Breaking News
Home / ਹਫ਼ਤਾਵਾਰੀ ਫੇਰੀ / ਬੈਲਜੀਅਮ ‘ਚ ਅੱਤਵਾਦੀ ਹਮਲਾ, 35 ਮੌਤਾਂ

ਬੈਲਜੀਅਮ ‘ਚ ਅੱਤਵਾਦੀ ਹਮਲਾ, 35 ਮੌਤਾਂ

Belzium Attack copy copyਰਾਜਧਾਨੀ ਬਰੱਸਲਜ਼ ਦੇ ਹਵਾਈ ਅੱਡੇ ਤੇ ਮੈਟਰੋ ਸਟੇਸ਼ਨ ਨੂੰ ਬਣਾਇਆ ਨਿਸ਼ਾਨਾ; 200 ਤੋਂ ਵੱਧ ਜ਼ਖ਼ਮੀ
ਬਰੱਸਲਜ਼/ਬਿਊਰੋ ਨਿਊਜ਼
ਬੈਲਜੀਅਮ ਦੀ ਰਾਜਧਾਨੀ ਬਰੱਸਲਜ਼ ਦੇ ਹਵਾਈ ਅੱਡੇ ਤੇ ਇਕ ਮੈਟਰੋ ਸਟੇਸ਼ਨ ‘ਤੇ ਸਿਲਸਿਲੇਵਾਰ ਹੋਏ ਧਮਾਕਿਆਂ ਵਿੱਚ ਕਰੀਬ 35 ਵਿਅਕਤੀ ਮਾਰੇ ਗਏ ਤੇ 200 ਤੋਂ ਵੱਧ ਜ਼ਖ਼ਮੀ ਹੋ ਗਏ। ਇਸੇ ਦੌਰਾਨ ਇਸਲਾਮਿਕ ਸਟੇਟ ਨੇ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਧਮਾਕਿਆਂ ਤੋਂ ਬਾਅਦ ਬੈਲਜੀਅਮ ਵਿੱਚ ਵੱਡੇ ਅੱਤਵਾਦੀ ਖਤਰੇ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ ਤੇ ਨਾਲ ਹੀ ਪੂਰੇ ਯੂਰਪ ਵਿੱਚ ਸੁਰੱਖਿਆ ਮਜ਼ਬੂਤ ਕਰ ਦਿੱਤੀ ਗਈ ਹੈ। ਬੈਲਜੀਅਮ ਦੇ ਪ੍ਰਧਾਨ ਮੰਤਰੀ ਚਾਰਲਸ ਮਾਈਕਲ ਨੇ ਇਸ ਹਮਲੇ ਨੂੰ ਹਿੰਸਕ ਤੇ ਕਾਇਰਾਨਾ ਕਰਾਰ ਦਿੰਦਿਆਂ ਕਿਹਾ ਹੈ ਕਿ ਇਹ ਤ੍ਰਾਸਦੀ ਦਾ ਦਿਨ ਹੈ ਤੇ ਕਾਲਾ ਦਿਨ ਹੈ। ਜ਼ੇਵੇਂਤਮ ਹਵਾਈ ਅੱਡੇ ਦੇ ਮੁੱਖ ਹਾਲ ਵਿੱਚ  ਦੋ ਧਮਾਕੇ ਹੋਏ। ਪੁਲਿਸ ਮੁਤਾਬਕ ਇਸ ਹਮਲੇ ਵਿੱਚ ਇਕ ਆਤਮਘਾਤੀ ਹਮਲਾਵਰ ਸ਼ਾਮਲ ਹੋ ਸਕਦਾ ਹੈ। ਤੀਜਾ ਧਮਾਕਾ ਯੂਰਪੀ ਸੰਘ ਦੀ ਮੁੱਖ ਇਮਾਰਤ ਦੇ ਨੇੜੇ ਮਾਲਬੀਕ ਮੈਟਰੋ ਸਟੇਸ਼ਨ ‘ਤੇ ਹੋਇਆ। ਦਫ਼ਤਰਾਂ ਦਾ ਸਮਾਂ ਹੋਣ ਕਾਰਨ ਮੈਟਰੋ ਸਟੇਸ਼ਨ ‘ਤੇ ਭੀੜ ਸੀ ਤੇ ਨਾਲ ਹੀ ਹਵਾਈ ਅੱਡੇ ‘ਤੇ ਜਹਾਜ਼ ਚੜ੍ਹਨ ਵਾਲਿਆਂ ਦੀ ਵੱਡੀ ਗਿਣਤੀ ਸੀ। ਹਵਾਈ ਅੱਡੇ ‘ਤੇ 15 ਵਿਅਕਤੀ ਮਾਰੇ ਗਏ ਤੇ 90 ਤੋਂ ਵੱਧ ਜ਼ਖ਼ਮੀ ਹੋਏ ਜਦ ਕਿ ਮੈਟਰੋ ਸਟੇਸ਼ਨ ‘ਤੇ ਹੋਏ ਧਮਾਕਿਆਂ ਵਿੱਚ ਕਰੀਬ 20 ਜਾਨਾਂ ਗਈਆਂ ਤੇ 106 ਜ਼ਖ਼ਮੀ ਹੋਏ। ਲੋਕਾਂ ਦਾ ਕਹਿਣਾ ਹੈ ਕਿ ਧਮਾਕੇ ਤੋਂ ਪਹਿਲਾਂ ਅਰਬੀ ਭਾਸ਼ਾ ਵਿੱਚ ਨਾਅਰੇਬਾਜ਼ੀ ਸੁਣੀ ਗਈ। ਇਸ ਧਮਾਕੇ ਵਿੱਚ ਬਹੁਤ ਸਾਰੇ ਵਿਅਕਤੀਆਂ ਦੇ ਅੰਗ ਉੱਡ ਗਏ। ਧਮਾਕਿਆਂ ਬਾਅਦ ਹਵਾਈ ਅੱਡੇ ਬੰਦ ਕਰ ਦਿੱਤੇ ਗਏ ਅਤੇ ਬੱਸਾਂ, ਰੇਲ ਗੱਡੀਆਂ, ਮੈਟਰੋ ਤੇ ਟਰੈਮ ਰੋਕ ਦਿੱਤੀਆਂ ਗਈਆਂ। ਇਹ ਧਮਾਕੇ ਬੈਲਜੀਅਮ ਵਿੱਚ ਫਰਾਂਸ ਹਮਲੇ ਦੇ ਮੁੱਖ ਮੁਲਜ਼ਮ ਸਲਾਹ ਅਬਦੁਲਸਲਾਮ ਦੀ ਨਾਟਕੀ ਢੰਗ ਨਾਲ ਹੋਈ ਗ੍ਰਿਫ਼ਤਾਰੀ ਦੇ ਅਗਲੇ ਹੀ ਦਿਨ ਹੋਏ ਹਨ। ਉਹ ਚਾਰ ਮਹੀਨਿਆਂ ਤੋਂ ਫਰਾਰ ਸੀ। ਹਮਲਿਆਂ ਬਾਅਦ ਯੂਰਪ ਦੇ ਨੇਤਾਵਾਂ ਨੇ ਬੈਲਜੀਅਮ ਪ੍ਰਤੀ ਹਮਦਰਦੀ ਤੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ। ਯੂਰਪੀ ਸੰਘ ਦੇ ਪ੍ਰਧਾਨ ਡੋਨਲਡ ਟਸਕ ਨੇ ਕਿਹਾ ਕਿ ਇਹ ਹਮਲੇ ਅੱਤਵਾਦੀਆਂ ਦੀ ਹੋਛੀ ਹਰਕਤ ਹਨ। ਸਵੀਡਨ ਦੇ ਪ੍ਰਧਾਨ ਮੰਤਰੀ ਸਟੀਫਨ ਲੋਫਵੇਨ ਨੇ ਧਮਾਕਿਆਂ ਨੂੰ ਜਮਹੂਰੀ ਯੂਰਪ ਦੇ ਖ਼ਿਲਾਫ਼ ਕਰਾਰ ਦਿੱਤਾ ਹੈ, ਜਦ ਕਿ ਬਰਤਾਨਵੀ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੇ ਟਵੀਟ ਕੀਤਾ ਹੈ ਕਿ ਉਹ ਚਿੰਤਤ ਹਨ। ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਔਲਾਂਦ ਨੇ ਕਿਹਾ ਕਿ ਇਹ ਪੂਰੇ ਯੂਰਪ ‘ਤੇ ਹਮਲਾ ਹੈ। ਗੁਆਂਢੀ ਦੇਸ਼ਾਂ ਫਰਾਂਸ, ਜਰਮਨੀ ਤੇ ਹਾਲੈਂਡ ਦੇ ਨਾਲ ਹੀ ਬਰਤਾਨੀਆ ਨੇ ਵੀ ਹਵਾਈ ਅੱਡਿਆਂ ਦੀ ਸੁਰੱਖਿਆ ਵਧਾ ਦਿੱਤੀ ਹੈ।
ਹਮਲਿਆਂ ਵਿੱਚ ਜੈੱਟ ਏਅਰਵੇਜ਼ ਦੇ ਦੋ ਮੈਂਬਰ ਜ਼ਖ਼ਮੀ
ਨਵੀਂ ਦਿੱਲੀ: ਬੈਲਜੀਅਮ ਵਿੱਚ ਭਾਰਤੀ ਰਾਜਦੂਤ ਮਨਜੀਵ ਪੁਰੀ ਨੇ ਕਿਹਾ ਹੈ ਕਿ ਧਮਾਕਿਆਂ ਵਿੱਚ ਕਿਸੇ ਭਾਰਤੀ ਦੀ ਮੌਤ ਦੀ ਰਿਪੋਰਟ ਨਹੀਂ ਹੈ ਪਰ ਜੈੱਟ ਹਵਾਈ ਜਹਾਜ਼ ਅਮਲੇ ਦੇ ਦੋ ਮੈਂਬਰ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਜ਼ਖ਼ਮੀਆਂ ਵਿੱਚ ਇਕ ਔਰਤ ਮੁਲਾਜ਼ਮ ਹੈ। ਭਾਰਤੀ ਸਫਾਰਤਖਾਨੇ ਨੇ ਹੈਲਪਲਾਈਨ ਲਈ ਨੰਬਰ ਜਾਰੀ ਕੀਤਾ ਹੈ, ਜੋ +32-26409140,+32-26451850 (PABX) ਅਤੇ +32476748575 ਹੈ।
ਓਬਾਮਾ ਵਲੋਂ ਨਿਖੇਧੀ
ਕਿਊਬਾ ਦੌਰੇ ‘ਤੇ ਗਏ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਬੈਲਜੀਅਮ ਹਮਲੇ ਦੀ ਨਿੰਦਾ ਕੀਤੀ ਹੈ ਤੇ ਬੈਲਜੀਅਮ ਨੂੰ ਮੱਦਦ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਮੁੱਚੀ ਦੁਨੀਆ ਨੂੰ ਅੱਤਵਾਦ ਖਿਲਾਫ ਇਕਜੁੱਟ ਹੋਣਾ ਚਾਹੀਦਾ ਹੈ।
ਬਰੱਸਲਜ਼ ਹਮਲਾ ਨਿੰਦਣਯੋਗ : ਮੋਦੀ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਰੱਸਲਜ਼ ਹਵਾਈ ਅੱਡੇ ‘ਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਇਸ ਨੂੰ ਘ੍ਰਿਣਾਯੋਗ ਕਰਾਰ ਦਿੰਦਿਆਂ ਟਵੀਟ ਕੀਤਾ ਕਿ ਬਰੱਲਸਜ਼ ਹਮਲੇ ਦੀ ਖਬਰ ਪ੍ਰੇਸ਼ਾਨ ਕਰਨ ਵਾਲੀ ਹੈ ਤੇ ਹਮਲੇ ਦੀ ਕਾਰਵਾਈ ਨਿੰਦਣਯੋਗ ਹੈ।
ਬਰੱਸਲਜ਼ ਹਮਲੇ ਦਾ ਤੀਜਾ ਸ਼ੱਕੀ ਮੁਲਜ਼ਮ ਗ੍ਰਿਫਤਾਰ
ਬਰੱਸਲਜ਼ ਬੰਬ ਧਮਾਕਿਆਂ ਦਾ ਤੀਜਾ ਸ਼ੱਕੀ ਮੁਲਜ਼ਮ ਗ੍ਰਿਫਤਾਰ ਕਰ ਲਿਆ ਗਿਆ ਹੈ। ਸੁਰੱਖਿਆ ਏਜੰਸੀਆਂ ਨੇ ਨਾਜ਼ਿਮ ਨਾਮੀ ਵਿਅਕਤੀ ਨੂੰ ਬਰੱਸਲਜ਼ ਤੋਂ ਗ੍ਰਿਫਤਾਰ ਕੀਤਾ ਹੈ। ਇਹਨਾਂ ਧਮਾਕਿਆਂ ਦੀ ਜ਼ਿੰਮੇਵਾਰੀ ਖਤਰਨਾਕ ਅੱਤਵਾਦੀ ਜੱਥੇਬੰਦੀ ਆਈਐਸ ਨੇ ਲਈ ਹੈ। ਖਬਰਾਂ ਮਿਲ ਰਹੀਆਂ ਹਨ ਕਿ ਅਜਿਹੇ ਹੋਰ ਹਮਲਿਆਂ ਦੀ ਧਮਕੀ ਵੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੀਸਰੇ ਤੋਂ ਇਲਾਵਾ ਦੋ ਸ਼ੱਕੀ ਹਮਲਾਵਰ ਸਕੇ ਭਰਾ ਦੱਸੇ ਜਾਂਦੇ ਸਨ, ਜਿਨ੍ਹਾਂ ਦੇ ਬੈਗ ‘ਚ ਬੰਬ ਸਨ ਜਿਨ੍ਹਾਂ ਨੇ ਹਵਾਈ ਅੱਡੇ ‘ਤੇ ਖੁਦ ਨੂੰ ਧਮਾਕੇ ਨਾਲ ਉਡਾ ਲਿਆ ਸੀ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …