ਟੋਰਾਂਟੋ ਦੇ ਸਾਬਕਾ ਮੇਅਰ ਫੋਰਡ ਕੈਂਸਰ ਨਾਲ ਜੂਝਦਿਆਂ 46 ਵਰ੍ਹਿਆਂ ‘ਚ ਹੀ ਦੇ ਗਏ ਵਿਛੋੜਾ
ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਦੇ ਸਾਬਕਾ ਮੇਅਰ ਰੌਬ ਫੋਰਡ ਦੀ ਕੈਂਸਰ ਨਾਲ ਜੂਝਦਿਆਂ ਹੋਇਆਂ 46 ਸਾਲ ਦੀ ਉਮਰ ਵਿੱਚ ਹੀ ਮੌਤ ਹੋ ਗਈ। ਸਭ ਤੋਂ ਪਹਿਲਾਂ ਸਤੰਬਰ 2014 ਵਿੱਚ ਫੋਰਡ ਨੂੰ ਕੈਂਸਰ ਹੋਣ ਦਾ ਪਤਾ ਲੱਗਿਆ ਸੀ। ਫੋਰਡ ਦੀ ਮੌਤ ਦੀ ਖਬਰ ਆਉਂਦਿਆਂ ਹੀ ਉਨ੍ਹਾਂ ਦੇ ਰਿਸ਼ਤੇਦਾਰਾਂ, ਮਿੱਤਰਾਂ ਤੇ ਸਰਕਾਰ ਦੇ ਹਰ ਪੱਧਰ ਤੋਂ ਸਿਆਸਤਾਨਾਂ ਨੇ ਅਫਸੋਸ ਪ੍ਰਗਟ ਕੀਤਾ। ਆਪਣੀ ਮੌਤ ਸਮੇਂ ਫੋਰਡ ਸਿਟੀ ਕੌਂਸਲਰ ਵਜੋਂ ਸੇਵਾ ਨਿਭਾਅ ਰਹੇ ਸਨ। ਰੌਬ ਫੋਰਡ ਦੀ ਦੇਹ ਦੀਆਂ ਅੰਤਿਮ ਰਸਮਾਂ 30 ਮਾਰਚ ਦਿਨ ਬੁੱਧਵਾਰ ਨੂੰ ਹੋਣਗੀਆਂ। ਉਨ੍ਹਾਂ ਦੀ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਟੋਰਾਂਟੋ ਸਿਟੀ ਹਾਲ ਵਿਚ ਰੱਖਿਆ ਗਿਆ ਹੈ ਜਿੱਥੇ ਸ਼ਰਧਾਂਜਲੀਆਂ ਦੇਣ ਵਾਲੇ ਲੋਕਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਦਿਨ ਬੁੱਧਵਾਰ ਨੂੰ ਅੰਤਿਮ ਰਸਮਾਂ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਟੋਰਾਂਟੋ ਦੇ ਮੇਅਰ ਜੌਨ ਟੋਰੀ ਨੇ ਆਖਿਆ ਕਿ ਫੋਰਡ ਦੀ ਮੌਤ ਦੀ ਖਬਰ ਨਾਲ ਸਾਰਿਆਂ ਨੂੰ ਹੀ ਵੱਡਾ ਝਟਕਾ ਲੱਗਿਆ ਹੈ। ਉਨ੍ਹਾਂ ਫੋਰਡ ਦੇ ਪਰਿਵਾਰ ਨਾਲ ਦੁੱਖ ਵੀ ਸਾਂਝਾ ਕੀਤਾ। ਟੋਰੀ ਨੇ ਆਖਿਆ ਕਿ ਸਿਟੀ ਹਾਲ ਵਿੱਚ ਫੋਰਡ ਨਾਲ ਬਿਤਾਇਆ ਸਮਾਂ ਹਮੇਸ਼ਾਂ ਉਨ੍ਹਾਂ ਨੂੰ ਚੇਤੇ ਰਹੇਗਾ। ਆਪਣੇ ਕੌਂਸਲ ਕੁਲੀਗਜ਼ ਵਿੱਚ ਆਪਣੇ ਦਿਆਲੂ ਤੇ ਖੁੱਲ੍ਹੇ ਸੁਭਾਅ ਕਾਰਨ ਉਹ ਕਾਫੀ ਮਕਬੂਲ ਸਨ। ਮੇਅਰ ਵਜੋਂ ਆਪਣੇ ਕਾਰਜਕਾਲ ਦੌਰਾਨ ਟੋਰਾਂਟੋ ਲਈ ਜੋ ਬਿਹਤਰ ਸੀ ਫੋਰਡ ਨੇ ਉਹ ਕਰਨ ਦੀ ਕੋਸ਼ਿਸ਼ ਕੀਤੀ। ਪਾਰਲੀਮੈਂਟ ਹਿੱਲ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫੋਰਡ ਦੇ ਅਕਾਲ ਚਲਾਣੇ ਦੀ ਪੁਸ਼ਟੀ ਕੀਤੀ ਤੇ ਆਖਿਆ ਕਿ 46 ਸਾਲ ਦੀ ਨਿੱਕੀ ਉਮਰੇ ਉਸ ਦੇ ਚਲੇ ਜਾਣ ਕਾਰਨ ਮਨ ਕਾਫੀ ਉਦਾਸ ਹੈ। ਟਰੂਡੋ ਨੇ ਆਖਿਆ ਕਿ ਇਸ ਦੁੱਖ ਦੀ ਘੜੀ ਵਿੱਚ ਉਹ ਫੋਰਡ ਦੀ ਪਤਨੀ ਰੇਨਾਟਾ ਤੇ ਉਨ੍ਹਾਂ ਦੇ ਦੋ ਬੱਚਿਆਂ ਤੇ ਪੂਰੇ ਫੋਰਡ ਪਰਿਵਾਰ ਦੇ ਨਾਲ ਹਨ। ਓਨਟਾਰੀਓ ਦੀ ਪ੍ਰੀਮੀਅਰ ਕੈਥਲੀਨ ਵਿੰਨ ਨੇ ਇਸ ਨੂੰ ਵੱਡਾ ਘਾਟਾ ਦੱਸਿਆ। ਕੰਸਰਵੇਟਿਵ ਐਮਪੀ ਤੇ ਸਾਬਕਾ ਕੈਬਨਿਟ ਮੰਤਰੀ ਜੇਸਨ ਕੇਨੀ ਨੇ ਵੀ ਫੋਰਡ ਦੀ ਮੌਤ ਉੱਤੇ ਦੁੱਖ ਪ੍ਰਗਟਾਇਆ। ਟੋਰਾਂਟੋ ਦੇ ਸਿਟੀ ਹਾਲ ਉੱਤੇ ਫੋਰਡ ਨੂੰ ਸ਼ਰਧਾਂਜਲੀ ਦੇਣ ਲਈ ਝੰਡਾ ਝੁਕਾਅ ਦਿੱਤਾ ਗਿਆ। ਫੋਰਡ ਦੇ ਸਿਆਸੀ ਕਰੀਅਰ ਵਿੱਚ ਉਨ੍ਹਾਂ ਨੂੰ ਬਹੁਤ ਸਪਸ਼ਟਵਾਦੀ ਮੰਨਿਆ ਜਾਂਦਾ ਸੀ। ਮੇਅਰ ਦੇ ਅਹੁਦੇ ਦੀਆਂ ਚੋਣਾਂ ਤੋਂ ਦੋ ਮਹੀਨੇ ਪਹਿਲਾਂ ਹੀ ਸਤੰਬਰ 2014 ਵਿੱਚ ਫੋਰਡ ਨੂੰ ਕੈਂਸਰ ਦੀ ਬਹੁਤ ਘੱਟ ਪਾਈ ਜਾਣ ਵਾਲੀ ਕਿਸਮ ਲਾਇਪੋਸਾਰਕੋਮਾ ਹੋਣ ਦਾ ਪਤਾ ਲੱਗਿਆ। ਸੌਫਟ ਟਿਸੂਥ ਸਟਰਕਚਰ ਵਿੱਚ ਹੋਣ ਵਾਲਾ ਇਹ ਕੈਂਸਰ ਫੋਰਡ ਨੂੰ ਢਿੱਡ ਵਿੱਚ ਹੋਇਆ। ਭਾਵੇਂ ਫੋਰਡ ਨੂੰ ਦੂਜੀ ਵਾਰੀ ਵੀ ਮੇਅਰ ਚੁਣੇ ਜਾਣ ਦੀ ਪੂਰੀ ਉਮੀਦ ਸੀ ਪਰ ਆਪਣੀ ਬਿਮਾਰੀ ਨੂੰ ਵੇਖਦਿਆਂ ਹੋਇਆਂ ਉਨ੍ਹਾਂ ਮੇਅਰ ਦੇ ਅਹੁਦੇ ਦੀ ਦੌੜ ਵਿੱਚੋਂ ਆਪਣਾ ਨਾਂ ਵਾਪਿਸ ਲੈ ਲਿਆ ਤੇ ਕੀਮੋਥੈਰੇਪੀ ਤੇ ਰੇਡੀਏਸ਼ਨ ਕਰਵਾਉਣ ਲੱਗੇ। ਪਰ ਕੈਂਸਰ ਵੀ ਉਨ੍ਹਾਂ ਨੂੰ ਸਿਆਸਤ ਤੋਂ ਦੂਰ ਨਾ ਰੱਖ ਸਕਿਆ। ਕੀਮੋਥੈਰੇਪੀ ਦੇ ਇਲਾਜ ਦੇ ਚੱਲਦਿਆਂ ਫੋਰਡ ਨੇ ਆਪਣੀ ਪੁਰਾਣੀ ਕਾਉਂਸਲ ਸੀਟ ਉੱਤੇ ਦਾਅਵੇਦਾਰੀ ਪੇਸ਼ ਕੀਤੀ ਤੇ ਜਿੱਤ ਵੀ ਗਏ। ਮਈ 2015 ਵਿੱਚ ਫੋਰਡ ਦਾ ਆਪਰੇਸ਼ਨ ਹੋਇਆ ਤੇ ਉਨ੍ਹਾਂ ਦੇ ਢਿੱਡ ਵਿੱਚ ਮੌਜੂਦ ਕੈਂਸਰ ਵਾਲੇ ਟਿਊਮਰ ਨੂੰ ਕੱਢ ਦਿੱਤਾ ਗਿਆ। ਉਸੇ ਸਾਲ ਅਕਤੂਬਰ ਵਿੱਚ ਫੋਰਡ ਨੇ ਮੁੜ ਐਲਾਨ ਕੀਤਾ ਕਿ ਡਾਕਟਰਾਂ ਨੂੰ ਉਨ੍ਹਾਂ ਦੇ ਬਲੈਡਰ ਦੇ ਨੇੜੇ ਇੱਕ ਹੋਰ ਟਿਊਮਰ ਮਿਲਿਆ ਹੈ। ਉਨ੍ਹਾਂ ਬਹੁਤ ਇਲਾਜ ਕਰਵਾਇਆ ਪਰ ਇਸ ਵਾਰੀ ਸਫਲਤਾ ਨਹੀਂ ਮਿਲੀ ਤੇ ਫੋਰਡ ਕੈਂਸਰ ਨਾਲ ਚੱਲ ਰਹੀ ਜੰਗ ਹਾਰ ਗਏ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …