ਕੈਪਟਨ ਸਰਕਾਰ, ਸ਼੍ਰੋਮਣੀ ਕਮੇਟੀ ਦੇ ਗੰਭੀਰ ਨੋਟਿਸ ਤੋਂ ਬਾਅਦ ਸੁਸ਼ਮਾ ਨੇ ਝਿੜਕਿਆ ਪਾਕਿ ਪ੍ਰਸ਼ਾਸਨ ਨੂੰ
ਨਵੀਂ ਦਿੱਲੀ : ਪਾਕਿਸਤਾਨ ਵਿਚ ਰਹਿਣ ਵਾਲੇ ਸਿੱਖਾਂ ਦਾ ਜਬਰੀ ਧਰਮ ਪਰਿਵਰਤਨ ਕਰਵਾਏ ਜਾਣ ਦੇ ਮੁੱਦੇ ਦਾ ਭਾਰਤ ਨੇ ਸਖਤ ਨੋਟਿਸ ਲਿਆ ਹੈ। ਪਾਕਿ ਮੀਡੀਆ ਵਿਚ ਆਈਆਂ ਇਸ ਸਬੰਧੀ ਖਬਰਾਂ ਦਾ ਨੋਟਿਸ ਲੈਂਦੇ ਹੋਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮੰਗਲਵਾਰ ਨੂੰ ਟਵੀਟ ਕੀਤਾ ਕਿ ਇਹ ਸਧਾਰਨ ਮਾਮਲਾ ਨਹੀਂ ਹੈ। ਅਸੀਂ ਇਸ ਮੁੱਦੇ ਨੂੰ ਪਾਕਿ ਸਰਕਾਰ ਸਾਹਮਣੇ ਉਚ ਪੱਧਰ ‘ਤੇ ਚੁੱਕਾਂਗੇ। ਪਾਕਿਸਤਾਨ ਦੇ ਕੁਝ ਅਖਬਾਰਾਂ ਅਤੇ ਨਿਊਜ਼ ਚੈਨਲਾਂ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਖੈਬਰ ਪਖਤੂਨਵਾ ਸੂਬੇ ਦੇ ਹੰਗੂ ਜ਼ਿਲ੍ਹੇ ਦੇ ਸਹਾਇਕ ਕਮਿਸ਼ਨਰ ਤਹਿਸੀਲ ਥਾਲ ਯਾਕੂਬ ਖਾਨ ਕਥਿਤ ਤੌਰ ‘ਤੇ ਸਿੱਖਾਂ ਨੂੰ ਜਬਰਨ ਇਸਲਾਮ ਕਬੂਲ ਕਰਨ ਲਈ ਮਜਬੂਰ ਕਰ ਰਿਹਾ ਹੈ। ਇਨ੍ਹਾਂ ਰਿਪੋਰਟਾਂ ਅਨੁਸਾਰ ਉਥੇ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਖੁਦ ਇਸ ਬਾਰੇ ਹੰਗੂ ਦੇ ਡੀਸੀ ਸ਼ਾਹਿਦ ਮਹਿਮੂਦ ਨੂੰ ਜਾਣੂ ਕਰਾਇਆ ਹੈ। ਡੀਸੀ ਨੂੰ ਦਿੱਤੀ ਗਈ ਇਕ ਸ਼ਿਕਾਇਤ ਵਿਚ ਫਰੀਦ ਚਾਂਦ ਸਿੰਘ ਨੇ ਕਿਹਾ ਕਿ 1901 ਤੋਂ ਇਸ ਇਲਾਕੇ ਵਿਚ ਸਿੱਖ ਭਾਈਚਾਰੇ ਦੇ ਲੋਕ ਮੁਸਲਮਾਨ ਭਾਈਚਾਰੇ ਦੇ ਨਾਲ ਰਹਿ ਰਹੇ ਹਨ। ਹੰਗੂ ਦੇ ਸਥਾਨਕ ਨਿਵਾਸੀਆਂ ਨੇ ਕਦੇ ਉਨ੍ਹਾਂ ਨੂੰ ਪਰੇਸ਼ਾਨ ਨਹੀਂ ਕੀਤਾ। ਪਹਿਲੀ ਵਾਰ ਧਰਮ ਪਰਿਵਰਤਨ ਲਈ ਸਾਡੇ ‘ਤੇ ਦਬਾਅ ਬਣਾਇਆ ਜਾ ਰਿਹਾ ਹੈ।
ਕੈਪਟਨ ਅਮਰਿੰਦਰ ਨੇ ਕੀਤੀ ਸੀ ਕੇਂਦਰ ਨੂੰ ਦਖਲ ਦੇਣ ਦੀ ਅਪੀਲ
ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਇਹ ਮਾਮਲਾ ਪਾਕਿ ਸਰਕਾਰ ਕੋਲ ਚੁੱਕਣ ਲਈ ਕਿਹਾ ਸੀ। ਕੈਪਟਨ ਨੇ ਚਿੰਤਾ ਪ੍ਰਗਟਾਈ ਕਿ ਜਬਰੀ ਕੋਈ ਕਿਵੇਂ ਧਰਮ ਪਰਿਵਰਤਨ ਕਰਵਾ ਸਕਦਾ ਹੈ।
ਪਾਕਿ ਅਧਿਕਾਰੀ ਨੂੰ ਮੁਅੱਤਲ ਕੀਤੇ ਜਾਣ ਦੀਆਂ ਚਰਚਾਵਾਂ
ਸੂਬਾ ਖ਼ੈਬਰ ਪਖਤੂਨਖਵਾ ਦੇ ਜ਼ਿਲ੍ਹਾ ਹੰਗੂ ਦੀ ਤਹਿਸੀਲ ਥਾਲ ਦੇ ਕਸਬਾ ਦੁਆਬਾ ਦੇ ਸਿੱਖ ਨੂੰ ਮੁਸਲਮਾਨ ਬਣਨ ਲਈ ਮਜ਼ਬੂਰ ਕਰਨ ਵਾਲੇ ਜ਼ਿਲ੍ਹਾ ਹੰਗੂ ਦੇ ਸਹਾਇਕ ਕਮਿਸ਼ਨਰ ਨੂੰ ਮੁਅੱਤਲ ਕਰਨ ਦੀਆਂ ਚਰਚਾਵਾਂ ਹਨ।
ਸਿੱਖ ਧਰਮ ਕਿਸੇ ‘ਚ ਦਖਲ ਨਹੀਂ ਦਿੰਦਾ ਤੇ ਜਬਰੀ ਧਰਮ ਪਰਿਵਰਤਨ ਅਸੀਂ ਸਹਿਣ ਨਹੀਂ ਕਰਾਂਗੇ। ਪਾਕਿ ‘ਚ ਗੁਰਦੁਆਰੇ ਢਾਹ ਕੇ ਪਲਾਜ਼ੇ ਬਣਾਉਣਾ ਵੀ ਸਾਨੂੰ ਮਨਜ਼ੂਰ ਨਹੀਂ।
ਜਥੇ. ਗਿਆਨੀ ਗੁਰਬਚਨ ਸਿੰਘ
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …