Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ਦੇ ਸਿਆਸੀ ਪਿੜ ‘ਚੋਂ ਡੇਰਾ ਸਿਰਸਾ ਹੋਇਆ ਮਨਫ਼ੀ

ਪੰਜਾਬ ਦੇ ਸਿਆਸੀ ਪਿੜ ‘ਚੋਂ ਡੇਰਾ ਸਿਰਸਾ ਹੋਇਆ ਮਨਫ਼ੀ

ਵਿਵਾਦਾਂ ਅਤੇ ਰਾਹ ਰਹੀਮ ਦੇ ਜੇਲ੍ਹ ‘ਚ ਹੋਣ ਕਰਕੇ ਸਿਆਸਤਦਾਨ ਤੇ ਵੋਟਰਾਂ ਨੇ ਡੇਰੇ ਤੋਂ ਬਣਾਈ ਦੂਰੀ
ਜਲੰਧਰ/ਬਿਊਰੋ ਨਿਊਜ਼
ਮਾਲਵਾ ਖੇਤਰ ਦੇ ਪੰਜ ਜ਼ਿਲ੍ਹਿਆਂ ਸੰਗਰੂਰ, ਮਾਨਸਾ, ਬਠਿੰਡਾ, ਫ਼ਰੀਦਕੋਟ ਤੇ ਮੁਕਤਸਰ ਵਿਚ ਫੈਲੇ ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰ ਹੁਣ ਵੱਡੇ ਪੱਧਰ ‘ਤੇ ਉਖੜ ਗਏ ਹਨ ਤੇ ਪਿਛਲਾ ਕਰੀਬ ਡੇਢ ਦਹਾਕਾ ਇਸ ਖੇਤਰ ਦੀ ਸਿਆਸਤ ਵਿਚ ਤਹਿਲਕਾ ਮਚਾਉਂਦੇ ਆ ਰਹੇ ਡੇਰੇ ਦਾ ਵੋਟ ਸਿਆਸਤ ਵਿਚ ਪ੍ਰਭਾਵ ਵੀ ਬੇਹੱਦ ਸੀਮਤ ਹੋ ਕੇ ਰਹਿ ਗਿਆ ਹੈ। ਫ਼ਰੀਦਕੋਟ ਖੇਤਰ ਵਿਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਵਿਚ ਡੇਰਾ ਪ੍ਰੇਮੀਆਂ ਦੀ ਸ਼ਮੂਲੀਅਤ ਦਾ ਪਰਦਾਫਾਸ਼ ਹੋਣ ਤੋਂ ਬਾਅਦ ਡੇਰਾ ਪ੍ਰੇਮੀਆਂ ਦਾ ਵੱਡਾ ਹਿੱਸਾ ਉਨ੍ਹਾਂ ਤੋਂ ਕਿਨਾਰਾ ਕਰ ਗਿਆ ਹੈ।
ਡੇਰਾ ਸਿਰਸਾ ਦੇ ਮੁਖੀ ਨੂੰ ਜਬਰ ਜਨਾਹ ਦੇ ਕੇਸ ਵਿਚ ਕੈਦ ਹੋਣ ਤੇ ਫਿਰ ਬੇਅਦਬੀ ਮਾਮਲੇ ਵਿਚ ਡੇਰਾ ਪ੍ਰੇਮੀਆਂ ਦੀਆਂ ਗ੍ਰਿਫ਼ਤਾਰੀਆਂ ਕਾਰਨ ਹੁਣ ਸਿਆਸੀ ਪਾਰਟੀਆਂ ਵਾਲੇ ਵੀ ਡੇਰੇ ਦੀ ਹਮਾਇਤ ਹਾਸਲ ਕਰਨ ਤੋਂ ਤੋਬਾ ਕਰ ਰਹੇ ਹਨ। ਪੰਜਾਂ ਜ਼ਿਲ੍ਹਿਆਂ ਵਿਚ ਵੱਖ-ਵੱਖ ਖੇਤਰਾਂ ਵਿਚ ਵਿਚਰਨ ਵਾਲੇ ਲੋਕਾਂ, ਸਿਆਸੀ ਆਗੂਆਂ, ਪੱਤਰਕਾਰਾਂ ਤੇ ਬੁੱਧੀਜੀਵੀਆਂ ਤੋਂ ਕੀਤੀ ਪੜਤਾਲ ਅਤੇ ਸਰਕਾਰੀ ਖੁਫ਼ੀਆ ਤੰਤਰ ਦੀਆਂ ਰਿਪੋਰਟਾਂ ਤੋਂ ਇਹੀ ਗੱਲ ਸਾਹਮਣੇ ਆ ਰਹੀ ਹੈ ਕਿ ਡੇਰੇ ਦੀਆਂ ਸਰਗਰਮੀਆਂ ਤੋਂ ਪ੍ਰਭਾਵਿਤ ਹੋਣ ਵਾਲੇ ਆਮ ਲੋਕ ਵੱਡੀ ਪੱਧਰ ‘ਤੇ ਡੇਰੇ ਦੀ ਗੱਡੀ ਤੋਂ ਲਹਿ ਚੁੱਕੇ ਹਨ ਤੇ ਸਿਰਫ਼ ਮੂਹਰਲੀ ਕਤਾਰ ਵਾਲੇ ਆਗੂ ਜਾਂ ਕੱਟੜ ਸਮਰਥਕ ਹੀ ਉਨ੍ਹਾਂ ਦੇ ਨਾਲ ਖੜ੍ਹੇ ਹਨ।
ਡੇਰੇ ਦੇ ਸਭ ਤੋਂ ਸਰਗਰਮ ਰਹੇ ਖੇਤਰ ਕੋਟਕਪੂਰਾ, ਬਾਜਾਖਾਨਾ, ਸਲਾਬਤਪੁਰਾ ਤੇ ਭਗਤਾ ਭਾਈ ਵਿਚ ਇਸ ਵੇਲੇ ਪਹਿਲੀ ਕਤਾਰ ਦੇ ਕੱਟੜ ਡੇਰਾ ਪ੍ਰੇਮੀ ਤਾਂ ਅਜੇ ਵੀ ਸਮਰਥਕ ਹਨ, ਪਰ ਪੂਰੀ ਤਰ੍ਹਾਂ ਚੁੱਪ ਵੱਟੀ ਬੈਠੇ ਹਨ। ਜਦਕਿ ਵਹਾਅ ਵਿਚ ਆ ਕੇ ਜੁੜੀ ਆਮ ਜਨਤਾ ਵੱਡੀ ਪੱਧਰ ‘ਤੇ ਡੇਰੇ ਵਲੋਂ ਮੂੰਹ ਮੋੜ ਗਈ ਹੈ। ਪਤਾ ਲੱਗਾ ਹੈ ਕਿ ਬਰਗਾੜੀ ਨੇੜਲੇ ਪਿੰਡ ਗੁਰੂਸਰ ਵਿਚ ਡੇਰੇ ਦਾ ਵੱਡਾ ਸਟੋਰ ਸੀ। ਇਸ ਸਟੋਰ ਤੋਂ ਡੇਰੇ ਵਿਚ ਬਣੇ ਬਿਸਕੁਟ, ਕਰਿਆਨਾ, ਰੈਡੀਮੇਡ ਗਾਰਮੈਂਟਸ ਸਮੇਤ ਹੋਰ ਅਨੇਕ ਕਿਸਮ ਦੀਆਂ ਵਸਤਾਂ ਪਿੰਡਾਂ ਦੇ ਭੰਗੀਦਾਸਾਂ ਦੀਆਂ ਦੁਕਾਨਾਂ ਨੂੰ ਸਪਲਾਈ ਹੁੰਦੀਆਂ ਸਨ। ਇਸ ਸਟੋਰ ਤੋਂ ਹਰ ਰੋਜ਼ ਲੱਖਾਂ ਰੁਪਏ ਦਾ ਮਾਲ ਸਪਲਾਈ ਹੁੰਦਾ ਸੀ। ਇਹ ਸਟੋਰ ਹੁਣ ਪਿਛਲੇ ਕਰੀਬ ਦੋ ਸਾਲ ਤੋਂ ਬੰਦ ਹੈ।
ਬਾਜਾਖਾਨਾ ਵਿਚ ਚਲਦੀਆਂ ਤਿੰਨ ਦੁਕਾਨਾਂ ਬੰਦ ਹੋ ਗਈਆਂ ਹਨ। ਮਾਲਵੇ ਦੇ ਪੰਜਾਂ ਜ਼ਿਲ੍ਹਿਆਂ ਵਿਚ ਵੱਡੇ ਪਿੰਡਾਂ ਤੇ ਕਸਬਿਆਂ ਵਿਚੋਂ ਡੇਰੇ ਨੇ ਖੁਦ ਪ੍ਰੇਮੀਆਂ ਰਾਹੀਂ ਦੁਕਾਨਾਂ ਖੋਲ੍ਹ ਰੱਖੀਆਂ ਸਨ ਤੇ ਛੋਟੇ ਪਿੰਡਾਂ ਵਿਚ ਪ੍ਰੇਮੀ ਆਪਣੇ ਘਰਾਂ ਰੱਖ ਕੇ ਸਮਾਨ ਵੇਚਦੇ ਸਨ। ਅਜਿਹੀ ਵਪਾਰਕ ਸਰਗਰਮੀ ਹੁਣ ਸਾਰੇ ਜ਼ਿਲ੍ਹਿਆਂ ਵਿਚ ਵੀ ਬੇਹੱਦ ਸੀਮਤ ਹੋ ਗਈ ਹੈ। ਬੁਢਲਾਡਾ ਹਲਕੇ ਵਿਚ ਪੈਂਦੇ ਪਿੰਡ ਦਰੀਆਪੁਰ ਦੇ ਸਾਬਕਾ ਸਰਪੰਚ ਨੇ ਦੱਸਿਆ ਕਿ ਸ਼ੁਰੂ ਵਿਚ 300 ਘਰਾਂ ਵਾਲੇ ਪਿੰਡਾਂ ਵਿਚੋਂ 100 ਦੇ ਕਰੀਬ ਘਰਾਂ ਵਾਲੇ ਡੇਰੇ ਜਾਣ ਲੱਗ ਪਏ ਸਨ ਪਰ ਹੁਣ ਸਿਰਫ਼ ਇਕ ਪਰਿਵਾਰ ਡੇਰੇ ਨਾਲ ਜੁੜਿਆ ਰਹਿ ਗਿਆ। ਮਾਨਸਾ ਜ਼ਿਲ੍ਹੇ ਦੇ ਇਕ ਨਿੱਜੀ ਕਾਲਜ ਵਿਚ ਪ੍ਰਿੰਸੀਪਲ ਦਾ ਵੀ ਕਹਿਣਾ ਹੈ ਕਿ ਡੇਰੇ ਵਲੋਂ ਆਮ ਲੋਕਾਂ ਦੇ ਦੰਦ ਖੱਟੇ ਹੋ ਗਏ ਹਨ ਤੇ ਪਹਿਲੀ ਕਤਾਰ ਦੇ ਆਗੂਆਂ ਨੂੰ ਛੱਡ ਆਮ ਲੋਕ ਡੇਰੇ ਤੋਂ ਮੂੰਹ ਭਵਾਂ ਗਏ ਹਨ।
ਡੇਰਾ ਸਿਰਸਾ ਦੇ ਸਿਆਸੀ ਵਿੰਗ ਨੇ ਵੀ ਤੋੜਿਆ ਦਮ
ਕਿਸੇ ਸਮੇਂ ਸਿਆਸੀ ਪਾਰਟੀਆਂ ਨੂੰ ਚੱਕਰਵਿਊ ਵਿਚ ਪਾਉਣ ਲਈ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਬਣਾਇਆ ਗਿਆ ਸਿਆਸੀ ਵਿੰਗ ਪੂਰੀ ਤਰ੍ਹਾਂ ਖਿੱਲਰ ਗਿਆ ਨਜ਼ਰ ਆ ਰਿਹਾ ਹੈ। ਡੇਰੇ ਦੀ ਤਾਕਤ ਵੱਡੀ ਪੱਧਰ ‘ਤੇ ਖੁਰ ਜਾਣ ਕਾਰਨ ਹੀ ਹੁਣ ਪੰਜਾਬ ਦੇ ਸਿਆਸੀ ਆਗੂ ਡੇਰੇ ਤੋਂ ਦੂਰੀ ਰੱਖਣ ਦੇ ਬਿਆਨਾਂ ਵਿਚ ਇਕ ਦੂਜੇ ਨਾਲੋਂ ਅੱਗੇ ਨਿਕਲ ਰਹੇ ਹਨ। ਖੁਫ਼ੀਆ ਤੰਤਰ ਦੀਆਂ ਰਿਪੋਰਟਾਂ ਵਿਚ ਇਸ ਗੱਲ ਦੀ ਸਪੱਸ਼ਟ ਝਲਕ ਮਿਲਦੀ ਹੈ ਕਿ ਪੰਜਾਬ ਅੰਦਰ ਡੇਰੇ ਦੇ ਬੱਝਵੇਂ ਵਜੂਦ ਨੂੰ ਲਕਵਾ ਮਾਰ ਗਿਆ ਹੈ ਤੇ ਡੇਰੇ ਨਾਲ ਜੁੜੇ ਬਹੁਤੇ ਲੋਕ ਬੇਅਦਬੀ ਘਟਨਾਵਾਂ ਵਿਚ ਨਾਮ ਆਉਣ ਤੋਂ ਬਾਅਦ ਬੇਹੱਦ ਨਮੋਸ਼ੀ ਨਾਲ ਭਰ ਗਏ ਹਨ। ਇਨ੍ਹਾਂ ਰਿਪੋਰਟਾਂ ਮੁਤਾਬਕ ਡੇਰੇ ਦਾ ਧਾਰਮਿਕ ਤੇ ਵਪਾਰਕ ਤੌਰ ‘ਤੇ ਲੱਕ ਟੁੱਟ ਚੁੱਕਾ ਹੈ ਤੇ ਸਿਆਸਤਦਾਨਾਂ ਨੇ ਵੀ ਵੇਲੇ ਦੀ ਨਜ਼ਾਕਤ ਨੂੰ ਸਮਝਦਿਆਂ ਪਾਸਾ ਵੱਟਣ ਵਿਚ ਹੀ ਭਲਾ ਸਮਝਣਾ ਸ਼ੁਰੂ ਕਰ ਦਿੱਤਾ ਹੈ।
ਬੀਤੇ ਦੋ ਸਾਲਾਂ ਤੋਂ ਡੇਰਾ ਸਿਰਸਾ ਦੀਆਂ ਸਰਗਰਮੀਆਂ ਵੀ ਠੱਪ
ਪਿਛਲੇ ਦੋ ਸਾਲ ਤੋਂ ਡੇਰੇ ਦੀਆਂ ਲਗਪਗ ਠੱਪ ਪਈਆਂ ਸਰਗਰਮੀਆਂ ਨੂੰ ਮੁੜ ਆਰੰਭ ਕਰਨ ਦਾ ਜ਼ੇਰਾ ਕਰਨ ਵਾਲਾ ਵੀ ਕੋਈ ਨਜ਼ਰ ਨਹੀਂ ਆ ਰਿਹਾ। ਪੰਜਾਬ ਅੰਦਰਲੇ 300 ਦੇ ਕਰੀਬ ਨਾਮ ਚਰਚਾ ਘਰਾਂ ਵਿਚੋਂ ਕੁਝ ਕੁ ਨਾਮ ਚਰਚਾ ਘਰਾਂ ਵਿਚ ਹਫ਼ਤਾਵਾਰੀ ਸਤਿਸੰਗ ਹੁੰਦਾ ਹੈ, ਪਰ ਇਸ ਵਿਚ ਵੀ ਨਾ ਤਾਂ ਪਹਿਲਾਂ ਵਾਂਗ ਭੀੜ ਇਕੱਠੀ ਹੁੰਦੀ ਹੈ ਤੇ ਨਾ ਹੀ ਉਤਸ਼ਾਹ। ਅਹਿਮ ਗੱਲ ਇਹ ਹੈ ਕਿ ਇਨ੍ਹਾਂ ਥਾਵਾਂ ਉੱਪਰ ਪੁਰਾਣੇ ਜੁੜੇ ਕੁਝ ਲੋਕ ਹੀ ਜਾਂਦੇ ਹਨ, ਨਵੇਂ ਲੋਕਾਂ ਦੇ ਰਲਣ ਦਾ ਸਿਲਸਿਲਾ ਤਾਂ ਪੂਰੀ ਤਰ੍ਹਾਂ ਠੱਪ ਹੀ ਦੱਸਿਆ ਜਾਂਦਾ ਹੈ।

Check Also

ਅਦਾਰਾ ਪਰਵਾਸੀ ਵੱਲੋਂ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਖ਼ਾਲਸਾ ਪੰਥ ਦਾ ਜਨਮ ਦਿਹਾੜਾ ਹੈ ਵਿਸਾਖੀ, ਘਰ ਵਿਚ ਅਨਾਜ਼ ਦੇ ਰੂਪ ਵਿਚ ਆਈਆਂ ਖੁਸ਼ੀਆਂ …