ਹੁਣ ਬਿਨਾ ਵਜ੍ਹਾ ਨਹੀਂ ਰੋਕ ਸਕੇਗੀ ਪੁਲਿਸ
ਜੇਲ੍ਹਾਂ ਲਈ 2000 ਨਵੇਂ ਮੁਲਾਜ਼ਮ ਭਰਤੀ ਕੀਤੇ ਜਾਣਗੇ
ਮਿੱਸੀਸਾਗਾ/ਪਰਵਾਸੀ ਬਿਊਰੋ
ਓਨਟਾਰੀਓ ਦੇ ਜੇਲ੍ਹ ਮੰਤਰੀ ਯਾਸਿਰ ਨਕਵੀ ਨੇ ਐਲਾਨ ਕੀਤਾ ਹੈ ਕਿ ਹੁਣ ਪੁਲਿਸ ਅਫਸਰ ਕਿਸੇ ਵੀ ਨਾਗਰਿਕ ਨੂੰ ਬਿਨ੍ਹਾਂ ਵਜ੍ਹਾ ਰੋਕ ਕੇ ਪੁੱਛਗਿੱਛ ਨਹੀਂ ਕਰ ਸਕਣਗੇ।
ਵਰਨਣਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ‘ਕਾਰਡਿੰਗ’ ਨੇ ਨਾਂਅ ਹੇਠ ਚਰਚਿਤ ਇਹ ਮੁੱਦਾ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਵੱਖ-ਵੱਖ ਪੁਲਿਸ ਰੀਜਨਲ ਫੋਰਸ ਵਿੱਚ ਕੰਮ ਕਰਦੇ ਪੁਲਿਸ ਅਫਸਰ ਬਿਨ੍ਹਾਂ ਵਜ੍ਹਾ ਕਿਸੇ ਵੀ ਵਿਅਕਤੀ ਨੂੰ ਰੋਕ ਕੇ ਪੁੱਛਗਿੱਛ ਸ਼ੁਰੂ ਕਰ ਦਿੰਦੇ ਹਨ ਅਤੇ ਉਸ ਤੋਂ ਮਿਲੀ ਜਾਣਕਾਰੀ ਨੂੰ ਸੰਭਾਲ ਕੇ ਰੱਖ ਲੈਂਦੇ ਹਨ, ਜੋ ਕਿ ਗੈਰ-ਕਾਨੂੰਨੀ ਹੈ। ਇੰਜ ਉਸ ਵਿਅਕਤੀ ਦਾ ਇਹ ਪੁਲਿਸ ਰਿਕਾਰਡ ਤਿਆਰ ਹੋ ਜਾਂਦਾ ਹੈ, ਜਿਸ ਬਾਰੇ ਉਸ ਨੂੰ ਪਤਾ ਨਹੀਂ ਹੁੰਦਾ।
ਇਹ ਵੀ ਵਰਨਣਯੋਗ ਹੈ ਕਿ ਅਜਿਹੇ ਹਜ਼ਾਰਾਂ ਕੇਸ ਪੀਲ ਰੀਜਨ ਅਤੇ ਟੋਰਾਂਟੋ ਪੁਲਿਸ ਅਧੀਨ ਸਾਹਮਣੇ ਆਏ ਹਨ। ਇਸ ਕਾਰਨ ਕਾਲੇ ਰੰਗ ਦੇ ਲੋਕ ਖਾਸ ਕਰਕੇ ਦੋਸ਼ ਲਾਉਂਦੇ ਹਨ ਕਿ ਉਨ੍ਹਾਂ ਨੂੰ ਪੁਲਿਸ ਵੱਲੋਂ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਜਾਂਦਾ ਹੈ। ਅਜਿਹੇ ਕਈ ਕੇਸ ਸਾਊਥ ਏਸ਼ੀਅਨ ਭਾਈਚਾਰੇ ਦੇ ਲੋਕਾਂ ਵੱਲੋਂ ਵੀ ਦੱਸੇ ਗਏ ਹਨ।
ਮੰਤਰੀ ਨਕਵੀ ਨੇ ‘ਪਰਵਾਸੀ ਰੇਡੀਓ’ ਉਤੇ ਖੁਲਾਸਾ ਕੀਤਾ ਕਿ ਹੁਣ ਇਹ ਕਾਨੂੰਨ ਬਣਾ ਦਿੱਤਾ ਗਿਆ ਹੈ ਕਿ ਕੋਈ ਵੀ ਪੁਲਿਸ ਅਫਸਰ ਕਿਸੇ ਵੀ ਵਿਅਕਤੀ ਨੂੰ ਬਿਨ੍ਹਾਂ ਕਾਰਨ ਰੋਕ ਕੇ ਪੁੱਛਗਿੱਛ ਨਹੀਂ ਕਰੇਗਾ। ਜੇਕਰ ਸ਼ੱਕ ਦੀ ਹਾਲਤ ਵਿੱਚ ਰੋਕੇਗਾ ਤਾਂ ਉਸ ਨੂੰ ਉਸ ਵਿਅਕਤੀ ਨੂੰ ਦੱਸਣਾ ਪਵੇਗਾ ਕਿ ਉਸ ਕੋਲ ਅਧਿਕਾਰ ਹੈ ਕਿ ਉਹ ਆਪਣੀ ਜਾਣਕਾਰੀ ਦੇਣ ਤੋਂ ਗੁਰੇਜ਼ ਵੀ ਕਰ ਸਕਦਾ ਹੈ। ਪੁਲਿਸ ਉਸ ਨੂੰ ਮਜਬੂਰ ਨਹੀਂ ਕਰ ਸਕੇਗੀ ਅਤੇ ਜੇ ਕੋਈ ਵੀ ਜਾਣਕਾਰੀ ਪੁਲਿਸ ਅਫਸਰ ਇਕੱਠੀ ਕਰੇਗਾ ਤਾਂ ਉਸ ਦੀ ਇਕ ਕਾਪੀ ਉਸ ਵਿਅਕਤੀ ਨੂੰ ਵੀ ਦੇਣੀ ਪਵੇਗੀ। ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਕਈ ਮਹੀਨਿਆਂ ਦੌਰਾਨ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿੱਚ ਵੱਖ-ਵੱਖ ਵਰਗ ਦੇ ਲੋਕਾਂ ਨਾਲ ਵਿਚਾਰਾਂ ਕੀਤੀਆਂ ਅਤੇ ਫਿਰ ਇਸ ਨਤੀਜੇ ਤੇ ਪਹੁੰਚੇ ਹਾਂ ਅਤੇ ਹੁਣ ਇਸ ਨੂੰ ਕਾਨੂੰਨ ਦਾ ਰੂਪ ਦਿੱਤਾ ਹੈ। ਇਕ ਹੋਰ ਜਾਣਕਾਰੀ ਵਿੱਚ ਉਨ੍ਹਾਂ ਦੱਸਿਆ ਕਿ ਓਨਟਾਰੀਓ ਵਿੱਚ ਅਗਲੇ ਤਿੰਨ ਸਾਲਾਂ ਦੌਰਾਨ ਜੇਲ੍ਹਾਂ ਵਿੱਚ ਕੰਮ ਕਰਨ ਲਈ 2000 ਨਵੇਂ ਮੁਲਾਜ਼ਮ ਭਰਤੀ ਕੀਤੇ ਜਾਣਗੇ। ਇਸ ਭਰਤੀ ਵਿੱਚ ਖਿਆਲ ਰੱਖਿਆ ਜਾਵੇਗਾ ਕਿ ਵੱਖ-ਵੱਖ ਨਸਲਾਂ ਅਤੇ ਵਰਗਾਂ ਦੇ ਲੋਕਾਂ ਨੂੰ ਭਰਤੀ ਕੀਤਾ ਜਾਵੇ। ਉਨ੍ਹਾਂ ਨੇ ਚਾਹਵਾਨ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀ ਵੈੱਬ-ਸਾਈਟ ‘ਤੇ ਜਾ ਕੇ ਇਸ ਬਾਰੇ ਹੋਰ ਜਾਣਕਾਰੀ ਲੈ ਸਕਦੇ ਹਨ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …