19.5 C
Toronto
Friday, May 15, 2026
spot_img
Homeਹਫ਼ਤਾਵਾਰੀ ਫੇਰੀਅਮਰੀਕਾ ਨੇ ਭਾਰਤ 'ਤੇ ਟੈਰਿਫ 50 ਫੀਸਦੀ ਤੋਂ ਘਟਾ ਕੇ 18 ਫੀਸਦੀ...

ਅਮਰੀਕਾ ਨੇ ਭਾਰਤ ‘ਤੇ ਟੈਰਿਫ 50 ਫੀਸਦੀ ਤੋਂ ਘਟਾ ਕੇ 18 ਫੀਸਦੀ ਕੀਤਾ

ਟਰੰਪ ਦਾ ਦਾਅਵਾ : ਰੂਸ ਤੋਂ ਤੇਲ ਨਹੀਂ ਖਰੀਦੇਗਾ ਭਾਰਤ
ਵਾਸ਼ਿੰਗਟਨ/ਬਿਊਰੋ ਨਿਊਜ਼ : ਭਾਰਤ ਅਤੇ ਅਮਰੀਕਾ ਵਿਚਾਲੇ ਲੰਬੇ ਸਮੇਂ ਤੋਂ ਜਿਸ ਟਰੇਡ ਡੀਲ ਦਾ ਇੰਤਜ਼ਾਰ ਸੀ, ਉਸ ਡੀਲ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਵੀ ਕਰ ਦਿੱਤਾ ਹੈ। ਟਰੰਪ ਨੇ ਕਿਹਾ ਕਿ ਅਮਰੀਕਾ ਨੇ ਭਾਰਤ ‘ਤੇ ਟੈਰਿਫ 50 ਫੀਸਦੀ ਤੋਂ ਘਟਾ ਕੇ 18 ਫੀਸਦੀ ਕਰ ਦਿੱਤਾ ਹੈ। ਧਿਆਨ ਰਹੇ ਕਿ ਪਿਛਲੇ ਸਾਲ ਟਰੰਪ ਨੇ ਭਾਰਤ ‘ਤੇ 25 ਫੀਸਦੀ ਰੈਸੀਪ੍ਰੋਕਲ ਟੈਰਿਫ ਲਗਾਇਆ ਸੀ ਅਤੇ ਫਿਰ ਰੂਸ ਤੋਂ ਤੇਲ ਖਰੀਦਣ ਦੇ ਕਾਰਨ ਭਾਰਤ ‘ਤੇ 25 ਫੀਸਦੀ ਹੋਰ ਟੈਰਿਫ ਦਾ ਐਲਾਨ ਕੀਤਾ ਸੀ।
ਇਸ ਨਾਲ ਭਾਰਤ ‘ਤੇ ਕੁੱਲ ਟੈਰਿਫ 50 ਫੀਸਦੀ ਹੋ ਗਿਆ ਸੀ। ਹੁਣ ਵਾਈਟ ਹਾਊਸ ਦੇ ਇਕ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਭਾਰਤ ‘ਤੇ ਸਿਰਫ 18 ਫੀਸਦੀ ਟੈਰਿਫ ਹੀ ਲੱਗੇਗਾ। ਅਮਰੀਕਾ, ਰੂਸੀ ਤੇਲ ਖਰੀਦਣ ਦੇ ਕਾਰਨ ਭਾਰਤ ‘ਤੇ ਲੱਗਾ 25 ਫੀਸਦੀ ਟੈਰਿਫ ਬੰਦ ਕਰ ਦੇਵੇਗਾ। ਮੀਡੀਆ ਤੋਂ ਇਹ ਜਾਣਕਾਰੀ ਵੀ ਮਿਲੀ ਹੈ ਕਿ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ‘ਤੇ ਗੱਲਬਾਤ ਵੀ ਕੀਤੀ ਹੈ। ਇਸ ਤੋਂ ਬਾਅਦ ਟਰੰਪ ਨੇ ਸ਼ੋਸ਼ਲ ਮੀਡੀਆ ਪਲੇਟਫਾਰਮ ‘ਟੁਥ ਸ਼ੋਸ਼ਲ’ ‘ਤੇ ਟਰੇਡ ਡੀਲ ਦਾ ਐਲਾਨ ਕਰ ਦਿੱਤਾ। ਟਰੰਪ ਨੇ ਦਾਅਵਾ ਕੀਤਾ ਹੈ ਕਿ ਨਰਿੰਦਰ ਮੋਦੀ ਰੂਸ ਤੋਂ ਤੇਲ ਦੀ ਖਰੀਦ ਬੰਦ ਕਰਨ ਅਤੇ ਅਮਰੀਕਾ ਤੋਂ ਜ਼ਿਆਦਾ ਤੇਲ ਖਰੀਦਣ ‘ਤੇ ਰਾਜ਼ੀ ਹੋ ਗਏ ਹਨ।
ਇਸੇ ਦੌਰਾਨ ਭਾਰਤ ਦੇ ਕੇਂਦਰੀ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਦੱਸਿਆ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਰਸਮੀ ਵਪਾਰ ਸਮਝੌਤਾ ਮਾਰਚ ਮਹੀਨੇ ਵਿਚ ਸਹੀਬੱਧ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਭਾਰਤ ਅਮਰੀਕੀ ਵਸਤੂਆਂ ‘ਤੇ ਟੈਕਸ ਘਟਾ ਦੇਵੇਗਾ। ਗੋਇਲ ਨੇ ਕਿਹਾ ਕਿ ਅਗਲੇ ਚਾਰ-ਪੰਜ ਦਿਨਾਂ ਵਿਚ ਇਕ ਸਾਂਝਾ ਬਿਆਨ ਜਾਰੀ ਕੀਤਾ ਜਾਵੇਗਾ, ਜਿਸਦੇ ਨਤੀਜੇ ਵਜੋਂ ਵਾਸ਼ਿੰਗਟਨ, ਭਾਰਤੀ ਬਰਾਮਦਾਂ ‘ਤੇ ਡਿਊਟੀ 50 ਫੀਸਦੀ ਘਟਾ ਕੇ 18 ਫੀਸਦੀ ਕਰ ਦੇਵੇਗਾ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਐਲਾਨੇ ਗਏ ਇਸ ਅਚਾਨਕ ਸਮਝੌਤੇ ਤਹਿਤ ਭਾਰਤ ਰੂਸੀ ਤੇਲ ਦੀ ਖਰੀਦ ਨੂੰ ਰੋਕਣ ਅਤੇ ਵਪਾਰਕ ਰੁਕਾਵਟਾਂ ਨੂੰ ਘੱਟ ਕਰਨ ਬਦਲੇ ਅਮਰੀਕੀ ਟੈਰਿਫਾਂ ਵਿਚ ਛੋਟ ਪ੍ਰਾਪਤ ਕਰੇਗਾ।
ਭਾਰਤ-ਅਮਰੀਕਾ ਵਪਾਰ ਸਮਝੌਤਾ ਵੱਡਾ ਫੈਸਲਾ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐੱਨ ਡੀ ਏ ਸੰਸਦੀ ਪਾਰਟੀ ਦੀ ਮੀਟਿੰਗ ‘ਚ ਕਿਹਾ ਕਿ ਭਾਰਤ-ਅਮਰੀਕਾ ਵਪਾਰ ਸਮਝੌਤਾ ਵੱਡਾ ਫ਼ੈਸਲਾ ਹੈ ਜੋ ਹਰ ਦੇਸ਼ ਵਾਸੀ ਲਈ ਲਾਹੇਵੰਦ ਹੋਵੇਗਾ। ਮੀਟਿੰਗ ‘ਚ ਸ਼ਾਮਲ ਸੰਸਦ ਮੈਂਬਰਾਂ ਨੇ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਮੇਸ਼ਾ ਰਾਸ਼ਟਰ ਦੇ ਹਿੱਤ ‘ਚ ਕੰਮ ਕਰਦੀ ਹੈ। ਐੱਨ ਡੀ ਏ ‘ਚ ਸ਼ਾਮਲ ਪਾਰਟੀਆਂ ਦੇ ਮੈਂਬਰਾਂ ਨੇ ਯੂਰੋਪੀਅਨ ਯੂਨੀਅਨ ਅਤੇ ਅਮਰੀਕਾ ਨਾਲ ਵਪਾਰ ਸਮਝੌਤੇ ਲਈ ਪ੍ਰਧਾਨ ਮੰਤਰੀ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਸ ਨਾਲ ਭਾਰਤੀ ਨਿਰਮਾਤਾਵਾਂ, ਬਰਾਮਦਕਾਰਾਂ ਤੇ ਕਾਰੋਬਾਰੀਆਂ ਨੂੰ ਮਜ਼ਬੂਤੀ ਮਿਲੇਗੀ।

RELATED ARTICLES
POPULAR POSTS