Breaking News
Home / ਹਫ਼ਤਾਵਾਰੀ ਫੇਰੀ / ਭਾਰਤ ‘ਚ ਕਰੋਨਾ ਦੇ ਖਤਰੇ ਨੂੰ ਦੇਖਦਿਆਂ ਕੇਂਦਰ ਸਰਕਾਰ ਹੋਈ ਸਾਵਧਾਨ

ਭਾਰਤ ‘ਚ ਕਰੋਨਾ ਦੇ ਖਤਰੇ ਨੂੰ ਦੇਖਦਿਆਂ ਕੇਂਦਰ ਸਰਕਾਰ ਹੋਈ ਸਾਵਧਾਨ

ਚੀਨ ਸਣੇ 6 ਮੁਲਕਾਂ ਤੋਂ ਆਉਣ ਵਾਲਿਆਂ ਲਈ ਕਰੋਨਾ ਦੀ ਨੈਗੇਟਿਵ ਰਿਪੋਰਟ ਪੇਸ਼ ਕਰਨਾ ਲਾਜ਼ਮੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਵਿਚ ਕਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਕੇਂਦਰ ਸਰਕਾਰ ਚੌਕਸ ਹੋ ਗਈ ਹੈ। ਸਰਕਾਰ ਨੇ ਚੀਨ ਸਣੇ 6 ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ‘ਤੇ ਅਗਲੇ ਹਫਤੇ ਤੋਂ ਸਖਤੀ ਵਧਾਉਣ ਦੀ ਤਿਆਰੀ ਕਰ ਲਈ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਚੀਨ, ਜਪਾਨ, ਦੱਖਣੀ ਕੋਰੀਆ, ਹਾਂਗਕਾਂਗ, ਥਾਈਲੈਂਡ ਅਤੇ ਸਿੰਗਾਪੁਰ ਤੋਂ ਆਉਣ ਵਾਲੇ ਯਾਤਰੀਆਂ ਲਈ ਇਕ ਜਨਵਰੀ 2023 ਤੋਂ ਆਰਟੀ-ਪੀਸੀਆਰ ਦੀ ਨੈਗੇਟਿਵ ਕੋਵਿਡ ਰਿਪੋਰਟ ਪੇਸ਼ ਕਰਨਾ ਲਾਜ਼ਮੀ ਹੋਵੇਗਾ। ਇਨ੍ਹਾਂ ਯਾਤਰੀਆਂ ਨੂੰ ਯਾਤਰਾ ਤੋਂ ਪਹਿਲਾਂ ਆਪਣੀ ਰਿਪੋਰਟ ਏਅਰ ਸੁਵਿਧਾ ਪੋਰਟਲ ‘ਤੇ ਅਪਲੋਡ ਕਰਨੀ ਹੋਵੇਗੀ।
ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਜਨਵਰੀ ਦੇ ਅੱਧ ਵਿਚ ਭਾਰਤ ਵਿਚ ਕਰੋਨਾ ਦੇ ਮਾਮਲੇ ਵਧ ਸਕਦੇ ਹਨ। ਪਿਛਲੇ ਹਾਲਾਤ ਦੇ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਅਗਲੇ 40 ਦਿਨ ਦੇਸ਼ ਲਈ ਮੁਸ਼ਕਲ ਹੋਣਗੇ। ਸੂਤਰਾਂ ਦੇ ਮੁਤਾਬਕ, ਦੇਸ਼ ਵਿਚ ਕਰੋਨਾ ਦੀ ਇਕ ਹੋਰ ਲਹਿਰ ਆ ਸਕਦੀ ਹੈ। ਅਜਿਹੇ ਵਿਚ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਵਿਚ ਸਿਹਤ ਸਹੂਲਤਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ।
ਦਰਅਸਲ ਅਜਿਹਾ ਦੇਖਿਆ ਗਿਆ ਹੈ ਕਿ ਈਸਟ ਏਸ਼ੀਆ ਨੂੰ ਪ੍ਰਭਾਵਿਤ ਕਰਨ ਲਈ 30 ਤੋਂ 35 ਦਿਨਾਂ ਬਾਅਦ ਹੀ ਭਾਰਤ ਵਿਚ ਕਰੋਨਾ ਲਹਿਰ ਪਹੁੰਚੀ ਸੀ। ਜਿਸਦੇ ਅਧਾਰ ‘ਤੇ ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਗਲੇ 40 ਦਿਨ ਭਾਰਤ ਲਈ ਮੁਸ਼ਕਲ ਹੋ ਸਕਦੇ ਹਨ।
ਚੰਡੀਗੜ੍ਹ ‘ਚ ਅਮਰੀਕਾ ਤੋਂ ਪਰਤਿਆ ਵਿਦਿਆਰਥੀ ਕਰੋਨਾ ਪਾਜ਼ੇਟਿਵ
ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਦੇ ਇਕ ਹੋਸਟਲ ਵਿਚ ਅਮਰੀਕਾ ਤੋਂ ਪਰਤਿਆ ਇਕ ਵਿਦਿਆਰਥੀ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਹੋਸਟਲ ਵਿਚ ਪਾਜ਼ੇਟਿਵ ਆਏ ਵਿਦਿਆਰਥੀ ਨੂੰ ਦੋ ਜਨਵਰੀ ਤੱਕ ਲਈ ਕੁਆਰਨਟੀਨ ਕੀਤਾ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਨੋਡਲ ਅਫਸਰ ਦੇ ਦਫਤਰ ਤੋਂ ਆਈ ਟੀਮ ਦੇ ਨਿਰਦੇਸ਼ਾਂ ‘ਤੇ ਕੰਟਰੈਕਟ ਟ੍ਰੇਸਿੰਗ ਅਤੇ ਹੋਰ ਕੁਆਰਨਟੀਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕਰੋਨਾ ਦਾ ਨਵਾਂ ਖਤਰਨਾਕ ਵੈਰੀਐਂਟ ਅਮਰੀਕਾ, ਚੀਨ, ਬ੍ਰਾਜ਼ੀਲ ਸਣੇ ਕਈ ਦੇਸ਼ਾਂ ਵਿਚ ਫੈਲ ਰਿਹਾ ਹੈ।
ਭਾਰਤ ਲਈ ਅਗਲੇ 40 ਦਿਨ ਮੁਸ਼ਕਿਲ
ਨਵੀਂ ਦਿੱਲੀ : ਭਾਰਤ ਦੇ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ‘ਚ ਜਨਵਰੀ ਮਹੀਨੇ ਦੇ ਅੱਧ ਵਿਚ ਕਰੋਨਾ ਦੇ ਮਾਮਲੇ ਵਧ ਸਕਦੇ ਹਨ। ਪਿਛਲੇ ਹਾਲਾਤ ਨੂੰ ਦੇਖਦਿਆਂ ਇਹ ਮੰਨਿਆ ਜਾ ਰਿਹਾ ਹੈ ਕਿ ਅਗਲੇ 40 ਦਿਨ ਦੇਸ਼ ਲਈ ਮੁਸ਼ਕਿਲ ਭਰੇ ਹੋ ਸਕਦੇ ਹਨ। ਸੂਤਰਾਂ ਦੇ ਅਨੁਸਾਰ ਭਾਰਤ ਵਿਚ ਕਰੋਨਾ ਦੀ ਇਕ ਹੋਰ ਲਹਿਰ ਆ ਸਕਦੀ ਹੈ।
ਅਜਿਹੇ ਵਿਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਵਿਚ ਸਿਹਤ ਸਹੂਲਤਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਇਸੇ ਦੌਰਾਨ ਇਹ ਵੀ ਜਾਣਕਾਰੀ ਮਿਲੀ ਹੈ ਕਿ ਕਰੋਨਾ ਦੇ ਮੱਦੇਨਜ਼ਰ ਐਡਵਾਂਸ ਤਿਆਰੀਆਂ ਨੂੰ ਲੈ ਕੇ ਸਿਹਤ ਮੰਤਰੀ ਮਨਸੁਖ ਮਾਂਡਵੀਆ ਅਤੇ ਫਾਰਮਾ ਕੰਪਨੀਆਂ ਵਿਚਾਲੇ ਵਰਚੂਅਲ ਮੀਟਿੰਗ ਵੀ ਹੋਈ ਹੈ।
ਇਸ ਮੀਟਿੰਗ ਵਿਚ ਕਰੋਨਾ ਦੇ ਇਲਾਜ ਲਈ ਜ਼ਰੂਰੀ ਦਵਾਈਆਂ ਦੀ ਪ੍ਰੋਡਕਸ਼ਨ ਅਤੇ ਸਟੌਕ ਨੂੰ ਲੈ ਕੇ ਗੱਲਬਾਤ ਹੋਈ ਹੈ। ਇਸੇ ਦੌਰਾਨ ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮ. ਨੇ ਕਿਹਾ ਕਿ ਉਸਦੀ ਕੋਵਿਡ-19 ਇੰਟਰਾਨੇਜ਼ਲ ਵੈਕਸੀਨ ਇਨਕੋਵੈਕ, ਜੋ ਕਿ ਹੁਣ ਕੋਵਿਨ ਪੋਰਟਲ ‘ਤੇ ਉਪਲਬਧ ਹੈ, ਦੀ ਕੀਮਤ ਨਿੱਜੀ ਬਾਜ਼ਾਰ ‘ਚ 800 (ਜੀ. ਐਸ. ਟੀ. ਵੱਖਰਾ) ਅਤੇ ਸਰਕਾਰੀ ਸਪਲਾਈ ਲਈ 325 ਰੁਪਏ (ਜੀ. ਐਸ. ਟੀ. ਵੱਖਰਾ) ਰੱਖੀ ਗਈ ਹੈ। ਇਕ ਪ੍ਰੈਸ ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਇਹ ਵੈਕਸੀਨ ਜਨਵਰੀ 2023 ਤੋਂ ਉਪਲਬਧ ਹੋਵੇਗੀ। ਇਨਕੋਵੈਕ ਦੁਨੀਆ ਦੀ ਕੋਵਿਡ ਲਈ ਪਹਿਲੀ ਇੰਟਰਾਨੇਜ਼ਲ ਵੈਕਸੀਨ ਹੈ ਜਿਸ ਨੂੰ ਮੁਢਲੀਆਂ ਦੋ ਖੁਰਾਕਾਂ ਅਤੇ ਇਹਤਿਆਤੀ ਖੁਰਾਕ ਵਜੋਂ ਮਨਜ਼ੂਰੀ ਮਿਲੀ ਹੈ।
ਚੀਨ ਵੱਲੋਂ ਵੀਜ਼ੇ ਅਤੇ ਪਾਸਪੋਰਟ ਜਾਰੀ ਕਰਨ ਦਾ ਐਲਾਨ
ਪੇਈਚਿੰਗ : ਚੀਨੀ ਸਰਕਾਰ ਨੇ ਕਰੋਨਾਵਾਇਰਸ ‘ਤੇ ਕਾਬੂ ਪਾਉਣ ਲਈ ਉਠਾਏ ਗਏ ਕਦਮਾਂ ਦੇ ਉਲਟ ਇਕ ਹੋਰ ਕਦਮ ਤਹਿਤ ਲੋਕਾਂ ਨੂੰ ਵੀਜ਼ੇ ਅਤੇ ਪਾਸਪੋਰਟ ਜਾਰੀ ਕਰਨ ਦਾ ਐਲਾਨ ਕੀਤਾ ਹੈ। ਨਵੇਂ ਸਾਲ ਦੀਆਂ ਛੁੱਟੀਆਂ ਮਨਾਉਣ ਲਈ ਵਿਦੇਸ਼ ਜਾਣ ਵਾਲੇ ਚੀਨੀ ਲੋਕਾਂ ਲਈ ਇਹ ਵੱਡੀ ਰਾਹਤ ਹੈ। ਉਂਜ ਚੀਨ ‘ਚ ਲਾਗ ਦੇ ਕੇਸ ਲਗਾਤਾਰ ਵਧ ਰਹੇ ਹਨ। ਚੀਨ ਨੇ ਕੋਵਿਡ ਮਹਾਮਾਰੀ ਨੂੰ ਕੰਟਰੋਲ ਕਰਨ ਦੇ ਸਖ਼ਤ ਉਪਰਾਲਿਆਂ ਤਹਿਤ 2020 ਦੇ ਸ਼ੁਰੂ ‘ਚ ਪਾਸਪੋਰਟ ਜਾਰੀ ਕਰਨਾ ਬੰਦ ਕਰ ਦਿੱਤਾ ਸੀ ਅਤੇ ਵਿਦਿਆਰਥੀਆਂ, ਕਾਰੋਬਾਰੀਆਂ ਅਤੇ ਹੋਰ ਲੋਕਾਂ ਨੂੰ ਵਿਦੇਸ਼ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਚੀਨ ਦੇ ਕੌਮੀ ਇਮੀਗਰੇਸ਼ਨ ਪ੍ਰਸ਼ਾਸਨ ਨੇ ਕਿਹਾ ਕਿ ਉਹ ਪਾਸਪੋਰਟਾਂ ਲਈ 8 ਜਨਵਰੀ ਤੋਂ ਅਰਜ਼ੀਆਂ ਲੈਣਾ ਸ਼ੁਰੂ ਕਰੇਗਾ। ਉਸ ਨੇ ਇਹ ਵੀ ਕਿਹਾ ਕਿ ਉਹ ਚੀਨੀ ਯਾਤਰੀਆਂ ਨੂੰ ਸੈਰ-ਸਪਾਟੇ ਅਤੇ ਕਾਰੋਬਾਰ ਦੇ ਮਕਸਦ ਨਾਲ ਹਾਂਗਕਾਂਗ ਜਾਣ ਦੀ ਵੀ ਇਜਾਜ਼ਤ ਦੇਵੇਗਾ। ਇਮੀਗਰੇਸ਼ਨ ਪ੍ਰਸ਼ਾਸਨ ਨੇ ਇਹ ਵੀ ਕਿਹਾ ਕਿ ਸਰਕਾਰ ਹੌਲੀ-ਹੌਲੀ ਵਿਦੇਸ਼ੀਆਂ ਨੂੰ ਵੀ ਚੀਨ ਆਉਣ ਦੀ ਇਜਾਜ਼ਤ ਦੇਵੇਗਾ ਪਰ ਇਹ ਸੰਕੇਤ ਨਹੀਂ ਦਿੱਤੇ ਕਿ ਵਿਦੇਸ਼ੀ ਸੈਲਾਨੀਆਂ ਲਈ ਚੀਨ ਪੂਰੀ ਤਰ੍ਹਾਂ ਕਦੋਂ ਖੋਲ੍ਹਿਆ ਜਾਵੇਗਾ। ਸਿਹਤ ਅਤੇ ਆਰਥਿਕ ਮਾਹਿਰਾਂ ਨੇ ਆਸ ਜਤਾਈ ਹੈ ਕਿ ਹੁਕਮਰਾਨ ਕਮਿਊਨਿਸਟ ਪਾਰਟੀ 2023 ਦੇ ਅੱਧ ਤੱਕ ਚੀਨ ਦੀ ਯਾਤਰਾ ‘ਤੇ ਪਾਬੰਦੀਆਂ ਜਾਰੀ ਰਖੇਗੀ। ਚੀਨ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਨੂੰ ਹੁਣ ਇਕਾਂਤਵਾਸ ‘ਚ ਨਹੀਂ ਰਹਿਣਾ ਪਵੇਗਾ।

 

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …