੈਨੇਡਾ ਛੱਡਣ ਵਾਲੇ ਲੋਕਾਂ ਦੀ ਗਿਣਤੀ ਹੋਰ ਵਧੇਗੀ, ਪਰ ਇਸ ਸਾਲ ਦੇ ਅਖੀਰ ਤੱਕ ਇਹ ਗਿਣਤੀ ਸਥਿਰ ਹੋ ਜਾਵੇਗੀ। ਇਕ ਤਾਜ਼ਾ ਖਬਰ ਅਨੁਸਾਰ ਬੀਤੇ ਦਿਨੀਂ ਪੜ੍ਹਾਈ ਪੂਰੀ ਕਰਨ ਮਗਰੋਂ ਵਿਦੇਸ਼ੀ ਵਿਦਿਆਰਥੀਆਂ ਨੂੰ 3 ਸਾਲ ਤੱਕ ਦੇ ਦਿੱਤੇ ਜਾਂਦੇ ਪੋਸਟ ਗਰੈਜੂਏਸ਼ਨ ਵਰਕ ਪਰਮਿਟ (ਓਪਨ ਵਰਕ ਪਰਮਿਟ) ਲਈ ਕੋਰਸਾਂ ਦੀ ਗਿਣਤੀ ਘੱਟ ਕਰਨ ਦਾ ਸਰਕਾਰ ਨੇ ਜੋ ਐਲਾਨ ਕੀਤਾ ਸੀ। ਕੈਨੇਡਾ ਦੇ ਇਮੀਗਰੇਸ਼ਨ ਮੰਤਰਾਲੇ ਵਲੋਂ ਆਪਣੇ ਉਸ ਫੈਸਲੇ ਨੂੰ ਹਾਲ ਦੀ ਘੜੀ (ਨਵੇਂ ਸਾਲ 2026 ਤੱਕ) ਟਾਲਿਆ ਜਾ ਰਿਹਾ ਹੈ। ਨਵੇਂ ਨਿਯਮਾਂ ਤੋਂ 12ਵੀਂ ਪਾਸ ਕਰਕੇ ਕੈਨੇਡਾ ਪੜ੍ਹਨ ਦਾ ਮੁਹਾਣ ਕਰਨ ਵਾਲੇ ਵਿਦਿਆਰਥੀ ਪ੍ਰਭਾਵਿਤ ਹੋ ਰਹੇ ਹਨ, ਜਦਕਿ ਯੂਨੀਵਰਸਿਟੀ ਤੇ ਪੀਐਚਡੀ ਦੇ ਪੱਧਰ ਦੀ ਉਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਪਹਿਲਾਂ ਵਾਂਗ ਵਰਕ ਪਰਮਿਟ ਮਿਲਣੇ ਜਾਰੀ ਹਨ। ਵਿਦੇਸ਼ੀਆਂ ਨੂੰ ਆਪਣੇ ਦੇਸ਼ਾਂ ‘ਚ ਪੜ੍ਹਾਈ (ਉਚ ਸਿੱਖਿਆ) ਪੂਰੀ ਕਰਨ ਤੇ ਕੈਨੇਡਾ ਵਿਚ ਮੰਗ ਵਾਲੇ ਕਿਸੇ ਕਿੱਤੇ ਦੀ ਤੇ ਭਾਸ਼ਾ ਦੀ ਮੁਹਾਰਤ ਹਾਸਲ ਕਰਕੇ ਕੈਨੇਡਾ ਦੀ ਪੱਕੀ ਇਮੀਗਰੇਸ਼ਨ ਪ੍ਰਾਪਤ ਕਰਨ ਦੇ ਮੌਕੇ ਪਹਿਲਾਂ ਮੌਜੂਦ ਹਨ ਤੇ ਭਵਿੱਖ ਵਿਚ ਵੀ ਉਨ੍ਹਾਂ ਮੌਕਿਆਂ ਦੇ ਮੌਜੂਦ ਰਹਿਣ ਦੀ ਸੰਭਾਵਨਾ ਹੈ।
ਉਨਟਾਰੀਓ ਵੱਲੋਂ ਕਾਲਜਾਂ ‘ਚੋਂ 10 ਹਜ਼ਾਰ ਅਧਿਆਪਕਾਂ ਦੀ ਛਾਂਟੀ!
ਟੋਰਾਂਟੋ : ਕੈਨੇਡਾ ਦੇ ਸੂਬੇ ਉਨਟਾਰੀਓ ਵਿਚ ਉੱਚ ਸਿੱਖਿਆ ਖੇਤਰ ‘ਚ ਯੂਨੀਵਰਸਿਟੀਆਂ ਅਤੇ ਕਾਲਜਾਂ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਬੇਹੱਦ ਘੱਟ ਜਾਣ ਕਾਰਨ ਹੁਣ ਵਿੱਤੀ ਸੰਕਟ ਨਾਲ ਨਜਿੱਠਣ ਲਈ ਕਈ ਢੰਗ ਤਰੀਕੇ ਤਲਾਸ਼ਣੇ ਸ਼ੁਰੂ ਕਰ ਦਿੱਤੇ ਹਨ। ਸੀ.ਬੀ.ਸੀ ਅਨੁਸਾਰ ਹਾਲ ਵਿੱਚ ਹੀ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਉਨਟਾਰੀਓ ਦੇ ਕਾਲਜਾਂ ਨੂੰ ਹੁਣ ਖ਼ਰਚਿਆਂ ਨਾਲ ਦੋ-ਚਾਰ ਹੋਣ ਲਈ ਜਿੱਥੇ 10 ਹਜ਼ਾਰ ਦੇ ਕਰੀਬ ਅਧਿਆਪਕਾਂ ਦੀ ਛਾਂਟੀ ਕਰਨੀ ਪੈ ਰਹੀ ਹੈ ਉੱਥੇ ਵੱਖ-ਵੱਖ ਕਾਲਜਾਂ ਵਿੱਚ 600 ਕਰੀਬ ਸਿੱਖਿਆ ਪ੍ਰੋਗਰਾਮ ਬੰਦ ਕੀਤੇ ਜਾ ਰਹੇ ਹਨ। ਕਈ ਕਾਲਜਾਂ ਵਿੱਚ ਬੰਦ ਕੀਤੇ ਜਾਣ ਵਾਲੇ ਅਹਿਮ ਵਿਸ਼ਿਆਂ ਵਿਚ ਨਰਸਿੰਗ, ਇੰਜੀਨੀਅਰਿੰਗ ਅਤੇ ਹਾਸਪਟਿਲਟੀ ਵਰਗੇ ਅਹਿਮ ਵਿਸ਼ੇ ਵੀ ਸ਼ਾਮਿਲ ਹਨ। ਦੱਸਣਯੋਗ ਹੈ ਕਿ ਇਸ ਵਕਤ ਫੈਡਰਲ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਕਰੀਬ ਬ੍ਰੇਕਾਂ ਲਗਾ ਦਿੱਤੀਆਂ ਹਨ ਜਿਸ ਕਾਰਨ ਕਾਲਜਾਂ ਵਿਚ ਆਪ ਮੁਹਾਰੇ ਪੈਦਾ ਹੋਇਆ ਸਿੱਖਿਆ ਵਰਕ ਲੋਡ ਵੀ ਹੁਣ ਆਪਣੇ ਆਪ ਘੱਟ ਗਿਆ ਹੈ। ਜਿਸ ਕਾਰਨ 10 ਹਜ਼ਾਰ ਅਧਿਆਪਕਾਂ ਦੀ ਨੌਕਰੀ ਹੁਣ ਖ਼ਤਰੇ ਵਿਚ ਪੈ ਗਈ ਹੈ।

