ਕਿਹਾ : ਅਰਥਚਾਰੇ ਨੂੰ ਲੀਹਾਂ ‘ਤੇ ਲਿਆਉਣ ਲਈ ਦੇਵੀ-ਦੇਵਤਿਆਂ ਦੇ ਆਸ਼ੀਰਵਾਦ ਦੀ ਵੀ ਲੋੜ
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦੇਸ਼ ਦੀ ਆਰਥਿਕ ਤਰੱਕੀ ਅਤੇ ਖੁਸ਼ਹਾਲੀ ਲਈ ਨਵੇਂ ਕਰੰਸੀ ਨੋਟਾਂ ‘ਤੇ ਮਾਤਾ ਲੱਛਮੀ ਤੇ ਭਗਵਾਨ ਗਣੇਸ਼ ਦੀਆਂ ਤਸਵੀਰਾਂ ਛਾਪੀਆਂ ਜਾਣ। ਮੁਲਕ ਦਾ ਅਰਥਚਾਰਾ ਠੀਕ ਨਾ ਹੋਣ ਦਾ ਦਾਅਵਾ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਅਰਥਚਾਰੇ ਨੂੰ ਲੀਹਾਂ ‘ਤੇ ਲਿਆਉਣ ਲਈ ਕਈ ਕੋਸ਼ਿਸ਼ਾਂ ਦੇ ਨਾਲ ਦੇਵੀ-ਦੇਵਤਿਆਂ ਦੇ ਆਸ਼ੀਰਵਾਦ ਦੀ ਵੀ ਲੋੜ ਹੈ। ‘ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਨੂੰ ਅਪੀਲ ਕਰਦਾ ਹਾਂ ਕਿ ਸਾਡੇ ਕਰੰਸੀ ਨੋਟਾਂ ‘ਤੇ ਇਕ ਪਾਸੇ ਮਹਾਤਮਾ ਗਾਂਧੀ ਅਤੇ ਦੂਜੇ ਪਾਸੇ ਗਣੇਸ਼ ਤੇ ਲੱਛਮੀ ਦੀਆਂ ਤਸਵੀਰਾਂ ਹੋਣੀਆਂ ਚਾਹੀਦੀਆਂ ਹਨ।’ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਚੱਲ ਰਹੇ ਸਾਰੇ ਨੋਟਾਂ ਨੂੰ ਬਦਲਣ ਲਈ ਨਹੀਂ ਆਖ ਰਹੇ ਹਨ ਅਤੇ ਸੁਝਾਅ ਹੈ ਕਿ ਹਰ ਮਹੀਨੇ ਛਾਪੇ ਜਾ ਰਹੇ ਨਵੇਂ ਨੋਟਾਂ ‘ਤੇ ਲੱਛਮੀ ਅਤੇ ਗਣੇਸ਼ ਦੀਆਂ ਤਸਵੀਰਾਂ ਛਾਪੀਆਂ ਜਾਣ। ਕੁਝ ਸਮੇਂ ਬਾਅਦ ਵੱਡੀ ਗਿਣਤੀ ‘ਚ ਅਜਿਹੇ ਨੋਟ ਖੁਦ ਹੀ ਪ੍ਰਚਲਨ ‘ਚ ਆ ਜਾਣਗੇ। ‘ਆਪ’ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਮੁਸਲਿਮ ਬਹੁ-ਗਿਣਤੀ ਵਾਲੇ ਮੁਲਕ ਇੰਡੋਨੇਸ਼ੀਆ, ਜਿਥੇ ਸਿਰਫ਼ ਦੋ ਫ਼ੀਸਦੀ ਹਿੰਦੂ ਹਨ, ‘ਚ ਵੀ ਕਰੰਸੀ ‘ਤੇ ਭਗਵਾਨ ਗਣੇਸ਼ ਦੀਆਂ ਤਸਵੀਰਾਂ ਹਨ।
ਕਰੰਸੀ ਨੋਟਾਂ ਉਤੇ ਡਾ. ਅੰਬੇਡਕਰ ਦੀ ਤਸਵੀਰ ਲੱਗਣੀ ਚਾਹੀਦੀ : ਕੇਂਦਰੀ ਮੰਤਰੀ ਅਠਾਵਲੇ
ਨਵੀਂ ਦਿੱਲੀ : ਕੇਂਦਰੀ ਸਮਾਜਿਕ ਨਿਆਂ ਰਾਜ ਮੰਤਰੀ ਰਾਮਦਾਸ ਅਠਾਵਲੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਭਾਰਤੀ ਕਰੰਸੀ ਨੋਟਾਂ ‘ਤੇ ਦੇਵੀ ਲੱਛਮੀ ਅਤੇ ਭਗਵਾਨ ਗਣੇਸ਼ ਦੀਆਂ ਤਸਵੀਰਾਂ ਲਗਾਉਣ ਦੀ ਮੰਗ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਰੰਸੀ ‘ਤੇ ਤਸਵੀਰ ਲਾਉਣੀ ਹੀ ਹੈ ਤਾਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਲੱਗਣੀ ਚਾਹੀਦੀ ਹੈ।
ਭਾਰਤੀ ਕਰੰਸੀ ‘ਤੇ ਡਾ. ਭੀਮ ਰਾਓ ਅੰਬੇਡਕਰ ਦੀ ਤਸਵੀਰ ਕਿਉਂ ਨਹੀਂ? : ਮੁਨੀਸ਼ ਤਿਵਾੜੀ
ਚੰਡੀਗੜ੍ਹ : ਅਰਵਿੰਦ ਕੇਜਰੀਵਾਲ ਵੱਲੋਂ ਭਾਰਤੀ ਕਰੰਸੀ ਨੋਟਾਂ ‘ਤੇ ਭਗਵਾਨ ਗਣੇਸ਼ ਤੇ ਦੇਵੀ ਲੱਛਮੀ ਦੀਆਂ ਤਸਵੀਰਾਂ ਛਾਪਣ ਦੀ ਮੰਗ ਕੀਤੀ ਗਈ ਸੀ। ਕੇਜਰੀਵਾਲ ਦੀ ਇਸ ਮੰਗ ਤੋਂ ਇਕ ਦਿਨ ਬਾਅਦ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪੁੱਛਿਆ ਕਿ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀ ਤਸਵੀਰ ਨੂੰ ਨਵੇਂ ਨੋਟਾਂ ‘ਤੇ ਕਿਉਂ ਨਾ ਛਾਪਿਆ ਜਾਵੇ। ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਸੰਸਦ ਮੈਂਬਰ ਤਿਵਾੜੀ ਨੇ ਟਵੀਟ ਕੀਤਾ ਕਿ ਕਰੰਸੀ ਨੋਟਾਂ ਦੀ ਨਵੀਂ ਸੀਰੀਜ਼ ‘ਤੇ ਡਾਕਟਰ ਭੀਮ ਰਾਓ ਅੰਬੇਡਕਰ ਦੀ ਤਸਵੀਰ ਕਿਉਂ ਨਹੀਂ ਹੋਣੀ ਚਾਹੀਦੀ?