ਵਧੇਰੇ ਨਿਵੇਸ਼ ਕਰਨ ਲਈ ਆਪਣੇ ਖਰਚਿਆਂ ‘ਚ ਕਟੌਤੀ ਕਰਨੀ ਹੋਵੇਗੀ : ਮਾਰਕ ਕਾਰਨੀ
ਫੈਡਰਲ ਸਰਕਾਰ ਵਲੋਂ 4 ਨਵੰਬਰ ਨੂੰ ਬਜਟ ਕੀਤਾ ਜਾਵੇਗਾ ਪੇਸ਼
ਟੋਰਾਂਟੋ/ਬਿਊਰੋ ਨਿਊਜ਼ : ਬਜਟ ਤੋਂ ਪਹਿਲਾਂ ਕੈਨੇਡਾ ਨੂੰ ਕੀਤੇ ਗਏ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਜਿਹੇ ਨਿਵੇਸ਼ ਦਾ ਤਹੱਈਆ ਪ੍ਰਗਟਾਇਆ, ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਦੇ ਵੀ ਕੰਮ ਆਵੇਗਾ। ਉਨ੍ਹਾਂ ਇਹ ਵੀ ਆਖਿਆ ਕਿ ਅਰਥਚਾਰੇ ਦੀ ਨੁਹਾਰ ਬਦਲਣ ਲਈ ਕੁੱਝ ਬਲੀਦਾਨ ਵੀ ਕਰਨੇ ਪੈਣਗੇ।
ਬੁੱਧਵਾਰ ਸ਼ਾਮ ਨੂੰ ਕਾਰਨੀ ਨੇ ਓਟਵਾ ਵਿੱਚ ਕੁੱਝ ਯੂਨੀਵਰਸਿਟੀ ਦੇ ਵਿਦਿਆਰਥੀਆਂ ਅੱਗੇ ਭਾਸ਼ਣ ਦਿੰਦਿਆਂ ਆਖਿਆ ਕਿ ਇਹ ਸਾਡਾ ਦੇਸ਼ ਹੈ ਤੇ ਤੁਹਾਡਾ ਭਵਿੱਖ ਹੈ। ਅਸੀਂ ਤੁਹਾਡੇ ਲਈ ਕੁੱਝ ਕਰਕੇ ਜਾਣਾ ਚਾਹੁੰਦੇ ਹਾਂ।
ਫੈਡਰਲ ਸਰਕਾਰ ਵੱਲੋਂ 4 ਨਵੰਬਰ ਨੂੰ ਬਜਟ ਪੇਸ਼ ਕੀਤਾ ਜਾਣਾ ਹੈ ਤੇ ਇਸ ਲਈ ਕਾਰਨੀ ਵੱਲੋਂ ਇਸ ਭਾਸ਼ਣ ਵਿੱਚ ਕਿਸੇ ਤਰ੍ਹਾਂ ਦੇ ਬਜਟ ਸਬੰਧੀ ਖੁਲਾਸੇ ਨਹੀਂ ਕੀਤੇ ਗਏ ਪਰ ਸਰਕਾਰ ਦੇ ਆਰਥਿਕ ਪਲੈਨ ਬਾਰੇ ਕੁੱਝ ਗੱਲਾਂ ਸਾਹਮਣੇ ਜ਼ਰੂਰ ਆਈਆਂ। ਕਾਰਨੀ ਨੇ ਵੱਖ-ਵੱਖ ਕਾਰੋਬਾਰੀ ਭਾਈਵਾਲਾਂ ਉੱਤੇ ਨਿਰਭਰਤਾ ਵਧਾਉਣ, ਇਮੀਗ੍ਰੇਸ਼ਨ ਸਬੰਧੀ ਯੋਜਨਾਵਾਂ ਦੇ ਨਾਲ-ਨਾਲ ਨਵੇਂ ਹੁਨਰ ਨੂੰ ਆਕਰਸ਼ਿਤ ਕਰਨ ਦੀਆਂ ਗੱਲਾਂ ਆਖੀਆਂ। ਇਸ ਦੇ ਨਾਲ ਹੀ ਉਨ੍ਹਾਂ ਵਾਤਾਵਰਣ ਸਬੰਧੀ ਮੁਕਾਬਲੇਬਾਜ਼ੀ ਦਾ ਵੀ ਜ਼ਿਕਰ ਕੀਤਾ। ਮਾਰਕ ਕਾਰਨੀ ਨੇ ਆਪਣੇ ਪਹਿਲਾਂ ਵਾਲੇ ਸੁਨੇਹੇ ਨੂੰ ਦੁਹਰਾਉਂਦਿਆਂ ਆਖਿਆ ਕਿ ਸਾਨੂੰ ਵਧੇਰੇ ਨਿਵੇਸ਼ ਕਰਨ ਲਈ ਆਪਣੇ ਖਰਚਿਆਂ ਵਿੱਚ ਕਟੌਤੀ ਕਰਨੀ ਹੋਵੇਗੀ। ਆਪਣੇ ਭਾਸ਼ਣ ਦੌਰਾਨ ਕਾਰਨੀ ਨੇ ਅਗਲੇ ਦਹਾਕੇ ਵਿੱਚ ਗੈਰ ਅਮਰੀਕੀ ਐਕਸਪੋਰਟ ਦੁੱਗਣਾ ਕਰਨ ਦਾ ਤਹੱਈਆ ਵੀ ਪ੍ਰਗਟਾਇਆ। ਜ਼ਿਕਰਯੋਗ ਹੈ ਕਿ ਲਿਬਰਲਾਂ ਨੇ ਆਪਣੇ ਇਲੈਕਸ਼ਨ ਪਲੇਟਫਾਰਮ ਵਿੱਚ ਇਹ ਵਾਅਦਾ ਕੀਤਾ ਸੀ ਕਿ 2028 ਤੱਕ ਆਮਦਨ ਨੂੰ ਲੀਹ ਉੱਤੇ ਲਿਆਉਣ ਲਈ 15 ਬਿਲੀਅਨ ਡਾਲਰ ਦੀ ਬਚਤ ਕਰਨਗੇ। ਇਸ ਬਾਰੇ ਕੈਬਨਿਟ ਮੰਤਰੀਆਂ ਨੂੰ ਅਗਲੇ ਤਿੰਨ ਸਾਲਾਂ ਵਿੱਚ ਰੋਜ਼ਾਨਾ ਦੇ ਖਰਚਿਆਂ ਵਿੱਚ ਕਟੌਤੀ ਕਰਨ ਦੀਆਂ ਹਦਾਇਤਾਂ ਦਿੱਤੀਆਂ ਵੀ ਜਾ ਚੁੱਕੀਆਂ ਹਨ।
ਮਾਰਕ ਕਾਰਨੀ ਨੇ ਵਿਰੋਧੀ ਧਿਰ ਦੇ ਨੇਤਾਵਾਂ ਨਾਲ ਕੀਤੀ ਮੁਲਾਕਾਤ
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਉਣ ਵਾਲੇ ਬਜਟ ਭਾਸ਼ਣ ਤੋਂ ਪਹਿਲਾਂ ਵਿਰੋਧੀ ਧਿਰਾਂ ਦੇ ਨੇਤਾਵਾਂ ਨਾਲ ਮਹੱਤਵਪੂਰਨ ਮੁਲਾਕਾਤ ਕੀਤੀ। ਇਹ ਮੀਟਿੰਗ ਆਰਥਿਕ ਨੀਤੀਆਂ, ਮਹਿੰਗਾਈ ਕਾਬੂ ਕਰਨ ਦੇ ਉਪਾਵਾਂ ਅਤੇ ਘਰੇਲੂ ਖਰਚ ਘਟਾਉਣ ਤੇ ਕੇਂਦ੍ਰਿਤ ਰਹੀ। ਸੂਤਰਾਂ ਮੁਤਾਬਕ, ਕਾਰਨੀ ਨੇ ਹਰ ਪਾਰਟੀ ਦੇ ਨੇਤਾਵਾਂ ਨਾਲ ਖੁੱਲ੍ਹੇ ਤੌਰ ‘ਤੇ ਵਿਚਾਰ-ਵਟਾਂਦਰਾ ਕੀਤਾ ਤਾਂ ਜੋ ਬਜਟ ਨੂੰ ਸੰਤੁਲਿਤ ਅਤੇ ਲੋਕ-ਹਿਤੈਸ਼ੀ ਬਣਾਇਆ ਜਾ ਸਕੇ। ਵਿਰੋਧੀ ਧਿਰਾਂ ਨੇ ਵੀ ਘੱਟ ਆਮਦਨੀ ਵਾਲੇ ਪਰਿਵਾਰਾਂ ਲਈ ਟੈਕਸ ਰਾਹਤ ਅਤੇ ਘਰਾਂ ਦੀ ਕੀਮਤਾਂ ‘ਤੇ ਨਿਯੰਤਰਣ ਦੀ ਮੰਗ ਰੱਖੀ। ਆਰਥਿਕ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਕਦਮ ਸਰਕਾਰ ਦੀ ਸਹਿਮਤੀ ਬਣਾਉਣ ਦੀ ਕੋਸ਼ਿਸ਼ ਦਰਸਾਉਂਦਾ ਹੈ। ਉਮੀਦ ਹੈ ਕਿ ਪ੍ਰਧਾਨ ਮੰਤਰੀ ਦਾ ਆਉਣ ਵਾਲਾ ਬਜਟ ਭਾਸ਼ਣ ਲੋਕਾਂ ਲਈ ਖ਼ਰਚ ਘਟਾਉਣ, ਰੋਜ਼ਗਾਰ ਮੌਕੇ ਵਧਾਉਣ ਅਤੇ ਨਿਵੇਸ਼ ਪ੍ਰੋਤਸਾਹਨ ਦੇ ਖੇਤਰਾਂ ‘ਚ ਨਵੇਂ ਐਲਾਨ ਕਰੇਗਾ। ਮਾਰਕ ਕਾਰਨੀ ਦੀ ਇਹ ਰਾਜਨੀਤਿਕ ਰਣਨੀਤੀ ਕੈਨੇਡਾ ਦੀ ਆਰਥਿਕ ਦਿਸ਼ਾ ‘ਤੇ ਡੂੰਘਾ ਪ੍ਰਭਾਵ ਪਾ ਸਕਦੀ ਹੈ।

