ਸ੍ਰੀਨਗਰ : 1 ਜੁਲਾਈ 2023 ਤੋਂ ਸ਼ੁਰੂ ਹੋਈ ਬਾਬਾ ਅਮਰਨਾਥ ਦੀ 62 ਦਿਨ ਦੀ ਯਾਤਰਾ 31 ਅਗਸਤ ਯਾਨੀ ਵੀਰਵਾਰ ਨੂੰ ਸੰਪੰਨ ਹੋ ਗਈ। ਯਾਤਰਾ ਦੇ ਆਖਰੀ ਦਿਨ ਅਮਰਨਾਥ ਗੁਫਾ ਵਿਚ ਵਿਰਾਜਮਾਨ ਭਗਵਾਨ ਸ਼ਿਵ ਨੂੰ ਪਵਿੱਤਰ ਛੜੀ ਸੌਂਪੀ ਗਈ। ਛੜੀ ਮੁਬਾਰਕ ਭਗਵਾਂ ਕੱਪੜੇ ਵਿਚ ਲਪੇਟੀ ਭਗਵਾਨ ਸ਼ਿਵ ਦੀ ਪਵਿੱਤਰ ਛੜੀ ਹੈ। ਅਧਿਕਾਰੀਆਂ ਦੇ ਮੁਤਾਬਕ 26 ਅਗਸਤ ਨੂੰ ਸ੍ਰੀਨਗਰ ਦੇ ਇਕ ਅਖਾੜੇ ਤੋਂ ਮਹੰਤ ਦੀਪੇਂਦਰ ਗਿਰੀ ਦੀ ਅਗਵਾਈ ਵਿਚ ਸਾਧੂਆਂ ਨੇ 42 ਕਿਲੋਮੀਟਰ ਦੀ ਯਾਤਰਾ ਤੋਂ ਬਾਅਦ ਵੀਰਵਾਰ ਸਵੇਰੇ ਗੁਫਾ ਵਿਚ ਪੂਜਾ ਕੀਤੀ। ਇਸ ਤੋਂ ਬਾਅਦ ਚੜ੍ਹਦੇ ਸੂਰਜ ਦੇ ਨਾਲ ਛੜੀ ਮੁਬਾਰਕ ਪਵਿੱਤਰ ਗੁਫਾ ਵਿਚ ਸਥਾਪਿਤ ਕੀਤੀ। ਬਾਲਟਾਲ ਅਤੇ ਪਹਿਲਗਾਮ ਦੇ ਰਸਤੇ ਸ਼ੁਰੂ ਹੋਏ ਅਮਰਨਾਥ ਯਾਤਰਾ ਵਿਚ ਇਸ ਸਾਲ 4 ਲੱਖ 45 ਹਜ਼ਾਰ 338 ਵਿਅਕਤੀਆਂ ਨੇ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ। ਪਿਛਲੇ ਸਾਲ 3 ਲੱਖ 65 ਹਜ਼ਾਰ ਤੋਂ ਜ਼ਿਆਦਾ ਸ਼ਰਧਾਲੂ ਇਸ ਯਾਤਰਾ ਵਿਚ ਸਾਮਲ ਹੋਏ ਸਨ।