Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ‘ਚ ਠੇਕਿਆਂ ਤੋਂ ਇਲਾਵਾ ਖਾਸ ਦੁਕਾਨਾਂ ਤੋਂ ਵੀ ਮਿਲੇਗੀ ਸ਼ਰਾਬ

ਪੰਜਾਬ ‘ਚ ਠੇਕਿਆਂ ਤੋਂ ਇਲਾਵਾ ਖਾਸ ਦੁਕਾਨਾਂ ਤੋਂ ਵੀ ਮਿਲੇਗੀ ਸ਼ਰਾਬ

ਪਹਿਲੇ ਪੜ੍ਹਾਅ ਦੌਰਾਨ 77 ਦੁਕਾਨਾਂ ਖੋਲ੍ਹਣ ਦੀ ਤਿਆਰੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਸ਼ਰਾਬ ਠੇਕਿਆਂ ਤੋਂ ਇਲਾਵਾ ਕੁਝ ਖਾਸ ਦੁਕਾਨਾਂ ਤੋਂ ਵੀ ਮਿਲੇਗੀ। ਲੋਕ ਠੇਕਿਆਂ ‘ਤੇ ਜਾਣ ਦੀ ਬਜਾਏ ਇਨ੍ਹਾਂ ਦੁਕਾਨਾਂ ਤੋਂ ਵੀ ਸ਼ਰਾਬ ਖਰੀਦ ਸਕਣਗੇ।
ਇਕ ਅਪ੍ਰੈਲ ਤੋਂ ਇਨ੍ਹਾਂ ਦੁਕਾਨਾਂ ‘ਤੇ ਵੀ ਸ਼ਰਾਬ ਅਤੇ ਬੀਅਰ ਉਪਲਬਧ ਹੋਵੇਗੀ। ਇਹ ਫੈਸਲਾ ਪੰਜਾਬ ਸਰਕਾਰ ਨੇ ਆਪਣੀ ਨਵੀਂ ਆਬਕਾਰੀ ਨੀਤੀ ਵਿਚ ਲਿਆ ਹੈ। ਪਹਿਲੇ ਪੜ੍ਹਾਅ ਵਿਚ ਰਾਜ ਦੇ ਵੱਖ-ਵੱਖ ਸ਼ਹਿਰਾਂ ਵਿਚ 77 ਦੁਕਾਨਾਂ ਖੋਲ੍ਹੀਆਂ ਜਾਣਗੀਆਂ।
ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਇਕ ਅਪ੍ਰੈਲ ਤੋਂ ਸ਼ਹਿਰਾਂ ਵਿਚ ਬੀਅਰ ਅਤੇ ਸ਼ਰਾਬ ਦੀਆਂ 77 ਦੁਕਾਨਾਂ ਖੋਲ੍ਹਣ ਜਾ ਰਹੀ ਹੈ। ਠੇਕਿਆਂ ‘ਤੇ ਨਾ ਜਾਣ ਦੇ ਇਛੁਕ ਲੋਕਾਂ ਨੂੰ ਹੁਣ ਸ਼ਹਿਰ ਦੇ ਬਜ਼ਾਰ ਵਿਚ ਹੀ ਸ਼ਰਾਬ ਮਿਲ ਸਕੇਗੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੁਕਾਨਾਂ ਦੇ ਖੁੱਲ੍ਹਣ ਨਾਲ ਸਰਕਾਰ ਦੀ ਆਮਦਨੀ ਵੀ ਵਧੇਗੀ।
ਵੈਟ ਦੀ ਦਰ 13 ਤੋਂ 10 ਫੀਸਦੀ ਕਰਨ ਦਾ ਫੈਸਲਾ : ਪੰਜਾਬ ਸਰਕਾਰ ਵਲੋਂ ਸਾਲ 2023-24 ਦੇ ਲਈ 8 ਮਾਰਚ ਨੂੰ ਕੈਬਨਿਟ ਦੀ ਬੈਠਕ ਵਿਚ ਨਵੀਂ ਆਬਕਾਰੀ ਨੀਤੀ ਨੂੰ ਮਨਜੂਰੀ ਦੇ ਦਿੱਤੀ ਗਈ ਹੈ। ਨਵੀਂ ਨੀਤੀ ਵਿਚ ਛੋਟੇ ਸ਼ਰਾਬ ਕਾਰੋਬਾਰੀਆਂ ਨੂੰ ਐਲ2 ਲਾਇਸੈਂਸ ਪ੍ਰਦਾਨ ਕਰਨ ਦਾ ਫੈਸਲਾ ਲੈਣ ਦੇ ਨਾਲ ਹੀ ਬੀਅਰ ਬਾਰ, ਹਾਈ ਬਾਰ, ਕਲੱਬ ਅਤੇ ਮਾਈਕ੍ਰੋ ਬ੍ਰੇਵਰੀਜ਼ ਵਿਚ ਵੇਚੀ ਜਾਣ ਵਾਲੀ ਸ਼ਰਾਬ ਅਤੇ ਬੀਅਰ ‘ਤੇ ਲਾਗੂ ਵੈਟ ਦੀ ਦਰ ਘਟਾ ਕੇ 13 ਫੀਸਦੀ ਅਤੇ ਸਰਚਾਰਜ ਨੂੰ 10 ਫੀਸਦੀ ਕਰਨ ਦਾ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਦੇ ਜ਼ਰੀਏ ਨਵੇਂ ਵਿੱਤੀ ਸਾਲ ਵਿਚ 1004 ਕਰੋੜ ਰੁਪਏ ਦੇ ਵਾਧੇ ਦੇ ਨਾਲ 9754 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦਾ ਟੀਚਾ ਰੱਖਿਆ ਹੈ।
ਠੇਕੇ ਅਤੇ ਸ਼ਰਾਬ ਦੀ ਨਵੀਂ ਦੁਕਾਨ ‘ਚ ਇਹ ਦਿਸੇਗਾ ਫਰਕ : ਚੰਡੀਗੜ੍ਹ ਦੀ ਤਰਜ਼ ‘ਤੇ ਪੰਜਾਬ ਦੇ ਵੱਡੇ ਸ਼ਹਿਰਾਂ ਵਿਚ ਖੋਲ੍ਹੀਆਂ ਜਾਣ ਵਾਲੀਆਂ ਸ਼ਰਾਬ ਦੀਆਂ ‘ਖਾਸ’ ਦੁਕਾਨਾਂ ਕਿਸੇ ਵੱਡੇ ਸ਼ੋਅਰੂਮ ਤੋਂ ਘੱਟ ਨਹੀਂ ਹੋਣਗੀਆਂ। ਗਾਹਕ ਇਨ੍ਹਾਂ ਦੁਕਾਨਾਂ ਵਿਚ ਸਜਾਏ ਗਏ ਰੈਕ ਤੋਂ ਆਪਣੀ ਪਸੰਸੀਦਾ ਸ਼ਰਾਬ ਜਾਂ ਬੀਅਰ ਖੁਦ ਉਠਾਉਣਗੇ ਅਤੇ ਕਾਊਂਟਰ ‘ਤੇ ਜਾ ਕੇ ਭੁਗਤਾਨ ਕਰਨਗੇ।
*ਖਰੀਦਿਆ ਗਿਆ ਸਮਾਨ ਜ਼ਿਆਦਾ ਹੈ ਤਾਂ ਦੁਕਾਨ ਦੇ ਸਰਵਿਸ ਬੁਆਏ ਉਨ੍ਹਾਂ ਦੀ ਗੱਡੀ ਵਿਚ ਸਮਾਨ ਰੱਖਣ ਦੀ ਸਹੂਲਤ ਵੀ ਉਪਲਬਧ ਕਰਾਉਣਗੇ। ਉਥੇ, ਸ਼ਰਾਬ ਦੇ ਠੇਕਿਆਂ ਦੀ ਜੋ ਪਹਿਚਾਣ ਪਹਿਲਾਂ ਸੀ, ਉਹ ਅੱਜ ਵੀ ਹੈ।
ਚੰਡੀਗੜ੍ਹ ‘ਚ ਪਹਿਲਾਂ ਤੋਂ ਖੁੱਲ੍ਹੀਆਂ ਹਨ ਦੁਕਾਨਾਂ
ਚੰਡੀਗੜ੍ਹ ਵਿਚ ਠੇਕਿਆਂ ਤੋਂ ਇਲਾਵਾ ਸ਼ਰਾਬ ਦੀਆਂ ਦੁਕਾਨਾਂ ਪਹਿਲਾਂ ਤੋਂ ਹੀ ਖੁੱਲ੍ਹੀਆਂ ਹੋਈਆਂ ਹਨ। ਇਨ੍ਹਾਂ ਦੁਕਾਨਾਂ ਵਿਚ ਵਿਦੇਸ਼ੀ ਸਕੌਚ ਦੇ ਨਾਲ ਬੀਅਰ ਮਿਲਦੀ ਹੈ। ਪੰਜਾਬ ਸਰਕਾਰ ਇਸੇ ਵਿਵਸਥਾ ਨੂੰ ਸੂਬੇ ਵਿਚ ਲਾਗੂ ਕਰਦੇ ਹੋਏ ਭੀੜ ਭੜੱਕੇ ਵਾਲੇ ਬਜ਼ਾਰਾਂ ਵਿਚ ਸ਼ਰਾਬ ਅਤੇ ਬੀਅਰ ਦੀਆਂ ਦੁਕਾਨਾਂ ਨੂੰ ਮਨਜੂਰੀ ਦੇਵੇਗੀ।
ਰਾਤ 12 ਵਜੇ ਤੱਕ ਖੁੱਲ੍ਹਣਗੇ ਠੇਕੇ, ਸ਼ਰਾਬ ਅਤੇ ਬੀਅਰ ਹੋਵੇਗੀ ਸਸਤੀ
ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਸਾਲ 2023-24 ਦੇ ਲਈ ਨਵੀਂ ਆਬਕਾਰੀ ਨੀਤੀ ਨੂੰ ਮੰਗਲਵਾਰ ਨੂੰ ਮਨਜੂਰੀ ਦੇ ਦਿੱਤੀ। ਨਵੀਂ ਨੀਤੀ ਇਕ ਅਪ੍ਰੈਲ ਤੋਂ ਲਾਗੂ ਹੋ ਜਾਏਗੀ। ਸ਼ਹਿਰ ਵਿਚ ਠੇਕਿਆਂ ਦੀ ਵੰਡ ਅਤੇ ਸ਼ਰਾਬ ਦੀ ਵਿਕਰੀ ਹੁਣ ਇਸੇ ਨੀਤੀ ਦੇ ਤਹਿਤ ਹੀ ਕੀਤੀ ਜਾਵੇਗੀ। ਨੀਤੀ ਵਿਚ ਸਭ ਤੋਂ ਅਹਿਮ ਹੈ ਕਿ ਹੁਣ ਸ਼ਹਿਰ ਵਿਚ ਸ਼ਰਾਬ ਦੇ ਠੇਕੇ ਰਾਤ 12 ਵਜੇ ਤੱਕ ਖੁੱਲ੍ਹਣਗੇ। ਪ੍ਰਸ਼ਾਸਨ ਨੇ ਗੋ ਸੈਸ ਘਟਾ ਕੇ ਕਲੀਨ ਏਅਰ ਸੈਸ (ਈਵੀ ਸੈਸ) ਲਗਾ ਦਿੱਤਾ ਹੈ, ਜਿਸ ਨਾਲ ਸ਼ਰਾਬ ਅਤੇ ਬੀਅਰ ਦੀਆਂ ਕੀਮਤਾਂ ਕੁਝ ਘਟ ਜਾਣਗੀਆਂ। ਪ੍ਰਸ਼ਾਸਕ ਬੀਐਲ ਪੁਰੋਹਿਤ ਦੇ ਨਾਲ ਚਰਚਾ ਤੋਂ ਬਾਅਦ ਹੀ ਇਸ ਨੀਤੀ ਨੂੰ ਤਿਆਰ ਕੀਤਾ ਗਿਆ ਹੈ।

Check Also

ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਨਾ ਕਾਰਜਾਂ ਦੀ ਗੱਲ, ਨਾ ਯੋਜਨਾਵਾਂ ਦਾ ਹਵਾਲਾ-ਇਕ ਲੀਡਰ ਸਵਾਲ ਕਰਦਾ ਹੈ ਦੂਜਾ ਦਿੰਦਾ ਹੈ …