ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਹ ਸੰਕੇਤ ਨਹੀਂ ਦਿੱਤਾ ਕਿ ਅਮਰੀਕਾ ਨਾਲ ਵਪਾਰਕ ਚਰਚਾਵਾਂ ਜਲਦੀ ਮੁੜ ਸ਼ੁਰੂ ਹੋਣਗੀਆਂ, ਭਾਵੇਂ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਮੁਆਫੀ ਵੀ ਮੰਗੀ ਹੈ, ਜਿਨ੍ਹਾਂ ਨੇ ਇਕ ਟੈਰਿਫ਼-ਵਿਰੋਧੀ ਵਿਗਿਆਪਨ ਦੇ ਮਾਮਲੇ ਵਿਚ ਖਫਾ ਹੋ ਕੇ ਵਪਾਰਕ ਚਰਚਾਵਾਂ ਤੁਰੰਤ ਰੱਦ ਕਰ ਦਿੱਤੀਆਂ ਸਨ। ਜਦੋਂ ਕਾਰਨੀ ਤੋਂ ਪੁੱਛਿਆ ਗਿਆ ਕਿ ਟਰੰਪ ਨਾਲ ਉਨ੍ਹਾਂ ਦੀ ਗੱਲਬਾਤ ਕਿੱਥੋਂ ਤੱਕ ਪਹੁੰਚੀ ਹੈ ਅਤੇ ਕੀ ਵਪਾਰਕ ਚਰਚਾਵਾਂ ਮੁੜ ਸ਼ੁਰੂ ਹੋਈਆਂ ਹਨ, ਤਾਂ ਉਨ੍ਹਾਂ ਨੇ ਜਵਾਬ ਦਿੱਤਾ, ਦੇਖਦੇ ਹਾਂ। ਉਨ੍ਹਾਂ ਨੇ ਕਿਹਾ ਕਿ ਚਰਚਾ ਹਾਲੇ ਤੱਕ ਮੁੜ ਸ਼ੁਰੂ ਨਹੀਂ ਹੋਈ। ਕਾਰਨੀ ਨੇ ਦੱਸਿਆ ਕਿ ਉਨ੍ਹਾਂ ਦੀ ਟਰੰਪ ਨਾਲ ਆਖ਼ਰੀ ਵਾਰ ਪਿਛਲੇ ਹਫ਼ਤੇ ਏਸ਼ੀਆ-ਪੈਸਿਫ਼ਿਕ ਆਰਥਿਕ ਸਹਿਯੋਗ ਸੰਮੇਲਨ ਦੌਰਾਨ ਗੱਲ ਹੋਈ ਸੀ, ਜਿੱਥੇ ਉਹਨਾਂ ਨੇ ਵਿਗਿਆਪਨ ਲਈ ਮੁਆਫੀ ਮੰਗੀ ਸੀ। ਟਰੰਪ ਨੇ 23 ਅਕਤੂਬਰ ਨੂੰ ਕੈਨੇਡਾ ਨਾਲ ਵਪਾਰਕ ਚਰਚਾਵਾਂ ਖ਼ਤਮ ਕਰ ਦਿੱਤੀਆਂ ਸਨ ਅਤੇ ਕੈਨੇਡੀਅਨ ਸਮਾਨ ‘ਤੇ ਹੋਰ ਸਖ਼ਤ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ।

