ਟੋਰਾਂਟੋ : ਕੈਨੇਡਾ ਨੇ ਦੁਨੀਆ ਦੇ ਸਭ ਤੋਂ ਸੁਰੱਖਿਅਤ ਦੇਸ਼ਾਂ ਦੀ 2027 ਦੀ ਸੂਚੀ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਬਰਕਸ਼ਾਇਰ ਹੈਥਵੇ ਟਰੈਵਲ ਪ੍ਰੋਟੈਕਸ਼ਨ ਵਲੋਂ ਜਾਰੀ ‘ਵਰਲਡਜ਼ ਸੇਫੈਸਟ ਪਲੇਸਿਜ਼ ਦੀ ਰਿਪੋਰਟ ਅਨੁਸਾਰ ਕੈਨੇਡਾ ਨੇ ਪਿਛਲੇ ਸਾਲ ਦੇ ਮੁਕਾਬਲੇ ਚਾਰ ਦਰਜੇ ਸੁਧਾਰ ਕਰਦਿਆਂ ਸਿਖਰਲਾ ਸਥਾਨ ਹਾਸਲ ਕੀਤਾ ਹੈ। ਇਸ ਸੂਚੀ ਵਿਚ ਨਿਊਜ਼ੀਲੈਂਡ ਦੂਜੇ ਅਤੇ ਆਸਟਰੇਲੀਆ ਤੀਜੇ ਸਥਾਨ ‘ਤੇ ਰਹੇ ਹਨ। ਲੰਘੇ ਅਕਤੂਬਰ ਮਹੀਨੇ ‘ਚ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਕੈਨੇਡਾ ਨੂੰ 100 ਵਿਚੋਂ 82.47 ਅੰਕ ਮਿਲੇ ਹਨ। ਪਿਛਲੀ ਰੈਂਕਿੰਗ ਵਿਚ ਕੈਨੇਡਾ ਨੀਦਰਲੈਂਡ, ਆਸਟਰੇਲੀਆ ਅਤੇ ਆਈਸਲੈਂਡ ਤੋਂ ਪਿੱਛੇ ਸੀ। ਇਸ ਵਾਰ ਮਿਲੇ ਪਹਿਲੇ ਸਥਾਨ ਨਾਲ ਕੈਨੇਡਾ ਸੈਲਾਨੀਆਂ ਲਈ ਸੁਰੱਖਿਅਤ ਯਾਤਰਾ ਮੰਜ਼ਿਲ ਵਜੋਂ ਉਭਰਿਆ ਹੈ।

