ਕੰਸਰਵੇਟਿਵ, ਐੱਨਡੀਪੀ ਅਤੇ ਬਲਾਕ ਕਿਊਬਕ ਦੇ ਆਗੂ ਚੋਣ ਰਣਨੀਤੀ ਘੜਨ ਲੱਗੇ
ਟੋਰਾਂਟੋ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਸਤੀਫੇ ਦੇ ਐਲਾਨ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਉਨ੍ਹਾਂ ਦੀ ਥਾਂ ਲੈਣ ਬਾਰੇ ਚਿਹਰਿਆਂ ਸਬੰਧੀ ਚਰਚਾ ਜ਼ੋਰ ਫੜਨ ਲੱਗੀ ਹੈ। ਅਸਤੀਫੇ ਦੇ ਐਲਾਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਗਵਰਨਰ ਜਨਰਲ ਨਾਲ ਕੀਤੀ ਗਈ ਮੀਟਿੰਗ ‘ਚ ਸੰਸਦੀ ਕਾਰਵਾਈ 24 ਮਾਰਚ ਤੱਕ ਠੱਪ ਰੱਖਣ ਦੀ ਬੇਨਤੀ ਮਨਵਾਉਣ ਕਾਰਨ ਇਹ ਸਰਕਾਰ ਢਾਈ ਮਹੀਨੇ ਹੋਰ ਟਿਕੀ ਰਹਿ ਸਕੇਗੀ ਤੇ ਇੰਝ ਇਹ ਕਦਮ ਜਸਟਿਨ ਟਰੂਡੋ ਦੀ ਸਿਆਸੀ ਸੂਝ ਦਾ ਸਬੂਤ ਪੇਸ਼ ਕਰਦਾ ਹੈ। ਉੱਧਰ, ਤਿੰਨੋਂ ਵਿਰੋਧੀ ਪਾਰਟੀਆਂ- ਕੰਸਰਵੇਟਿਵ, ਐੱਨਡੀਪੀ ਅਤੇ ਬਲਾਕ ਕਿਊਬਕ ਦੇ ਆਗੂ ਚੋਣ ਰਣਨੀਤੀਆਂ ਘੜਨ ਵਿੱਚ ਰੁਝਣ ਦੇ ਨਾਲ-ਨਾਲ ਇਸ ਗੱਲ ‘ਤੇ ਵੀ ਧਿਆਨ ਕੇਂਦਰਤ ਕਰਨ ਲੱਗੀਆਂ ਹਨ ਕਿ ਲਿਬਰਲ ਪਾਰਟੀ ਦੇ ਨਵੇਂ ਆਗੂ ਦਾ ਹਾਰ ਕਿਸਦੇ ਗਲ ਵਿੱਚ ਪਵੇਗਾ?
ਕੁਝ ਸਿਆਸੀ ਮਾਹਿਰਾਂ ਦਾ ਖਿਆਲ ਹੈ ਕਿ ਜਸਟਿਨ ਟਰੂਡੋ ਦਾ ਪਾਰਟੀ ਵਿੱਚ ਆਧਾਰ ਬਾਕੀ ਹੈ ਤੇ ਹੋ ਸਕਦਾ ਹੈ ਕਿ ਉਸ ਦੀ ਪਸੰਦ ਨਵੇਂ ਆਗੂ ਦੀ ਦੌੜ ਵਿੱਚ ਸ਼ਾਮਲ ਹੋਣ ਵਾਲੇ ਕਿਸੇ ਦੇ ਹੱਕ ਵਿੱਚ ਵਾਧਾ ਕਰੇ ਤੇ ਪਾਰਟੀ ਅਗਲੀਆਂ ਚੋਣਾਂ ਵਿੱਚ ਚੰਗਾ ਪ੍ਰਦਰਸ਼ਨ ਕਰ ਸਕੇ। ਤਿੰਨੋਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਕਿਹਾ ਹੈ ਕਿ ਚੋਣਾਂ ਵਿੱਚ ਹੁਣ ਬਹੁਤੀ ਦੇਰ ਨਹੀਂ, ਕਿਉਂਕਿ ਉਹ ਸੰਸਦੀ ਕਾਰਵਾਈ ਦੇ ਪਹਿਲੇ ਦਿਨ ਟਰੂਡੋ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਪਾਸ ਕਰ ਕੇ ਚੋਣਾਂ ਦਾ ਰਾਹ ਖੋਲ੍ਹ ਦੇਣਗੇ।
ਲਿਬਰਲ ਪਾਰਟੀ ਨੂੰ ਨਵਾਂ ਆਗੂ ਚੁਣਨ ਲਈ ਕਿਹਾ
ਲਿਬਰਲ ਪਾਰਟੀ ‘ਚ ਅੰਦਰੂਨੀ ਖਿੱਚੋਤਾਣ ਅਤੇ ਲੋਕਾਂ ‘ਚ ਡਿੱਗ ਰਹੇ ਵੱਕਾਰ ਕਾਰਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਸਤੀਫੇ ਦਾ ਐਲਾਨ ਕਰਦਿਆਂ ਹੁਕਮਰਾਨ ਲਿਬਰਲ ਪਾਰਟੀ ਨੂੰ ਨਵਾਂ ਨੇਤਾ ਚੁਣਨ ਲਈ ਆਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਅੰਦਰੂਨੀ ਖਿੱਚੋਤਾਣ ਦਾ ਮਤਲਬ ਹੈ ਕਿ ਉਹ ਅਗਲੀਆਂ ਚੋਣਾਂ ‘ਚ ‘ਬਿਹਤਰੀਨ ਬਦਲ’ ਨਹੀਂ ਹੋ ਸਕਦੇ ਹਨ। ਟਰੂਡੋ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣੀ ਲਿਬਰਲ ਪਾਰਟੀ ਦੇ ਪ੍ਰਧਾਨ ਨੂੰ ਕਿਹਾ ਕਿ ਉਹ ਨਵੇਂ ਆਗੂ ਦੀ ਚੋਣ ਦਾ ਅਮਲ ਸ਼ੁਰੂ ਕਰਨ। ਟਰੂਡੋ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਹ ਪਾਰਟੀ ਦੇ ਨਵੇਂ ਨੇਤਾ ਦੀ ਚੋਣ ਤੱਕ ਪ੍ਰਧਾਨ ਮੰਤਰੀ ਅਹੁਦੇ ‘ਤੇ ਬਣੇ ਰਹਿਣਗੇ।
ਪਾਰਟੀ ਲੀਡਰ ਬਣਨ ਦੀ ਦੌੜ ‘ਚ ਸ਼ਾਮਲ ਹਨ ਕਈ ਚਿਹਰੇ
ਮੌਜੂਦਾ ਸਮੇਂ ਲਿਬਰਲ ਪਾਰਟੀ ਦੇ ਕਈ ਸੀਨੀਅਰ ਸੀਨੀਅਰ ਨੇਤਾ ਬਣਨ ਦੀਆਂ ਗਿਣਤੀ-ਮਿਣਤੀ ਵਿੱਚ ਪੈ ਗਏ ਹਨ।
ਇਨ੍ਹਾਂ ਵਿੱਚ ਸਾਬਕਾ ਰੱਖਿਆ ਮੰਤਰੀ ਤੇ ਓਕਵਿਲ ਤੋਂ ਸੰਸਦ ਮੈਂਬਰ ਅਨੀਤਾ ਅਨੰਦ (57), ਅਰਥਸ਼ਾਸਤਰੀ ਮਾਰਕ ਕਾਰਨੀ (59), ਆਲਮੀ ਸੂਝ-ਬੂਝ ਵਾਲੇ ਮੰਨੇ ਪ੍ਰਮੰਨੇ ਵਕੀਲ ਫਰੈਂਕੋਜ ਫਿਲਿਪਸ (54), ਟੀਵੀ ਮੇਜ਼ਬਾਨ ਤੋਂ ਸਿਆਸਤ ਵਿੱਚ ਆਈ ਤੇ ਦੋ ਵਾਰ ਬ੍ਰਿਟਿਸ਼ ਕੋਲੰਬੀਆ ਦੀ ਮੁੱਖ ਮੰਤਰੀ ਰਹੀ ਕ੍ਰਿਸਟੀ ਕਲਾਰਕ (59), ਪਿਛਲੇ ਮਹੀਨੇ ਵਜ਼ਾਰਤ ਤੋਂ ਅਸਤੀਫ਼ਾ ਦੇ ਕੇ ਟਰੂਡੋ ਵਿਰੁੱਧ ਬਗ਼ਾਵਤ ਦਾ ਬਿਗਲ ਵਜਾਉਣ ਵਾਲੇ ਸਿਆਨ ਫੇਰਜ਼ਰ (40) ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਤੇ ਸਾਢੇ ਅੱਠ ਸਾਲ ਵਿੱਤ ਵਿਭਾਗ ਸੰਭਾਲਣ ਵਾਲੀ ਕ੍ਰਿਸਟੀਆ ਫ੍ਰੀਲੈਂਡ (59) ਮੁੱਖ ਹਨ।