-2.3 C
Toronto
Saturday, December 13, 2025
spot_img
Homeਹਫ਼ਤਾਵਾਰੀ ਫੇਰੀਸੌਂਕਣਾਂ ਵਾਂਗ ਲੜੇ ਭਗਵੰਤ ਤੇ ਖਹਿਰਾ

ਸੌਂਕਣਾਂ ਵਾਂਗ ਲੜੇ ਭਗਵੰਤ ਤੇ ਖਹਿਰਾ

ਪੰਜਾਬ ਦੇ ਦੋਵੇਂ ਆਗੂਆਂ ਭਗਵੰਤ ਮਾਨ ਤੇ ਸੁਖਪਾਲ ਖਹਿਰਾ ਨੂੰ ਆਹਮੋ-ਸਾਹਮਣੇ ਕਰਾ ਕੇ ਹੁਣ ਕੇਜਰੀਵਾਲ ਆਖ ਰਹੇ ਇਹ ਤਾਂ ਸਾਡਾ ਪਰਿਵਾਰਕ ਮਸਲਾ
ਚੰਡੀਗੜ੍ਹ : ਪੰਜਾਬ ਵਿਚ ਆਮ ਆਦਮੀ ਪਾਰਟੀ ਖੇਰੂੰ-ਖੇਰੂੰ ਹੁੰਦੀ ਨਜ਼ਰ ਆ ਰਹੀ ਹੈ। ਖਹਿਰਾ ਧੜੇ ਅਤੇ ਭਗਵੰਤ ਧੜੇ ‘ਚ ਵੰਡੀ ਗਈ ਪੰਜਾਬ ਇਕਾਈ ਦੀਆਂ ਦੋਵੇਂ ਧਿਰਾਂ ਖੁਦ ਨੂੰ ਅਸਲੀ ਆਮ ਆਦਮੀ ਪਾਰਟੀ ਦੱਸ ਰਹੀਆਂ ਹਨ। ਕਾਟੋ-ਕਲੇਸ਼ ਇਥੋਂ ਤੱਕ ਸਿਖਰ ‘ਤੇ ਪਹੁੰਚ ਗਿਆ ਕਿ ਜਿਸ ਕੰਵਰ ਸੰਧੂ ਤੋਂ ਕਿਸੇ ਸਮੇਂ ਭਗਵੰਤ ਮਾਨ ਸਲਾਹ ਲਿਆ ਕਰਦੇ ਸਨ, ਅੱਜ ਉਸੇ ਕੰਵਰ ਸੰਧੂ ਨੂੰ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ‘ਚ ਸਿੱਧੇ ਸਵਾਲ ਪੁੱਛੇ ਕਿ ਉਹ ਜਵਾਬ ਦੇਣ ਕਿ ਉਨ੍ਹਾਂ ਕਿਸ ਵਰਕਰ ਦਾ ਹੱਕ ਮਾਰ ਕੇ ਖਰੜ ਤੋਂ ਟਿਕਟ ਹਾਸਲ ਕੀਤੀ ਹੈ, ਕਿ ਉਹ ਜਵਾਬ ਦੇਣ ਕਿ ਉਨ੍ਹਾਂ ਕਿੰਨੇ ਪੈਸੇ ਦੇ ਕੇ ਖਰੜ ਹਲਕੇ ਦੀ ਟਿਕਟ ਖਰੀਦੀ ਸੀ। ਜ਼ਿਕਰਯੋਗ ਹੈ ਕਿ ਬਠਿੰਡਾ ਰੈਲੀ ਵਿਚ ਕੰਵਰ ਸੰਧੂ ਹੁਰਾਂ ਨੇ ਮੰਚ ਤੋਂ ਕਿਹਾ ਸੀ ਕਿ ਦਿੱਲੀ ਹਾਈ ਕਮਾਂਡ ਨੇ 50 ਤੋਂ ਵੱਧ ਟਿਕਟਾਂ ਪੈਸੇ ਲੈ ਕੇ ਵੇਚੀਆਂ ਤੇ ਵਰਕਰਾਂ ਦੇ ਹੱਕ ਮਾਰ ਕੇ ਟਿਕਟਾਂ ਦਿੱਤੀਆਂ। ਭਗਵੰਤ ਮਾਨ ਸਿੱਧੇ ਹੀ ਸੁਖਪਾਲ ਖਹਿਰਾ ‘ਤੇ ਵਰ੍ਹੇ ਤੇ ਉਨ੍ਹਾਂ ਸਾਫ਼ ਲਫ਼ਜ਼ਾਂ ‘ਚ ਆਖਿਆ ਕਿ ਜਿਸ ਦਿਨ ਤੱਕ ਖਹਿਰਾ ਕੋਲ ਕੁਰਸੀ ਸੀ, ਉਸ ਦਿਨ ਤੱਕ ਕੇਜਰੀਵਾਲ ਚੰਗਾ ਸੀ ਤੇ ਕੁਰਸੀ ਖੁਸਦਿਆਂ ਹੀ ਖੁਦਮੁਖਤਿਆਰੀ ਚੇਤੇ ਆ ਗਈ। ਭਗਵੰਤ ਨੇ ਆਖਿਆ ਕਿ ਖਹਿਰਾ ਕੁਰਸੀ ਖੁੱਸਣ ਦੀ ਲੜਾਈ ਨੂੰ ਪੰਜਾਬ ਤੇ ਪੰਜਾਬੀਅਤ ਦੀ ਲੜਾਈ ਦੱਸ ਰਿਹਾ ਹੈ। ਦੂਜੇ ਪਾਸੇ ਸੁਖਪਾਲ ਖਹਿਰਾ ਨੇ ਵੀ ਭਗਵੰਤ ‘ਤੇ ਮੋੜਵੇਂ ਹਮਲੇ ਕੀਤੇ, ਨਾਲੇ ਛੋਟਾ ਭਰਾ ਦੱਸਿਆ ਤੇ ਨਾਲੇ ਕਿਹਾ ਕਿ ਭਗਵੰਤ ਤੋਂ ਇਹ ਉਮੀਦ ਨਹੀਂ ਸੀ ਕਿ ਉਹ ਦਿੱਲੀ ਵਾਲਿਆਂ ਦੇ ਹੱਥਾਂ ਵਿਚ ਖੇਡ ਜਾਵੇਗਾ। ਖਹਿਰਾ ਨੇ ਤਾਂ ਇਹ ਵੀ ਆਖਿਆ ਕਿ ਭਗਵੰਤ ਦਾ ਅਸਤੀਫ਼ਾ ਇਕ ਡਰਾਮਾ ਸੀ। ਇਕ ਪਾਸੇ ਆਮ ਆਦਮੀ ਪਾਰਟੀ ਦੀ ਦਿੱਲੀ ਹਾਈ ਕਮਾਂਡ ਨੇ ਪੰਜਾਬ ਦੇ ਦੋ ਦਿੱਗਜ਼ ਲੀਡਰਾਂ ਨੂੰ ਆਹਮੋ-ਸਾਹਮਣੇ ਕਰਵਾ ਕੇ ਉਨ੍ਹਾਂ ਵਿਚ ਸ਼ਬਦੀ ਜੰਗ ਛੇੜ ਦਿੱਤੀ ਤੇ ਦੂਜੇ ਪਾਸੇ ਵੀਰਵਾਰ ਨੂੰ ਅਰਵਿੰਦ ਕੇਜਰੀਵਾਲ ਆਖਦੇ ਹਨ ਕਿ ਇਹ ਤਾਂ ਸਾਡਾ ਪਰਿਵਾਰਕ ਮਸਲਾ ਹੈ, ਅਸੀਂ ਨਬੇੜ ਲਵਾਂਗੇ। ਪਰ ਹਕੀਕਤ ਇਹ ਹੈ ਕਿ ਭਾਂਡਾ ਹੁਣ ਚੌਕ ਵਿਚ ਫੁੱਟ ਚੁੱਕਿਆ ਹੈ, ਹੁਣ ਪਿਛਾਂਹ ਮੁੜਨਾ ਮੁਸ਼ਕਿਲ ਹੋਵੇਗਾ।

RELATED ARTICLES
POPULAR POSTS