ਦੇਹਰਾਦੂਨ : ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਅਤੇ ਹਿਮਾਲਿਆ ਦੀਆਂ ਉੱਚੀਆਂ ਪਹਾੜੀਆਂ ‘ਚ ਸਥਿਤ ਸਿੱਖਾਂ ਦੇ ਧਾਰਮਿਕ ਅਤੇ ਪਵਿੱਤਰ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 25 ਮਈ 2024 ਤੋਂ ਸ਼ੁਰੂ ਹੋਵੇਗੀ। ਇਸੇ ਦਿਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤਾਂ ਲਈ ਖੁੱਲ੍ਹਣਗੇ। 25 ਮਈ ਤੋਂ ਸ਼ੁਰੂ ਹੋਣ ਵਾਲੀ ਇਹ ਧਾਰਮਿਕ ਯਾਤਰਾ 10 ਅਕਤੂਬਰ 2024 ਤੱਕ ਜਾਰੀ ਰਹੇਗੀ। ਉਤਰਖੰਡ ਸੂਬੇ ਦੀ ਮੁੱਖ ਸਕੱਤਰ ਰਾਧਾ ਰਤੂੜੀ ਵੱਲੋਂ ਸਕੱਤਰੇਤ ਵਿਖੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਮੁਖੀ ਨਰਿੰਦਰਜੀਤ ਸਿੰਘ ਬਿੰਦਰਾ ਨਾਲ ਮੁਲਾਕਾਤ ਕੀਤੀ ਗਈ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇਹ ਜਾਣਕਾਰੀ ਸੰਗਤਾਂ ਲਈ ਸਾਂਝੀ ਕੀਤੀ ਗਈ ਹੈ।